ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਵਿਰਾਟ ਕੋਹਲੀ ਨੇ ਜੜ੍ਹਿਆ 45ਵਾਂ ਸੈਂਕੜਾ

ਨਵੀਂ ਦਿੱਲੀ-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਨਵੇਂ ਸਾਲ 2023 ਦੀ ਸ਼ੁਰੂਆਤ ਸੈਂਕੜੇ ਨਾਲ ਕੀਤੀ ਹੈ। ਵਿਰਾਟ ਨੇ ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ‘ਚ ਸ਼ਾਨਦਾਰ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਵਿਰਾਟ ਨੇ ਭਾਰਤ ‘ਚ 4 ਸਾਲਾਂ ਤੋਂ ਚੱਲ ਰਹੇ ਆਪਣੇ ਸੈਂਕੜੇ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ। ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ 73ਵਾਂ ਸੈਂਕੜਾ ਜੜਿਆ ਹੈ ਜਦੋਂ ਕਿ ਵਨਡੇ ਕਰੀਅਰ ਵਿੱਚ ਇਹ ਉਨ੍ਹਾਂ ਦਾ 45ਵਾਂ ਸੈਂਕੜਾ ਹੈ।
ਵਿਰਾਟ ਨੇ 80 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ। ਉਨ੍ਹਾਂ 87 ਗੇਂਦਾਂ ਵਿੱਚ 113 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 12 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਕੋਹਲੀ ਨੇ ਕੇਐੱਲ ਰਾਹੁਲ ਨਾਲ ਮਿਲ ਕੇ ਚੌਥੀ ਵਿਕਟ ਲਈ 90 ਦੌੜਾਂ ਜੋੜੀਆਂ। ਇਸ ਦੌਰਾਨ ਵਿਰਾਟ ਨੇ ਸਚਿਨ ਤੇਂਦੁਲਕਰ ਦੇ ਸ਼੍ਰੀਲੰਕਾ ਖਿਲਾਫ ਵਨਡੇ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਮੈਚ ਤੋਂ ਪਹਿਲਾਂ ਵਿਰਾਟ ਅਤੇ ਸਚਿਨ ਨੇ ਸ਼੍ਰੀਲੰਕਾ ਖਿਲਾਫ ਵਨਡੇ ਮੈਚਾਂ ‘ਚ 8-8 ਸੈਂਕੜੇ ਲਗਾਏ ਸਨ। ਕੋਹਲੀ 48ਵੇਂ ਮੈਚ ‘ਚ ਸਚਿਨ ਤੋਂ ਅੱਗੇ ਨਿਕਲ ਗਏ ਜਦਕਿ ਮਾਸਟਰ ਬਲਾਸਟਰ ਨੇ 84 ਮੈਚਾਂ ‘ਚ 8 ਸੈਂਕੜੇ ਲਗਾਏ।
ਦੱਸ ਦਈਏ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪ੍ਰਸਤਾਵਿਤ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਗੁਹਾਟੀ ਦੇ ਅਸਾਮ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇਸ ਰੋਮਾਂਚਕ ਮੈਚ ‘ਚ ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਇੰਡੀਆ ਵੱਲੋਂ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਵੱਲੋਂ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਨੇ ਟੀਮ ਇੰਡੀਆ ਦੇ ਸਕੋਰ ‘ਚ ਹੋਰ ਜਾਨ ਪਾ ਦਿੱਤੀ। ਉਸ ਨੇ ਬੈਕ-ਟੂ-ਬੈਕ ਸੈਂਕੜੇ ਲਗਾਏ ਹਨ। ਭਾਰਤ ਨੇ ਸ਼੍ਰੀਲੰਕਾਈ ਟੀਮ ਦੇ ਸਾਹਮਣੇ 374 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਜ਼ਿਕਰਯੋਗ ਹੈ ਕਿ ਵਨਡੇ ਫਾਰਮੈਟ ‘ਚ ਦੋਵਾਂ ਟੀਮਾਂ 162 ਮੈਚਾਂ ‘ਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਭਾਰਤੀ ਟੀਮ ਦਾ ਸ਼੍ਰੀਲੰਕਾ ਟੀਮ ਦੇ ਖਿਲਾਫ ਹਮੇਸ਼ਾ ਹੀ ਬੋਲਬਾਲਾ ਰਿਹਾ ਹੈ। ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ 93 ਮੈਚ ਜਿੱਤੇ ਹਨ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਨੂੰ 57 ਮੈਚਾਂ ‘ਚ ਸਫਲਤਾ ਮਿਲੀ ਹੈ। ਇਸ ਤੋਂ ਇਲਾਵਾ 11 ਮੈਚਾਂ ਦਾ ਨਤੀਜਾ ਨਹੀਂ ਆਇਆ ਹੈ ਅਤੇ ਇੱਕ ਮੈਚ ਟਾਈ ਹੋਇਆ ਹੈ।

Comment here