ਨਵੀਂ ਦਿੱਲੀ-ਇਥੇ ਹੋਣ ਵਾਲੇ ਜੀ-20 ਸੰਮੇਲਨ ਨੂੰ ਲੈਕੇ ਵਿਸ਼ੇਸ਼ ਖ਼ਬਰ ਸਾਹਮਣੇ ਆਈ ਹੈ। ਜੀ-20 ਮੈਂਬਰ ਦੇਸ਼ਾਂ ਦੇ ਕੁਝ ਨੇਤਾਵਾਂ ਵਲੋਂ ਸਿਖਰ ਸੰਮੇਲਨ ਵਿਚ ਹਿੱਸਾ ਨਾ ਲੈਣ ਦੇ ਫੈਸਲੇ ਦੇ ਵਿਚਕਾਰ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਜੀ-20 ਸੰਮੇਲਨ ‘ਚ ਕੌਣ ਸ਼ਾਮਲ ਹੋ ਰਿਹਾ ਹੈ ਅਤੇ ਕੌਣ ਨਹੀਂ, ਇਸ ਦੀ ਬਜਾਏ ਪ੍ਰਮੁੱਖ ਭਖਦੇ ਮੁੱਦਿਆਂ ‘ਤੇ ਮੈਂਬਰ ਦੇਸ਼ਾਂ ਵਲੋਂ ਅਪਣਾਈ ਗਈ ਸਥਿਤੀ ‘ਤੇ ਫੋਕਸ ਕੀਤਾ ਜਾਣਾ ਚਾਹੀਦਾ ਹੈ। ਜੈਸ਼ੰਕਰ ਨੇ ਕਿਹਾ, “ਆਖਰਕਾਰ, ਦੇਸ਼ਾਂ ਦੀ ਨੁਮਾਇੰਦਗੀ ਉਸ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਪ੍ਰਤੀਨਿਧੀ ਵਜੋਂ ਚੁਣਿਆ ਹੈ। ਨੁਮਾਇੰਦਗੀ ਦਾ ਪੱਧਰ ਕਿਸੇ ਦੇਸ਼ ਦੀ ਸਥਿਤੀ ਦਾ ਅੰਤਮ ਨਿਰਧਾਰਕ ਨਹੀਂ ਬਣਦਾ।’
ਉਨ੍ਹਾਂ ਨੇ ਇਹ ਟਿੱਪਣੀ ਦੂਰਦਰਸ਼ਨ ‘ਤੇ ਪ੍ਰਸਾਰਿਤ ਇਕ ਚਰਚਾ ਦੌਰਾਨ ਕੀਤੀ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਸੋਮਵਾਰ ਨੂੰ ਬੀਜਿੰਗ ‘ਚ ਐਲਾਨ ਕੀਤਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫਤੇ ਨਵੀਂ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਸ਼ਾਮਲ ਨਹੀਂ ਹੋਣਗੇ ਅਤੇ ਚੀਨੀ ਵਫਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਕਰਨਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-20 ਸੰਮੇਲਨ ‘ਚ ਸ਼ਾਮਲ ਨਾ ਹੋਣ ਦੇ ਆਪਣੇ ਫੈਸਲੇ ਤੋਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਯੂਕਰੇਨ ‘ਚ ‘ਵਿਸ਼ੇਸ਼ ਫੌਜੀ ਕਾਰਵਾਈ’ ‘ਤੇ ਧਿਆਨ ਦੇਣਾ ਹੈ।
ਰੂਸੀ ਰਾਸ਼ਟਰਪਤੀ ਪਿਛਲੇ ਸਾਲ ਨਵੰਬਰ ‘ਚ ਜੀ-20 ਦੇ ਬਾਲੀ ਸੰਮੇਲਨ ‘ਚ ਵੀ ਸ਼ਾਮਲ ਨਹੀਂ ਹੋਏ ਸਨ। ਜੈਸ਼ੰਕਰ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤੀ ਟਿੱਪਣੀ ਵਿੱਚ ਕਿਹਾ ਕਿ ਇਸ ਸਾਲ ਦੇ ਜੀ-20 ਸੰਮੇਲਨ ਨੂੰ “ਇਸ ਦੇ ਨਤੀਜਿਆਂ” ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਖਦੇ ਮਸਲਿਆਂ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਜੀ-2 ਵਿਸ਼ਵ ਦੀਆਂ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਅੰਤਰ-ਸਰਕਾਰੀ ਮੰਚ ਹੈ। ਇਸ ਦੇ ਮੈਂਬਰ ਗਲੋਬਲ ਜੀਡੀਪੀ ਦੇ ਲਗਭਗ 85 ਫ਼ੀਸਦੀ, ਗਲੋਬਲ ਵਪਾਰ ਦੇ 75 ਫ਼ੀਸਦੀ ਤੋਂ ਵੱਧ ਅਤੇ ਵਿਸ਼ਵ ਆਬਾਦੀ ਦੇ ਲਗਭਗ ਦੋ-ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ।
ਕੌਣ ਆ ਰਿਹਾ ਦੀ ਬਜਾਏ ਭਖਦੇ ਮੁੱਦਿਆਂ ‘ਤੇ ਹੋਵੇ ਫੋਕਸ-ਜੈਸ਼ੰਕਰ

Comment here