ਨਵੀਂ ਦਿੱਲੀ-ਭਾਰਤ ’ਚ ਕੋਰੋਨਾ ਵੇਰੀਐਂਟ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਵੱਖ-ਵੱਖ ਸੂਬੇ ਇਸ ਨੂੰ ਕਾਬੂ ਕਰਨ ਲਈ ਰਾਤ ਦੇ ਕਰਫਿਊ ਤੋਂ ਲੈ ਕੇ ਸਕੂਲ-ਕਾਲਜ ਬੰਦ ਕਰਨ ਆਦਿ ਵਰਗੇ ਉਪਾਵਾਂ ਦਾ ਐਲਾਨ ਕਰ ਰਹੇ ਹਨ। ਪਰ ਕੀ ਇਹ ਤਰੀਕਾ ਅਸਲ ਵਿੱਚ ਪ੍ਰਭਾਵਸ਼ਾਲੀ ਹੈ? ਸੱਚਾਈ ਇਹ ਹੈ ਕਿ ਇਸ ਬਾਰੇ ਡਬਲਯੂਐਚਓ ਦੀ ਰਾਏ ਬਿਲਕੁਲ ਵੱਖਰੀ ਹੈ। ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਰਾਤ ਦਾ ਕਰਫਿਊ ਕਿਸੇ ਵਿਗਿਆਨ ’ਤੇ ਆਧਾਰਿਤ ਨਹੀਂ ਹੈ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕਿੰਨਾ ਅਸਰਦਾਰ ਹੈ। ਪਰ ਮਾਸਕ ਪਹਿਨਣਾ ਤੇ ਟੀਕਾਕਰਨ ਕੋਵਿਡ-19 ਦੇ ਫੈਲਣ ਤੋਂ ਰੋਕਣ ’ਚ ਵਧੇਰੇ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ 90 ਫੀਸਦ ਆਬਾਦੀ ਪੂਰਾ ਸਮਾਂ ਮਾਸਕ ਪਹਿਨਦੀ ਹੈ, ਤਾਂ ਸੰਕਰਮਣ ਨੂੰ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ। ਸਾਨੂੰ ਇਸ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਪਰ ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਿਰਫ ਸਿਹਤ ਦੇ ਲਿਹਾਜ਼ ਨਾਲ ਕੋਵਿਡ ਹੀ ਨਹੀਂ ਹੈ ਜੋ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਇਸ ਨਾਲ ਜੁੜੇ ਹੋਰ ਕਾਰਕ ਵੀ ਹਨ।
ਲਾਕਡਾਊਨ ਅਤੇ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ ਬਾਰੇ ਸਵਾਮੀਨਾਥਨ ਨੇ ਕਿਹਾ ਕਿ ਇਸ ਸਬੰਧ ’ਚ ਸਿਆਸਤਦਾਨਾਂ ਨੂੰ ਕੋਰੋਨਾ ਦਾ ਫੈਲਾਅ ਰੋਕਣ ਲਈ ਸਹੀ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਨ ਅਤੇ ਜਨਤਾ ਦੀਆਂ ਸਮੱਸਿਆਵਾਂ ਨਾਲ ਇਨ੍ਹਾਂ ਦਾ ਸੰਤੁਲਨ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਆਰਥਿਕ ਗਤੀਵਿਧੀਆਂ ਵੀ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਹਨ, ਕਿਉਂਕਿ ਲੋਕਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਹੁਣ ਹੋਰ ਨੁਕਸਾਨ ਝੱਲਣ ਦੀ ਸਥਿਤੀ ਨਹੀਂ ਬਚੀ ਹੈ। ਉੱਥੇ ਹੀ ਸਕੂਲਾਂ ਨੂੰ ਸਭਹ ਤੋ ਆਖਰੀ ਉਪਾਅ ਦੇ ਤੌਰ ’ਤੇ ਬੰਦ ਕਰਨਾ ਚਾਹੀਦੈ ਤੇ ਜੇਕਰ ਕੁਝ ਖੋਲ੍ਹਣ ਦੀ ਗੁੰਜਾਇਸ਼ ਹੋਵੇ ਤਾਂ ਸਭ ਤੋਂ ਪਹਿਲਾਂ ਸਕੂਲਾਂ ਨੂੰ ਹੀ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤਕ ਸਕੂਲ ਬੰਦ ਰਹਿਣ ਨਾਲ ਬੱਚਿਆਂ ਤੇ ਸਿੱਖਿਆ ’ਤੇ ਤਬਾਹਕੁੰਨ ਅਸਰ ਪੈਂਦਾ ਹੈ।
ਬੂਸਟਰ ਦੀ ਖੁਰਾਕ ਬਾਰੇ ਪੁੱਛੇ ਜਾਣ ’ਤੇ ਸਵਾਮੀਨਾਥਨ ਨੇ ਕਿਹਾ ਕਿ ਬੂਸਟਰ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਕਰਦੇ ਹਨ, ਕਿਉਂਕਿ ਇਹ ਮੈਮੋਰੀ ਸੈੱਲਾਂ ਨੂੰ ਸਰਗਰਮ ਕਰਦੇ ਹਨ। ਇਸ ਮੁੱਦੇ ’ਤੇ ਡਬਲਯੂਐਚਓ ਦਾ ਕਹਿਣਾ ਹੈ ਕਿ ਤੁਸੀਂ ਬੂਸਟਰ ਡੋਜ਼ ਦੇ ਤੌਰ ’ਤੇ ਕਿਹੜਾ ਟੀਕਾ ਚੁਣਦੇ ਹੋ, ਇਹ ਅਸਲ ਵਿੱਚ ਬਹੁਤ ਸਾਰੀਆਂ ਚੀਜ਼ਾਂ ’ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਤੁਸੀਂ ਕਿਸ ਦੇਸ਼ ਵਿਚ ਹੋ, ਉਸ ਦੇਸ਼ ਵਿਚ ਕਿਹੜੀ ਵੈਕਸੀਨ ਦਿੱਤੀ ਗਈ ਹੈ, ਉਸ ਦੇਸ਼ ਵਿਚ ਕਿਹੜੀ ਵੈਕਸੀਨ ਦੀ ਸਪਲਾਈ ਬਿਹਤਰ ਹੈ, ਜਨਤਾ ਨੂੰ ਕੀ ਪਸੰਦ ਹੈ, ਇਸਦੀ ਕੀਮਤ ਕਿੰਨੀ ਹੈ, ਆਦਿ। ਪਰ ਵੈਕਸੀਨ ਭਾਵੇਂ ਕੋਈ ਵੀ ਹੋਵੇ, ਸਰੀਰ ਨੂੰ ਬੂਸਟਰ ਡੋਜ਼ ਦੇਣਾ ਜ਼ਰੂਰੀ ਹੈ।
Comment here