ਨਵੀਂ ਦਿੱਲੀ-ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ੧੮ ਜੂਨ ਵਿੱਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨਿੱਝਰ ਖਾਲਿਸਤਾਨ ਦੀ ਵੱਖਵਾਦੀ ਵਿਚਾਰਧਾਰਾ ਦਾ ਬੁਲੰਦ ਸਮਰਥਕ ਸੀ, ਜੋ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਵਕਾਲਤ ਕਰਦਾ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਦੇ ਜਵਾਬ ‘ਚ ਕੈਨੇਡਾ ਸਰਕਾਰ ਨੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਦੇਸ਼ ‘ਚੋਂ ਕੱਢ ਦਿੱਤਾ ਹੈ। ਪਵਨ ਕੁਮਾਰ ਰਾਏ 1997 ਦੇ ਪੰਜਾਬ ਕੇਡਰ ਦੇ ਸੀਨੀਅਰ ਭਾਰਤੀ ਪੁਲਸ ਸੇਵਾ (ਆਈਪੀਐੱਸ) ਅਧਿਕਾਰੀ ਹਨ ਅਤੇ 2010 ਵਿੱਚ ਕੇਂਦਰੀ ਡੈਪੂਟੇਸ਼ਨ ਚੁਣਨ ਤੋਂ ਪਹਿਲਾਂ ਉਨ੍ਹਾਂ ਪੰਜਾਬ ‘ਚ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹ 2000 ਦੇ ਦਹਾਕੇ ਦੇ ਅਖੀਰ ਵਿੱਚ ਜਲੰਧਰ ਅਤੇ ਅੰਮ੍ਰਿਤਸਰ ‘ਚ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਦੇ ਅਹੁਦੇ ‘ਤੇ ਰਹੇ। 31 ਜਨਵਰੀ ਨੂੰ ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ 7 ਹੋਰ ਆਈਪੀਐੱਸ ਅਧਿਕਾਰੀਆਂ ਦੇ ਨਾਲ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ।
ਰਾਏ ਕੈਨੇਡਾ ‘ਚ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਸਟੇਸ਼ਨ ਚੀਫ਼ ਸਨ। ਭਾਰਤ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚਾਲੇ ਸੰਭਾਵੀ ਸਬੰਧਾਂ ਦੇ “ਭਰੋਸੇਯੋਗ ਦੋਸ਼ਾਂ” ਦੀ ਜਾਂਚ ਕਰ ਰਹੇ ਅਧਿਕਾਰੀਆਂ ਦੇ ਵਿਚਕਾਰ ਉਨ੍ਹਾਂ ਨੂੰ ਦੇਸ਼ ‘ਚੋਂ ਕੱਢ ਦਿੱਤਾ ਗਿਆ ਸੀ। 53 ਸਾਲਾ ਰਾਏ ਦੇ ਸਾਬਕਾ ਆਰਐਂਡਏਡਬਲਯੂ ਮੁਖੀ ਸਾਮੰਤ ਕੁਮਾਰ ਗੋਇਲ, ਜੋ ਕਿ ਭਾਰਤੀ ਪੁਲਸ ਸੇਵਾ ਦੇ ਪੰਜਾਬ ਕੇਡਰ ਤੋਂ ਵੀ ਹਨ, ਨਾਲ ਨਜ਼ਦੀਕੀ ਪੇਸ਼ੇਵਰ ਸਬੰਧ ਸਨ। ਰਾਏ ਦੀ ਮੁਹਾਰਤ ਅਤੇ ਤਜਰਬੇ ਨੇ ਆਖਿਰਕਾਰ ਉਨ੍ਹਾਂ ਨੂੰ 2018 ਵਿੱਚ ਕੇਂਦਰੀ ਪੱਧਰ ‘ਤੇ ਸੰਯੁਕਤ ਸਕੱਤਰ ਜਾਂ ਇਸ ਦੇ ਬਰਾਬਰ ਦੇ ਅਹੁਦੇ ਲਈ ਸੂਚੀਬੱਧ ਕੀਤਾ।
ਕੌਣ ਨੇ ਕੈਨੇਡਾ ਵੱਲੋਂ ਕੱਢੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ?

Comment here