ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕੋਵਿਡ-19 ਨੂੰ ਲੈ ਕੇ ਡਬਲਯੂਐੱਚਓ ਨੇ ਕੀਤਾ ਖ਼ਬਰਦਾਰ

ਫਰਾਂਸ ’ਚ ਕੋਰੋਨਾ ਦੇ 2.08 ਲੱਖ, ਅਮਰੀਕਾ ’ਚ 4.41 ਲੱਖ ਮਾਮਲੇ
ਬਰਲਿਨ-ਦੁਨੀਆਂ ਭਰ ਵਿੱਚ ਕੋਰੋਨਾ ਮਹਾਮਾਰੀ ਬਾਰੇ ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਫਿਰ ਖ਼ਬਰਦਾਰ ਕੀਤਾ ਹੈ। ਮਹਾਮਾਰੀ ਦੇ ਫਿਰ ਤੋਂ ਗੰਭੀਰ ਹੋਣ ਦਾ ਸੰਕੇਤ ਦਿੰਦੇ ਹੋਏ ਸੰਗਠਨ ਨੇ ਕਿਹਾ ਹੈ ਕਿ ਦੁਨੀਆ ਭਰ ’ਚ ਪਿਛਲੇ ਹਫ਼ਤੇ ਕੋਰੋਨਾ ਦੇ ਮਾਮਲਿਆਂ ’ਚ ਉਸ ਤੋਂ ਪਹਿਲਾਂ ਦੇ ਹਫ਼ਤੇ ਦੇ ਮੁਕਾਬਲੇ 11 ਫ਼ੀਸਦੀ ਵਾਧਾ ਹੋਇਆ ਹੈ। ਅਮਰੀਕਾ ਮਹਾਦੀਪ ਦੇ ਦੇਸ਼ਾਂ ’ਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ। ਅਮਰੀਕਾ ’ਚ ਤਾਂ ਕੋਰੋਨ ਕਹਿਰ ਬਣ ਕੇ ਟੁੱਟਿਆ ਹੈ ਤੇ ਪਿਛਲੇ 24 ਘੰਟਿਆਂ ’ਚ ਇੱਥੇ ਕਰੀਬ ਸਾਢੇ ਚਾਰ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ।
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਬੀਤੇ ਮੰਗਲਵਾਰ ਨੂੰ ਜਾਰੀ ਆਪਣੀ ਹਫ਼ਤਾਵਾਰੀ ਮਹਾਮਾਰੀ ਸਬੰਧੀ ਰਿਪੋਰਟ ’ਚ ਕਿਹਾ ਹੈ ਕਿ 20 ਤੋਂ 26 ਦਸੰਬਰ ਵਿਚਕਾਰ ਦੁਨੀਆ ਭਰ ’ਚ ਕਰੀਬ 50 ਲੱਖ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ ਅੱਧੇ ਤੋਂ ਵੱਧ ਮਾਮਲੇ ਯੂਰਪ ’ਚ ਆਏ ਜਿਨ੍ਹਾਂ ਦੀ ਗਿਣਤੀ 28.4 ਲੱਖ ਸੀ। ਹਾਲਾਂਕਿ ਯੂਰਪ ਦੇ ਮਾਮਲਿਆਂ ’ਚ ਸਿਰਫ਼ ਇਕ ਹਫ਼ਤੇ ਤੋਂ ਪਹਿਲਾਂ ਦੇ ਮੁਕਾਬਲੇ ਸਿਰਫ਼ ਤਿੰਨ ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਡਬਲਯੂਐੱਚਓ ਨੇ ਕਿਹਾ ਹੈ ਕਿ ਅਮਰੀਕਾ ਮਹਾਦੀਪੀ ਖੇਤਰ ’ਚ ਨਵੇਂ ਮਾਮਲੇ 39 ਫ਼ੀਸਦੀ ਵਧ ਕੇ ਕਰੀਬ 14.8 ਲੱਖ ਹੋ ਗਏ। ਇਕੱਲੇ ਅਮਰੀਕਾ ’ਚ 34 ਫ਼ੀਸਦੀ ਵਾਧੇ ਨਾਲ 11.8 ਲੱਖ ਤੋਂ ਵੱਧ ਮਾਮਲੇ ਮਿਲੇ। ਅਫਰੀਕਾ ’ਚ ਨਵੇਂ ਮਾਮਲਿਆਂ ’ਚ ਸੱਤ ਫ਼ੀਸਦੀ ਵਾਧੇ ਨਾਲ ਇਨਫੈਕਟਿਡ ਦੀ ਗਿਣਤੀ ਕਰੀਬ 2,75,000 ਹੋ ਗਈ। ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਮੰਗਲਵਾਰ ਨੂੰ ਰਿਕਾਰਡ 4,41,278 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਸਭ ਤੋਂ ਵੱਧ 2.90 ਲੱਖ ਕੇਸ ਪਾਏ ਗਏ ਸਨ।
ਓਮੀਕ੍ਰੋਨ ਨਾਲ ਤਬਾਹ ਹੋ ਸਕਦੀ ਹੈ ਸਿਹਤ ਵਿਵਸਥਾ
ਡਬਲਯੂਐੱਚਓ ਨੇ ਓਮੀਕ੍ਰੋਨ ਨੂੰ ਇਕ ਵਾਰ ਫਿਰ ਵੱਡਾ ਖ਼ਤਰਾ ਦੱਸਦੇ ਹੋਏ ਕਿਹਾ ਹੈ ਕਿ ਇਸ ਨਾਲ ਆਲਮੀ ਸਿਹਤ ਵਿਵਸਥਾ ਤਬਾਹ ਹੋ ਸਕਦੀ ਹੈ। ਉਸ ਮੁਤਾਬਕ ਓਮੀਕ੍ਰੋਨ ਨਾਲ ਸਬੰਧਤ ਖ਼ਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ। ਤੇਜ ਪਸਾਰ ਦੇ ਮਾਮਲੇ ’ਚ ਇਸ ਨੇ ਡੈਲਟਾ ਸਮੇਤ ਪਹਿਲਾਂ ਦੇ ਸਾਰੇ ਵੇਰੀਐੈਂਟ ਨੂੰ ਪਿੱਛੇ ਛੱਡ ਦਿੱਤਾ ਹੈ। ਦੋ ਤੋਂ ਤਿੰਨ ਦਿਨਾਂ ’ਚ ਇਸ ਦੇ ਮਾਮਲੇ ਦੁੱਗਣੇ ਹੋ ਰਹੇ ਹਨ। ਹਾਲਾਂਕਿ ਅਜੇ ਵੀ ਵਿਸ਼ਵ ’ਚ ਡੈਲਟਾ ਵੇਰੀਐਂਟ ਦੀ ਮਹਾਮਾਰੀ ਦਾ ਪ੍ਰਮੁੱਖ ਕਾਰਕ ਬਣਿਆ ਹੋਇਆ ਹੈ। ਹਾਲਾਂਕਿ ਇਸ ਨਾਲ ਹਸਪਤਾਲ ’ਚ ਦਾਖ਼ਲ ਹੋਣ ਦਾ ਖ਼ਤਰਾ ਘੱਟ ਹੈ, ਪਰ ਵਧੇਰੇ ਮਾਮਲੇ ਆਉਣ ਨਾਲ ਸਿਹਤ ਵਿਵਸਥਾ ’ਤੇ ਭਾਰ ਵਧੇਗਾ।
ਫਰਾਂਸ ’ਚ 2.08 ਲੱਖ ਕੇਸ ਮਿਲੇ
ਫਰਾਂਸ ’ਚ ਵੀ ਕੋਰੋਨਾ ਦੇ ਰਿਕਾਰਡ 2.08 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਫਰਾਂਸ ’ਚ ਇਕ ਦਿਨ ’ਚ ਏਨੇ ਜ਼ਿਆਦਾ ਮਾਮਲੇ ਕਦੀ ਨਹੀਂ ਮਿਲੇ ਸਨ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਹੀ ਫਰਾਂਸ ’ਚ ਸਭ ਤੋਂ ਵੱਧ 1.80 ਲੱਖ ਮਾਮਲੇ ਸਾਹਮਣੇ ਆਏ ਸਨ।
ਆਸਟ੍ਰੇਲੀਆ ’ਚ ਓਮੀਕ੍ਰੋਨ ਦਾ ਧਮਾਕਾ, ਵਧੇ ਮਾਮਲੇ
ਆਸਟ੍ਰੇਲੀਆ ’ਚ ਓਮੀਕ੍ਰੋਨ ਵੇਰੀਐਂਟ ਦਾ ਧਮਾਕਾ ਦੇਖਣ ਨੂੰ ਮਿਲ ਰਿਹਾ ਹੈ। ਪੂਰੇ ਆਸਟ੍ਰੇਲੀਆ ’ਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਕੈਬਨਿਟ ਦੀ ਐਮਰਜੈਂਸੀ ਬੈਠਕ ਬੁਲਾਉਣੀ ਪਈ ਹੈ। ਸਿਡਨੀ ਤੇ ਨਿਊ ਸਾਊਥ ਵੇਲਸ ’ਚ ਸਭ ਤੋਂ ਵੱਧ 11,000 ਤੋਂ ਵੱਧ ਕੇਸ ਮਿਲੇ ਹਨ। ਇਕ ਦਿਨ ’ਚ ਇੱਛੇ ਛੇ ਹਜ਼ਾਰ ਮਾਮਲੇ ਪਾਏ ਗਏ ਸਨ। ਵਿਕਟੋਰੀਆ ’ਚ ਵੀ ਮੰਗਲਵਾਰ ਦੇ ਇਕ ਹਜ਼ਾਰ ਦੇ ਮੁਕਾਬਲੇ ਬੁੱਧਵਾਰ ਨੂੰ ਕਰੀਬ ਚਾਰ ਹਜ਼ਾਰ ਨਵੇਂ ਕੇਸ ਮਿਲੇ। ਕੁਈਨਜ਼ਲੈਂਡ ਸਮੇਤ ਦੂਜੇ ਖੇਤਰਾਂ ’ਚ ਹੋਰ ਸੂਬਿਆਂ ’ਚ ਮਾਮਲਿਆਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਓਮੀਕ੍ਰੋਨ ਦੇ ਕਹਿਰ ਤੋਂ ਫਿਲਹਾਲ ਏਸ਼ੀਆ ਸੁਰੱਖਿਅਤ
ਅਮਰੀਕਾ ਤੇ ਯੂਰਪ ’ਚ ਜਿੱਥੇ ਓਮੀਕ੍ਰੋਨ ਨਾਲ ਹਾਲਾਤ ਖ਼ਰਾਬ ਹੋ ਰਹੇ ਹਨ, ਉੱਥੇ ਏਸ਼ੀਆ ਦਾ ਵਧੇਰੇ ਹਿੱਸਾ ਇਸ ਨੂੰ ਹਾਲੇ ਤੱਕ ਦੂਰ ਰੱਖਣ ’ਚ ਕਾਮਯਾਬ ਰਿਹਾ ਹੈ। ਹਾਲਾਂਕਿ ਦੁਨੀਆ ਦੀ ਸ਼ਭ ਤੋਂ ਵੱਧ ਅਬਾਦੀ ਵਾਲੇ ਖੇਤਰ ਏਸ਼ੀਆ ’ਚ ਇਸਦੇ ਮਾਮਲਿਆਂ ’ਚ ਵਾਧਾ ਅਣਕਿਆਸੇ ਤੌਰ ’ਤੇ ਦੇਖਣ ਨੂੰ ਮਿਲ ਸਕਦਾ ਹੈ।
ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਆਈਸੇਲੋਸ਼ਨ ਦੇ ਸਖ਼ਤ ਨਿਯਮ ਤੇ ਵੱਡੇ ਪੱਧਰ ’ਤੇ ਮਾਸਕ ਲਗਾਉਣ ਨੂੰ ਜ਼ਰੂਰੀ ਕਰਨ ਵਰਗੇ ਨਿਯਮਾਂ ਨੇ ਓਮੀਕ੍ਰੋਨ ਦੇ ਪਸਾਰ ਨੂੰ ਮੱਠਾ ਰੱਖਣ ’ਚ ਮਦਦ ਕੀਤੀ ਹੈ। ਜਾਪਾਨ, ਦੱਖਣੀ ਕੋਰੀਆ ਤੇ ਥੀਲੈਂਡ ਨੇ ਹਾਲ ਦੇ ਹਫ਼ਤਿਆਂ ’ਚ ਦਾਖ਼ਲੇ ਤੇ ਕੁਆਰੰਟਾਈਨ ਪਾਬੰਦੀਆਂ ਫਿਰ ਤੋਂ ਅਮਲ ’ਚ ਲਿਆਂਦਾ ਹੈ ਜਦਕਿ ਬੀਤੇ ਦਿਨੀਂ ਇਨ੍ਹਾਂ ’ਚ ਰਾਹਤ ਦਿੱਤੀ ਗਈ ਸੀ।

Comment here