ਸਿਆਸਤਖਬਰਾਂ

ਕੋਵਿਡ-19 : ਚੰਨੀ ਦੀ ਰੈਲੀ ’ਚ ਨਿਯਮ ਛਿੱਕੇ ਟੰਗੇ

ਸਮਰਾਲਾ-ਪੰਜਾਬ ਵਿੱਚ ਕਾਂਗਰਸ ਸਰਕਾਰ ਵਲੋਂ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਅੰਦਰ ਜਿੱਥੇ ਨਾਈਟ ਕਰਫਿਊ ਲਾਇਆ ਗਿਆ ਹੈ ਤੇ ਹੋਰ ਵੀ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ, ਪਰ ਸਿਆਸੀ ਰੈਲੀਆਂ ਉਪਰ ਕੋਈ ਰੋਕ-ਟੋਕ ਨਹੀਂ ਹੈ। ਇਸ ਕਰਕੇ ਲੋਕ ਲਗਾਤਾਰ ਸਰਕਾਰ ਉਪਰ ਸਵਾਲ ਚੁੱਕ ਰਹੇ ਹਨ। ਹਾਲਾਂਕਿ ਕੁਝ ਪਾਰਟੀਆਂ ਵੱਲੋਂ ਆਪਣੀਆਂ ਰੈਲੀਆਂ ਵੀ ਰੱਦ ਕੀਤੀਆਂ ਗਈਆਂ ਪਰ ਸੱਤਾ ਧਿਰ ਕਾਂਗਰਸ ਖੁਦ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ।
ਦਰਅਸਲ ‘ਚ ਬੀਤੇ ਵੀਰਵਾਰ ਨੂੰ ਮਾਛੀਵਾੜਾ ਸਾਹਿਬ ਵਿਖੇ ਹੋਈ ਕਾਂਗਰਸ ਦੀ ਰੈਲੀ ਵਿੱਚ ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਤੇ ਵੱਡੀ ਗਿਣਤੀ ‘ਚ ਲੋਕ ਰੈਲੀ ‘ਚ ਪੁੱਜੇ ਸਨ। ਇੱਥੇ ਨਾ ਤਾਂ ਲੋਕਾਂ ਨੇ ਮਾਸਕ ਪਹਿਨੇ ਸੀ ਤੇ ਨਾ ਹੀ ਮੁੱਖ ਮੰਤਰੀ ਸਮੇਤ ਹੋਰਨਾਂ ਆਗੂਆਂ ਨੇ ਮਾਸਕ ਪਹਿਨੇ ਸੀ।
ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਨਾ ਜਾਣ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਤੇ ਪੀਏ ਕੋਰੋਨਾ ਪੌਜੇਟਿਵ ਆ ਗਏ ਸੀ, ਜਿਸ ਕਰਕੇ ਉਨ੍ਹਾਂ ਨੇ ਦੂਰੀ ਬਣਾਈ। ਇਸ ਦੇ ਕੁਝ ਘੰਟੇ ਬਾਅਦ ਹੀ ਮੁੱਖ ਮੰਤਰੀ ਚੰਨੀ ਮਾਛੀਵਾੜਾ ਸਾਹਿਬ ਵਿਖੇ ਰੈਲੀ ਕਰਨ ਪੁੱਜਦੇ ਹਨ। ਇਹੋ ਜਿਹੇ ਮਾਹੌਲ ਵਿਚ ਸਵਾਲ ਉਠਦੇ ਹਨ ਕਿ ਹੁਣ ਕੋਰੋਨਾ ਕਿੱਥੇ ਗਿਆ?
ਜਦੋਂ ਇਸ ਸੰਬੰਧੀ ਜਵਾਬ ਜਾਣਨ ਲਈ ਮੁੱਖ ਮੰਤਰੀ ਨੂੰ ਮੀਡੀਆ ਨੇ ਰੁਕਣ ਲਈ ਕਿਹਾ ਤਾਂ ਉਹ ਬਿਨ੍ਹਾਂ ਗੱਲਬਾਤ ਕੀਤੇ ਚਲੇ ਗਏ। ਰੈਲੀ ਕਰਨ ਵਾਲੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਮੰਗਾਂ ਪੂਰੀਆਂ ਕਰਨ ਲਈ ਭਰੋਸਾ ਦੇ ਕੇ ਗਏ ਹਨ। ਰੈਲੀ ਦੌਰਾਨ ਸਟੇਜ ਉਪਰੋਂ ਮੁੜ ਤੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਹੋਈਆਂ ਤੇ ਮੰਗ ਵੀ ਉਠੀ।
ਇਸ ਬਾਰੇ ਜਦੋਂ ਅਮਰੀਕ ਢਿੱਲੋਂ ਨੂੰ ਪੁੱਛਿਆ ਗਿਆ ਤਾਂ ਉਹ ਬੋਲੇ ਕਿ ਇਹ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਉਨ੍ਹਾਂ ਦਾ ਪੋਤਾ ਕਰਨਵੀਰ ਢਿੱਲੋਂ ਜਜ਼ਬਾਤੀ ਹੈ ਤਾਂ ਬੋਲ ਗਿਆ ਹੋਣਾ। ਅਮਰੀਕ ਢਿੱਲੋਂ ਦੇ ਇਸ ਬਿਆਨ ਨਾਲ ਕਿਤੇ ਨਾ ਕਿਤੇ ਫਿਰ ਇਹ ਸਾਹਮਣੇ ਆਇਆ ਕਿ ਕਾਂਗਰਸੀ ਵਿਧਾਇਕ ਇਸ ਗੱਲ ਨੂੰ ਲੈ ਕੇ ਦੁਵਿਧਾ ਵਿਚ ਹਨ ਕਿ ਓਹ ਚੰਨੀ ਨੂੰ ਆਉਣ ਵਾਲਾ ਮੁੱਖ ਮੰਤਰੀ ਮੰਨਣ ਜਾਂ ਨਹੀਂ।
ਉੱਥੇ ਹੀ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮਗਰੋਂ ਪੰਜਾਬ ਭਾਜਪਾ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਕਿਹਾ ਕਿ ਭਾਜਪਾ ਰਾਜਨੀਤੀ ਕਰ ਰਹੀ ਹੈ। ਕੰਗਨਾ ਰਣੌਤ ਵੱਲੋਂ ਪੰਜਾਬ ਅੰਦਰ ਅੱਤਵਾਦੀ ਸਰਗਰਮੀਆਂ ਵਧਣ ਦੀ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕੋਟਲੀ ਨੇ ਕਿਹਾ ਕਿ ਅਜਿਹੇ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਇਸ ਨਾਲ ਹੀ ਰੈਲੀਆਂ ਵਿੱਚ ਭੀੜ ਕਾਰਨ ਕੀ ਕੋਰੋਨਾ ਨਹੀਂ ਫੈਲਦਾ, ਇਸ ਦਾ ਜਵਾਬ ਕੋਟਲੀ ਨੇ ਹੈਰਾਨੀ ਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੈਲੀਆਂ ਉਪਰ ਕੋਈ ਪਾਬੰਦੀ ਨਹੀਂ ਲਾਈ ਹੈ। ਇਹ ਬਿਮਾਰੀ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੈ। ਇਸ ਕਰਕੇ ਸਕੂਲ ਕਾਲਜ ਬੰਦ ਕਰਨ ਦਾ ਫੈਸਲਾ ਲੈਣਾ ਪਿਆ।

Comment here