ਸਿਹਤ-ਖਬਰਾਂਖਬਰਾਂ

ਕੋਵਿਡ-19 : 28 ਜ਼ਿਲਿਆਂ ’ਚ ਪੁੱਜੀ ਇਨਫੈਕਸ਼ਨ

ਮਹਾਰਾਸ਼ਟਰ ਤੇ ਬੰਗਾਲ ਸਮੇਤ ਅੱਠ ਸੂਬੇ ‘ਸਟੇਟਸ ਆਫ ਕਨਸਰਨ’
ਨਵੀਂ ਦਿੱਲੀ-ਭਾਰਤ ਦੇ 28 ਜ਼ਿਲਿ੍ਹਆਂ ’ਚ ਹਫ਼ਤਾਵਾਰੀ ਕੋਰੋਨਾ ਇਨਫੈਕਸ਼ਨ ਦਰ 10 ਫ਼ੀਸਦੀ ਤੋਂ ਉਪਰ ਪਹੁੰਚ ਗਈ ਹੈ, ਜਦਕਿ ਪਿਛਲੇ ਮਹੀਨੇ ਸਿਰਫ਼ ਦੋ ਜ਼ਿਲਿ੍ਹਆਂ ’ਚ ਹੀ ਇਨਫੈਕਸ਼ਨ ਦਰ 10 ਫ਼ੀਸਦੀ ਤੋਂ ਵੱਧ ਸੀ। ਪਿਛਲੇ ਅੱਠ ਦਿਨਾਂ ’ਚ ਕੋਰੋਨਾ ਇਨਫੈਕਸ਼ਨ 6.3 ਗੁਣਾ ਤੇਜ਼ੀ ਨਾਲ ਵਧੀ ਹੈ ਤੇ ਇਸ ਦੀ ਰਫ਼ਤਾਰ ਸ਼ਹਿਰਾਂ ’ਚ ਵਧੇਰੇ ਰਹੀ ਹੈ। ਇਕ ਦਿਨ ਪਹਿਲਾਂ ਦੇ ਮੁਕਾਬਲੇ ਨਵੇਂ ਮਾਮਲੇ 30 ਫ਼ੀਸਦੀ ਤੋਂ ਵੱਧ ਮਿਲੇ ਹਨ ਤੇ ਸਰਗਰਮ ਮਾਮਲਿਆਂ ’ਚ ਵੀ 42 ਹਜ਼ਾਰ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਜੁਆਇੰਟ ਹੈਲਥ ਸੈਕਟਰੀ ਲਵ ਅਗਰਵਾਲ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ, ਬੰਗਾਲ, ਦਿੱਲੀ, ਕੇਰਲ, ਤਾਮਿਲਨਾਡੂ, ਕਰਨਾਟਕ, ਝਾਰਖੰਡ ਤੇ ਗੁਜਰਾਤ ਨੂੰ ‘ਸਟੇਟਸ ਆਫ ਕਨਸਰਨ’ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ਸੂਬਿਆਂ ’ਚ ਸਭ ਤੋਂ ਵੱਧ ਮਾਮਲੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਦਿਨਾਂ ’ਚ ਦੇਸ਼ ’ਚ 6.3 ਗੁਣਾ ਤੇਜ਼ੀ ਨਾਲ ਇਨਫੈਕਸ਼ਨ ਦੇ ਮਾਮਲੇ ਵਧੇ ਹਨ। 29 ਦਸੰਬਰ ਨੂੰ ਰਾਸ਼ਟਰੀ ਇਨਫੈਕਸ਼ਨ ਦਰ 0.79 ਫ਼ੀਸਦੀ ਸੀ ਜਿਹੜੀ ਪੰਜ ਜਨਵਰੀ ਨੂੰ ਵਧ ਕੇ 5.03 ਫ਼ੀਸਦੀ ’ਤੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ 58,097 ਨਵੇਂ ਮਾਮਲੇ ਮਿਲੇ ਹਨ। ਇਨ੍ਹਾਂ ’ਚ ਮਹਾਰਾਸ਼ਟਰ ’ਚ 18 ਹਜ਼ਾਰ, ਦਿੱਲੀ ’ਚ 10 ਹਜ਼ਾਰ ਤੇ ਬੰਗਾਲ ’ਚ ਨੌਂ ਹਜ਼ਾਰ ਤੋਂ ਵੱਧ ਮਾਮਲੇ ਸ਼ਾਮਿਲ ਹਨ। ਇਸ ਦੌਰਾਨ 534 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 453 ਮੌਤਾਂ ਇਕੱਲੇ ਕੇਰਲ ਤੇ 20 ਮੌਤਾਂ ਮਹਾਰਾਸ਼ਟਰ ਤੋਂ ਹਨ। ਇਕ ਦਿਨ ਪਹਿਲਾਂ 37379 ਨਵੇਂ ਕੇਸ ਮਿਲੇ ਸਨ ਤੇ 124 ਲੋਕਾਂ ਦੀ ਮੌਤ ਹੋਈ ਸੀ। ਸਰਗਰਮ ਮਾਮਲੇ ਵੀ 2.14 ਲੱਖ ਹੋ ਗਏ ਹਨ। ਛੇ ਸੂਬਿਆਂ ’ਚ ਕੇਂਦਰ ਸ਼ਾਸਿਤ ਰਾਜਾਂ ’ਚ 10 ਹਜ਼ਾਰ ਤੋਂ ਵੱਧ ਸਰਗਰਮ ਮਾਮਲੇ ਹੋ ਗਏ ਹਨ।
ਅਗਰਵਾਲ ਨੇ ਕਿਹਾ ਕਿ 28 ਜ਼ਿਲਿ੍ਹਆਂ ’ਚ ਹਫ਼ਤਾਵਾਰੀ ਦਰ 10 ਫ਼ੀਸਦੀ ਤੋਂ ਉੱਪਰ ਹੈ ਤੇ 43 ਜ਼ਿਲ੍ਹੇ ਅਜਿਹੇ ਹਨ ਜਿੱਥੇ ਇਹ ਪੰਜ ਤੋਂ 10 ਫ਼ੀਸਦੀ ਵਿਚਕਾਰ ਰਿਕਾਰਡ ਕੀਤੇ ਗਏ ਹਨ। ਭਾਰਤ ਦੇ ਨਾਲ ਹੀ ਦੁਨੀਆ ਭਰ ’ਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਚਾਰ ਜਨਵਰੀ ਨੂੰ ਦੁਨੀਆ ਭਰ ’ਚ ਰਿਕਾਰਡ 25.2 ਲੱਖ ਨਵੇਂ ਮਾਮਲੇ ਮਿਲੇ ਹਨ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ’ਚ ਨਵੇਂ ਮਾਮਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।

Comment here