ਵਿਸ਼ੇਸ਼ ਰਿਪੋਰਟ-ਸਿਰਜਣਪਾਲ ਸਿੰਘ
ਵੱਡੀ ਮਨੁੱਖੀ ਲਾਪਰਵਾਹੀ ਕਹਿ ਸਕਦੇ ਹਾਂ ਕਿ ਅਸੀਂ ਸਾਰੇ ਦੁਬਾਰਾ ਫੇਰ ਕਰੋਨਾ ਦੇ ਸੰਕਟ ਵਿੱਚ ਫਸ ਰਹੇ ਹਾਂ। ਇਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਓਮੀਕ੍ਰੋਨ ਦੇ ਰੋਜ਼ਾਨਾ 10 ਲੱਖ ਤੋਂ ਵੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮਹਿਜ਼ ਦੋ ਮਹੀਨੇ ਪਹਿਲਾਂ ਦੱਖਣੀ ਅਫ਼ਰੀਕਾ ਵਿਚ ਜਿਸ ਵੇਰੀਐਂਟ ਦਾ ਪਤਾ ਲੱਗਾ ਸੀ, ਉਸ ਨੇ ਹੋਸ਼ ਉਡਾ ਦੇਣ ਵਾਲੀ ਰਫ਼ਤਾਰ ਨਾਲ ਪੂਰੀ ਦੁਨੀਆ ਨੂੰ ਆਪਣੇ ਸ਼ਿਕੰਜੇ ਵਿਚ ਕੱਸ ਲਿਆ ਹੈ। ਇਹ ਉਦੋਂ ਹੋਇਆ ਹੈ ਜਦ ਯਾਤਰਾ ’ਤੇ ਪਾਬੰਦੀਆਂ ਤੋਂ ਲੈ ਕੇ ਟੀਕਾਕਰਨ ਅਤੇ ਕਰਫਿਊ ਲਗਾਉਣ ਵਰਗੇ ਸਾਰੇ ਯਤਨ ਕੀਤੇ ਗਏ। ਇਹ ਦਿਖਾਉਂਦਾ ਹੈ ਕਿ ਕੋਵਿਡ-19 ਦੇ ਸਿਰਜਕ ਕੋਰੋਨਾ ਜਿੰਨਾ ਫੁਰਤੀਲਾ ਅਤੇ ਖ਼ਤਰਨਾਕ ਵਾਇਰਸ ਮਨੁੱਖਤਾ ਦੇ ਸਾਹਮਣੇ ਇਸ ਤੋਂ ਪਹਿਲਾਂ ਕਦੇ ਨਹੀਂ ਆਇਆ ਸੀ। ਸ਼ੰਕੇ ਨੂੰ ਸਹੀ ਸਾਬਿਤ ਕਰਦੇ ਹੋਏ ਓਮੀਕ੍ਰੋਨ ਨੇ ਭਾਰਤ ਨੂੰ ਵੀ ਆਪਣੇ ਸ਼ਿਕੰਜੇ ਵਿਚ ਕੱਸ ਲਿਆ ਹੈ। ਰੁਝਾਨ ਇਹੀ ਦੱਸ ਰਹੇ ਹਨ ਕਿ ਵੱਧ ਤੋਂ ਵੱਧ ਦੋ ਹਫ਼ਤਿਆਂ ਵਿਚ ਇਹ ਆਪਣੇ ਸਿਖ਼ਰ ਉੱਤੇ ਪੁੱਜ ਜਾਵੇਗਾ। ਚੰਗੀ ਖ਼ਬਰ ਇਹ ਹੈ ਕਿ ਓਮੀਕ੍ਰੋਨ ਡੈਲਟਾ ਜਿੰਨਾ ਘਾਤਕ ਨਹੀਂ ਹੈ ਅਤੇ ਬੁਰੀ ਖ਼ਬਰ ਇਹ ਹੈ ਕਿ ਇਸ ਦੇ ਫੈਲਣ ਦੀ ਰਫ਼ਤਾਰ ਉਸ ਤੋਂ ਚਾਰ ਗੁਣਾ ਜ਼ਿਆਦਾ ਹੈ। ਤਾਂ ਗੰਭੀਰ ਰੂਪ ਨਾਲ ਬਿਮਾਰ ਪੈਣ ਵਾਲਿਆਂ ਦੀ ਗਿਣਤੀ ਜਿੱਥੇ ਘੱਟ ਹੋਵੇਗੀ, ਓਥੇ ਹੀ ਘੱਟ ਸਮੇਂ ਵਿਚ ਬਿਮਾਰ ਪੈਣ ਵਾਲਿਆਂ ਦੀ ਗਿਣਤੀ ਖ਼ਤਰਨਾਕ ਢੰਗ ਨਾਲ ਬਹੁਤ ਜ਼ਿਆਦਾ ਹੋਵੇਗੀ। ਬੀਤੇ ਸਾਲ ਅਪ੍ਰੈਲ ਵਿਚ ਦੂਜੀ ਲਹਿਰ ਦੇ ਰੂਪ ਵਿਚ ਆਏ ਸਭ ਤੋਂ ਵੱਡੇ ਸੰਕਟ ਤੋਂ ਅਸੀਂ ਕਾਫ਼ੀ ਕੁਝ ਸਿੱਖਿਆ ਹੈ ਅਤੇ ਹੁਣ ਜ਼ਿਆਦਾਤਰ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ਬਿਹਤਰ ਹੈ। ਨਾਲ ਹੀ ਅਸੀਂ ਪੱਕੇ ਤੌਰ ’ਤੇ ਜਾਣ ਚੁੱਕੇ ਹਾਂ ਕਿ ਰੈਮਡੇਸਿਵਿਰ ਅਤੇ ਪਲਾਜ਼ਮਾ ਕੰਮ ਨਹੀਂ ਆਉਂਦੇ ਤਾਂ ਉਸ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਹੈ। ਇਸ ਵਾਇਰਸ ਦੀਆਂ ਨਵੀਆਂ-ਨਵੀਆਂ ਹਕੀਕਤਾਂ ਅਤੇ ਆਪਣੇ ਤਜਰਬੇ ਨਾਲ ਅਸੀਂ ਹੁਣ ਇਹੀ ਕਰਨਾ ਹੈ ਕਿ ਆਉਣ ਵਾਲੇ ਸੰਕਟ ਦਾ ਮੁਕਾਬਲਾ ਕਰਨ ਲਈ ਅਸੀਂ ਆਪਣੀ ਤਿਆਰੀ ’ਤੇ ਨਵੇਂ ਸਿਰੇ ਤੋਂ ਗ਼ੌਰ ਕਰੀਏ। ਅੱਜ ਜਿਨ੍ਹਾਂ ਦੇਸ਼ਾਂ ਵਿਚ ਓਮੀਕ੍ਰੋਨ ਦੇ ਮਾਮਲੇ ਆਪਣੇ ਸਿਖ਼ਰ ’ਤੇ ਹਨ, ਉੱਥੇ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਹੈ ਕਿ ਇਕ ਵੱਡੀ ਆਬਾਦੀ ਬੇਹੱਦ ਘੱਟ ਸਮੇਂ ਵਿਚ ਇਨਫੈਕਸ਼ਨ ਦੀ ਲਪੇਟ ਵਿਚ ਆ ਰਹੀ ਹੈ। ਪੀੜਤਾਂ ਨੂੰ ਇਕ ਤੋਂ ਦੋ ਹਫ਼ਤੇ ਤਕ ਕੁਆਰੰਟਾਈਨ ਵਿਚ ਰਹਿਣਾ ਪੈਂਦਾ ਹੈ। ਇਸ ਦਾ ਮਤਲਬ ਹੈ ਕਿ ਕੰਮਕਾਜੀ ਆਬਾਦੀ ਦਾ ਇਕ ਵੱਡਾ ਹਿੱਸਾ ਅਚਾਨਕ ਬਿਮਾਰ ਅਤੇ ਗ਼ੈਰ-ਉਪਲਬਧ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਓਮੀਕ੍ਰੋਨ ਵਿਚ ਉਛਾਲ ਕਾਰਨ ਅਚਾਨਕ ਸਾਨੂੰ ਦੋ ਤੋਂ ਤਿੰਨ ਹਫ਼ਤਿਆਂ ਤਕ ਡਾਕਟਰਾਂ, ਨਰਸਾਂ, ਐਂਬੂਲੈਂਸ ਡਰਾਈਵਰਾਂ, ਪੁਲਿਸ ਮੁਲਾਜ਼ਮਾਂ, ਟਰੱਕ ਡਰਾਈਵਰਾਂ, ਸਟੋਰ ਪ੍ਰਬੰਧਕਾਂ, ਫੈਕਟਰੀ ਮਜ਼ਦੂਰਾਂ ਅਤੇ ਸਫ਼ਾਈ ਕਰਮੀਆਂ ਦੀ ਗਿਣਤੀ ਵਿਚ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਭੋਜਨ ਅਤੇ ਦਵਾਈ ਵਰਗੀਆਂ ਜ਼ਰੂਰੀ ਵਸਤਾਂ ਦੇ ਨਾਲ ਹੀ ਸਿਹਤ ਸਹੂਲਤਾਂ ਵਰਗੀਆਂ ਲਾਜ਼ਮੀ ਸੇਵਾਵਾਂ ਨੂੰ ਨਿਰੰਤਰ ਰੂਪ ਨਾਲ ਬਣਾਈ ਰੱਖਣ ’ਤੇ ਜ਼ੋਰਦਾਰ ਦਬਾਅ ਪਵੇਗਾ।
ਦਿਹਾਤੀ ਹਲਕੇ ਵਧੇਰੇ ਸੰਕਟ ਚ
ਕਰੋਨਾ ਕਾਲ ਵਿੱਚ ਦਿਹਾਤੀ ਇਲਾਕਿਆਂ ਵਿਚ ਇਹ ਚੁਣੌਤੀ ਹੋਰ ਵਿਕਰਾਲ ਹੋ ਸਕਦੀ ਹੈ। ਇਹ ਅਰਸਾ ਜ਼ਿਆਦਾ ਲੰਬਾ ਨਹੀਂ ਹੋਵੇਗਾ ਪਰ ਇਸ ਨਾਲ ਨਜਿੱਠਣ ਦੀ ਤਿਆਰੀ ਨਹੀਂ ਕੀਤੀ ਗਈ ਤਾਂ ਲੋਕਾਂ ਲਈ ਇਹ ਕਸ਼ਟਦਾਇਕ ਹੋ ਸਕਦੀ ਹੈ। ਸਪਸ਼ਟ ਹੈ ਕਿ ਜੇਕਰ ਅਸੀਂ ਹੁਣੇ ਤੋਂ ਇਸ ਨਾਲ ਜੰਗੀ ਪੱਧਰ ’ਤੇ ਨਜਿੱਠਣ ਲਈ ਜੁਟ ਜਾਈਏ ਤਾਂ ਉਸ ਦੇ ਕਹਿਰ ਤੋਂ ਬਚਿਆ ਜਾ ਸਕਦਾ ਹੈ।
ਕੀ ਕਰਨਾ ਲੋੜੀਏ-
ਸਭ ਤੋਂ ਪਹਿਲਾਂ ਤਾਂ ਸਾਨੂੰ ਜਮ੍ਹਾਖੋਰੀ ’ਤੇ ਸ਼ਿਕੰਜਾ ਕੱਸਣਾ ਪਵੇਗਾ। ਅਸੀਂ ਦੇਖਿਆ ਹੈ ਕਿ ਪਿਛਲੀ ਵਾਰ ਦਹਿਸ਼ਤ ਵਿਚ ਆਏ ਲੋਕਾਂ ਦੇ ਨਾਲ ਹੀ ਕਾਲਾਬਾਜ਼ਾਰੀ ਕਰਨ ਵਾਲੇ ਅਪਰਾਧੀਆਂ ਨੇ ਜ਼ਰੂਰੀ ਵਸਤਾਂ ਦੀ ਕਿਵੇਂ ਜਮ੍ਹਾਖੋਰੀ ਕਰ ਲਈ ਸੀ। ਹਰੇਕ ਜ਼ਿਲ੍ਹੇ ਨੂੰ ਤੁਰੰਤ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਜਮ੍ਹਾਖੋਰੀ ਰੋਕਣ ਲਈ ਆਪੋ-ਆਪਣੀ ਹੰਗਾਮੀ ਯੋਜਨਾ ਤਿਆਰ ਕਰ ਲਵੇ ਅਤੇ ਇਨਫੈਕਸ਼ਨ ਦੇ ਸਿਖ਼ਰ ’ਤੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਭੰਡਾਰ ਵਿਚ ਜ਼ਰੂਰੀ ਵਸਤਾਂ ਢੁੱਕਵੀਂ ਮਾਤਰਾ ਵਿਚ ਜੁਟਾ ਲੈਣ। ਇਸ ਵਾਸਤੇ ਤਰਜੀਹ ਵਾਲੇ ਖੁਰਾਕੀ ਪਦਾਰਥਾਂ, ਇਲਾਜ ਦੇ ਸਾਧਨਾਂ ਅਤੇ ਅਜਿਹੀਆਂ ਸੇਵਾਵਾਂ ਦੀ ਪਛਾਣ ਕਰਨੀ ਹੋਵੇਗੀ ਜਿਨ੍ਹਾਂ ਨੂੰ ਪਹੁੰਚਾਉਣ ਦੇ ਬੰਦੋਬਸਤ ਤਤਕਾਲ ਕੀਤੇ ਜਾ ਸਕਣ। ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਕੁਲੈਕਟਰਾਂ ਦੇ ਜ਼ਿੰਮੇ ਸੌਂਪ ਦੇਣਾ ਚਾਹੀਦਾ ਹੈ ਅਤੇ ਅਗਲੇ ਇਕ ਮਹੀਨੇ ਤਕ ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਇਨ੍ਹਾਂ ਨੂੰ ਲਾਗੂ ਕਰਵਾਉਣ ਦੀ ਹੋਣੀ ਚਾਹੀਦੀ ਹੈ। ਸੂਬਾ ਪੱਧਰ ’ਤੇ ਵਾਧੂ ਸੋਮਿਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਜ਼ਿਲ੍ਹਿਆਂ ਲਈ ਤਿਆਰ ਰੱਖਣਾ ਚਾਹੀਦਾ ਹੈ ਜਿੱਥੇ ਹਾਲਾਤ ਸਭ ਤੋਂ ਵੱਧ ਖ਼ਰਾਬ ਹੋਣ। ਇਸ ਸਭ ਦੇ ਇਲਾਵਾ ਛੋਟੇ ਸ਼ਹਿਰਾਂ ਵਿਚ ਸਾਨੂੰ ਸਿਹਤ ਸਹੂਲਤਾਂ ਨੂੰ ਮਜ਼ਬੂਤ ਬਣਾਉਣਾ ਪਵੇਗਾ। ਓਮੀਕ੍ਰੋਨ ਘੱਟ ਘਾਤਕ ਹੋ ਸਕਦਾ ਹੈ ਪਰ ਹਸਪਤਾਲਾਂ ’ਤੇ ਇਹ ਜ਼ੋਰਦਾਰ ਦਬਾਅ ਪਾਉਣ ਵਾਲਾ ਹੈ। ਖ਼ਾਸ ਤੌਰ ’ਤੇ ਜਦੋਂ ਪਹਿਲਾਂ ਤੋਂ ਹੀ ਗੰਭੀਰ ਰੋਗਾਂ ਨਾਲ ਗ੍ਰਸਤ ਲੋਕ ਅਤੇ ਬਜ਼ੁਰਗ ਇਸ ਦਾ ਸ਼ਿਕਾਰ ਬਣ ਜਾਣਗੇ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਿਰਫ਼ ਉਨ੍ਹਾਂ ਨੂੰ ਹੀ ਬੈੱਡ ਮਿਲਣ ਜਿਨ੍ਹਾਂ ਨੂੰ ਉਨ੍ਹਾਂ ਦੀ ਜ਼ਰੂਰਤ ਹੋਵੇ। ਨਾਲ ਹੀ ਬੈੱਡ ਦਿੱਤੇ ਜਾਣ ਦੇ ਕੁਝ ਪੈਮਾਨੇ ਤੈਅ ਕੀਤੇ ਜਾਣ। ਉਸੇ ਮਾਪਦੰਡ ਦੇ ਆਧਾਰ ’ਤੇ ਬੈੱਡ ਅਲਾਟ ਕੀਤੇ ਜਾਣ। ਉਸ ਵਿਚ ਕੋਈ ਸਿਫ਼ਾਰਸ਼ ਨਹੀਂ ਹੋਣੀ ਚਾਹੀਦੀ। ਛੋਟੇ ਸ਼ਹਿਰਾਂ ਵਿਚ ਰਹਿ ਰਹੇ ਲੋਕਾਂ ਨੂੰ ਇਲਾਜ ਲਈ ਬੇਹੱਦ ਜ਼ਰੂਰੀ ਸਾਧਨ ਆਪਣੇ ਸ਼ਹਿਰ ਵਿਚ ਹੀ ਮਿਲ ਜਾਣ ਅਤੇ ਇਲਾਜ ਲਈ ਉਨ੍ਹਾਂ ਨੂੰ ਵੱਡੇ ਸ਼ਹਿਰਾਂ ਵੱਲ ਭੱਜਣ ਦੀ ਜ਼ਰੂਰਤ ਨਾ ਪਵੇ। ਇਸ ਦੇ ਲਈ ਸਾਨੂੰ ਹੁਣੇ ਹੀ ਛੋਟੇ ਸ਼ਹਿਰਾਂ ਦੇ ਹਸਪਤਾਲਾਂ ਲਈ ਮੈਡੀਕਲ ਸਪਲਾਈ ਅਤੇ ਆਕਸੀਜਨ ਦੀ ਜ਼ਰੂਰਤ ਦਾ ਹਿਸਾਬ-ਕਿਤਾਬ ਲਾ ਲੈਣਾ ਚਾਹੀਦਾ ਹੈ। ਓਮੀਕ੍ਰੋਨ ਵਿਰੁੱਧ ਜਿੱਤ ਦਾ ਮੰਤਰ ਇਹ ਹੈ ਕਿ ਇਸ ਦਾ ਸਿਖ਼ਰ ਘੱਟ ਸਮੇਂ ਤਕ ਰਹੇ। ਅਰਥਾਤ ਸਾਨੂੰ ਹਰ ਸੰਭਵ ਤਰੀਕੇ ਨਾਲ ਇਸ ਨੂੰ ਫੈਲਣ ਤੋਂ ਰੋਕਣ ਹੋਵੇਗਾ। ਸਾਨੂੰ ਫਰਵਰੀ ਦੇ ਅੰਤ ਤਕ ਸਾਰੇ ਇਮਤਿਹਾਨਾਂ ਨੂੰ ਟਾਲਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਰੈਲੀਆਂ, ਸਮਾਰੋਹਾਂ ਅਤੇ ਭੀੜ-ਭੜੱਕੇ ਤੋਂ ਵੀ ਬੇਹੱਦ ਸਾਵਧਾਨ ਰਹਿਣ ਦੀ ਜ਼ਰੂਰ ਹੋਵੇਗੀ। ਚੌਥੀ ਗੱਲ ਇਹ ਕਿ ਸਾਨੂੰ ਉਮੀਦ ਦਾ ਪੱਲਾ ਨਹੀਂ ਛੱਡਣਾ ਹੋਵੇਗਾ। ਮਹਾਮਾਰੀ ਜਾਂਦੇ-ਜਾਂਦੇ ਤੇਜ਼ ਰਫ਼ਤਾਰ ਦੇ ਨਾਲ ਹੀ ਘੱਟ ਘਾਤਕ ਹੋ ਜਾਂਦੀ ਹੈ। ਓਮੀਕ੍ਰੋਨ ਦੇ ਮਾਮਲੇ ਦੇ ਮਾਮਲੇ ਵਿਚ ਅਸੀਂ ਅਜਿਹਾ ਹੀ ਦੇਖ ਰਹੇ ਹਾਂ। ਅਜਿਹੀ ਪੂਰੀ ਸੰਭਾਵਨਾ ਹੈ ਕਿ ਕੋਵਿਡ-19 ਦਾ ਅੰਤ ਬਹੁਤ ਕਰੀਬ ਹੈ ਪਰ ਉਸ ਤੋਂ ਪਹਿਲਾਂ ਸਾਨੂੰ ਇਸ ਲਹਿਰ ਨਾਲ ਜਿਊਣਾ ਹੋਵੇਗਾ।
ਬੀਤੇ ਤੋਂ ਸਬਕ ਸਿੱਖਣ ਦੀ ਲੋੜ
ਇਤਿਹਾਸ ਗਵਾਹ ਹੈ ਕਿ ਸੌ ਸਾਲ ਪਹਿਲਾਂ ਜਦ ਸਪੇਨਿਸ਼ ਫਲੂ ਨੇ ਪੂਰੇ ਸੰਸਾਰ ਨੂੰ ਆਪਣੇ ਸ਼ਿਕੰਜੇ ਵਿਚ ਲੈ ਕੇ ਲਗਪਗ 10 ਕਰੋੜ ਲੋਕਾਂ ਨੂੰ ਮਾਰ ਦਿੱਤਾ ਸੀ, ਉਦੋਂ ਉਸ ਦੀਆਂ ਵੀ ਤਿੰਨ ਵੱਡੀਆਂ ਲਹਿਰਾਂ ਆਈਆਂ ਸਨ। ਉਸ ਦੀ ਤੀਜੀ ਲਹਿਰ ਇਸ ਓਮੀਕ੍ਰੋਨ ਵਰਗੀ ਹੀ ਸੀ। ਇਹ ਜਾਣ ਕੇ ਸਾਨੂੰ ਥੋੜ੍ਹਾ ਹਾਂ-ਪੱਖੀ ਹੋ ਜਾਣਾ ਚਾਹੀਦਾ ਹੈ ਅਤੇ ਇਸ ਤੀਜੀ ਜੰਗ ਨੂੰ ਇਸ ਮਿਸ਼ਨ ਨਾਲ ਲੜਨਾ ਚਾਹੀਦਾ ਹੈ ਕਿ ਕੋਵਿਡ-19 ਦਾ ਅਸੀਂ ਹਮੇਸ਼ਾ ਲਈ ਸਫ਼ਾਇਆ ਕਰ ਦੇਵਾਂਗੇ। ਬੀਤੇ ਸਾਲ ਡੈਲਟਾ ਵੇਰੀਐਂਟ ਕਾਰਨ ਆਈ ਦੂਜੀ ਲਹਿਰ ਵਿਚ ਅਸੀਂ ਭਾਰੀ ਤਬਾਹੀ ਦਾ ਸਾਹਮਣਾ ਕੀਤਾ ਸੀ। ਹਾਲਾਂਕਿ ਡੈਲਟਾ ਵੇਰੀਐਂਟ ਬਿਨਾਂ ਕਿਸੇ ਚੇਤਾਵਨੀ ਦੇ ਹੀ ਆਇਆ ਅਤੇ ਉਸ ਨੇ ਸਾਡੇ ’ਤੇ ਹੱਲਾ ਬੋਲ ਦਿੱਤਾ ਸੀ। ਇਸੇ ਕਾਰਨ ਮੁਲਕ ਦੀ ਸਿਹਤ ਪ੍ਰਣਾਲੀ ’ਤੇ ਬੇਥਾਹ ਬੋਝ ਪੈ ਗਿਆ ਸੀ ਜਿਸ ਕਾਰਨ ਉਹ ਢਹਿ-ਢੇਰੀ ਹੋ ਗਈ ਸੀ। ਹਸਪਤਾਲਾਂ ’ਚ ਆਕਸੀਜਨ ਦੀ ਕਮੀ ਕਾਰਨ ਮੌਤਾਂ ਦੀ ਗਿਣਤੀ ਵਧ ਗਈ ਸੀ। ਹਸਪਤਾਲਾਂ ਵਿਚ ਬੈੱਡ ਨਾ ਮਿਲਣ ਤੇ ਐਂਬੂਲੈਂਸ ਮੁਹੱਈਆ ਨਾ ਹੋਣ ਕਾਰਨ ਵੀ ਹਾਲਾਤ ਬੇਹੱਦ ਨਾਜ਼ੁਕ ਬਣ ਗਏ ਸਨ। ਖ਼ੁਸ਼ਕਿਸਮਤੀ ਇਹ ਹੈ ਕਿ ਇਸ ਤੀਜੀ ਲਹਿਰ ਨੇ ਸਭ ਚੇਤਾਵਨੀਆਂ ਦਿੱਤੀਆਂ ਹਨ ਅਤੇ ਸਾਨੂੰ ਤਿਆਰੀ ਦਾ ਸਮਾਂ ਵੀ ਦਿੱਤਾ ਹੈ। ਇਸ ਮੌਕੇ ਦਾ ਢੁੱਕਵਾਂ ਇਸਤੇਮਾਲ ਕਰਨਾ ਅਤੇ ਲੋਕਾਂ ਦੀ ਤਕਲੀਫ਼ ਨੂੰ ਘੱਟ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਮਹੱਤਵਪੂਰਨ ਫ਼ਿਲਹਾਲ ਕੁਝ ਹੋਰ ਨਹੀਂ ਹੋ ਸਕਦਾ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਹਤ ਪ੍ਰਣਾਲੀ ਦੀਆਂ ਖਾਮੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਦੂਰ ਕਰਨ ਤਾਂ ਜੋ ਓਮੀਕ੍ਰੋਨ ਕਾਰਨ ਉਹ ਮੰਜ਼ਰ ਨਜ਼ਰ ਨਾ ਆਵੇ ਜੋ ਡੈਲਟਾ ਵੇਰੀਐਂਟ ਦੌਰਾਨ ਦਿਸਿਆ ਸੀ। ਬਚਾਅ ਵਿੱਚ ਹੀ ਬਚਾਅ ਹੈ।
Comment here