ਬੀਜਿੰਗ-ਸਿਨਾ ਵੇਈਬੋ (ਚੀਨ ਦਾ ਟਵਿੱਟਰ ਵਰਗਾ ਪਲੇਟਫਾਰਮ) ਦਾ ਕਹਿਣਾ ਹੈ ਕਿ ਚੀਨ ਨੇ ਕੋਵਿਡ-19 ਸਬੰਧੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ 1,000 ਤੋਂ ਵੱਧ ਆਲੋਚਕਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਮੁਅੱਤਲ ਜਾਂ ਬੰਦ ਕਰ ਦਿੱਤਾ ਹੈ। ਸਿਨਾ ਵੇਈਬੋ ਦਾ ਕਹਿਣਾ ਹੈ ਕਿ ਉਸਨੇ ਮਾਹਰਾਂ, ਬੁੱਧੀਜੀਵੀਆਂ ਅਤੇ ਸਿਹਤ ਕਰਮਚਾਰੀਆਂ ‘ਤੇ ਹਮਲੇ ਸਮੇਤ 12,854 ਉਲੰਘਣਾਵਾਂ ਨੂੰ ਹੱਲ ਕੀਤਾ ਹੈ ਅਤੇ 1,120 ਖਾਤਿਆਂ ‘ਤੇ ਅਸਥਾਈ ਜਾਂ ਸਥਾਈ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਸਿੱਧੀ ਆਲੋਚਨਾ ਦੀ ਇਜਾਜ਼ਤ ਨਹੀਂ ਦਿੰਦੀ ਹੈ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਸਖ਼ਤ ਪਾਬੰਦੀਆਂ ਲਾਉਂਦੀ ਹੈ। ਵੇਈਬੋ ਨੇ ਵੀਰਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਕੰਪਨੀ “ਜਾਂਚ ਜਾਰੀ ਰੱਖੇਗੀ ਅਤੇ ਹਰ ਤਰ੍ਹਾਂ ਦੀ ਗੈਰ-ਕਾਨੂੰਨੀ ਸਮੱਗਰੀ ਆਦਿ ਨੂੰ ਹਟਾਏਗੀ ਅਤੇ ਜ਼ਿਆਦਾਤਰ ਉਪਭੋਗਤਾਵਾਂ ਲਈ ਇੱਕ ਸਦਭਾਵਨਾ ਵਾਲਾ ਮਾਹੌਲ ਬਣਾਏਗੀ।”
ਜ਼ਿਕਰਯੋਗ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀਆਂ ਪਾਬੰਦੀਆਂ, ਇਕਾਂਤਵਾਸ ਦੇ ਨਿਯਮਾਂ ਅਤੇ ਵੱਡੇ ਪੱਧਰ ‘ਤੇ ਟੈਸਟਿੰਗ ਨੂੰ ਮੈਡੀਕਲ ਜਗਤ ਦੇ ਮਾਹਿਰਾਂ ਦੀ ਰਾਏ ਦੇ ਆਧਾਰ ‘ਤੇ ਜਾਇਜ਼ ਠਹਿਰਾਉਂਦੀ ਰਹੀ ਸੀ ਪਰ ਪਿਛਲੇ ਮਹੀਨੇ ਸਰਕਾਰ ਨੇ ਅਚਾਨਕ ਕੋਵਿਡ ਨਾਲ ਸਬੰਧਤ ਸਾਰੀਆਂ ਪਾਬੰਦੀਆਂ ‘ਚ ਢਿੱਲ ਦੇ ਦਿੱਤੀ, ਜਿਸ ਕਾਰਨ ਫਿਰ ਤੋਂ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ।
Comment here