ਬੀਜਿੰਗ-ਬੀਤੇ ਦਿਨੀ ਚੀਨ ਨੇ ਉੱਤਰੀ ਸ਼ਹਿਰ ਸ਼ਿਆਨ ਵਿਚ ਕੋਰੋਨਾ ਵਾਇਰਸ ਦੇ ਸਥਾਨਕ ਮਾਮਲਿਆਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਹੈ। ਇਸ ਸ਼ਹਿਰ ਵਿਚ ਪਿਛਲੇ 2 ਹਫ਼ਤਿਆਂ ਤੋਂ ਸਖ਼ਤ ਤਾਲਾਬੰਦੀ ਲੱਗੀ ਹੋਈ ਹੈ। ਸਰਦ ਰੁੱਤ ਓਲੰਪਿਕ ਖੇਡਾਂ 4 ਫਰਵਰੀ ਤੋਂ ਬੀਜਿੰਗ ਵਿਚ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਚੀਨ ਨੇ ਬੀਮਾਰੀ ਦੇ ਕਿਸੇ ਵੀ ਨਵੇਂ ਪ੍ਰਕੋਪ ਨੂੰ ਰੋਕਣ ਲਈ ਉਪਾਅ ਦੁੱਗਣੇ ਕਰ ਦਿੱਤੇ ਹਨ। ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਬੀਜਿੰਗ ਤੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਉਥੇ ਹੀ ਹੋਟਲਾਂ ਨੇ ਵੀ ਨਵੀਂ ਬੁਕਿੰਗ ਬੰਦ ਕਰ ਦਿੱਤੀ ਹੈ। ਖਿਡਾਰੀ, ਅਧਿਕਾਰੀ ਅਤੇ ਪੱਤਰਕਾਰ ‘ਮਹਾਮਾਰੀ ਰੋਕੂ’ ਜ਼ੋਨ ਵਿਚ ਦਾਖ਼ਲ ਹੋਣ ਤੋਂ ਬਾਅਦ ਜਦੋਂ ਤੱਕ ਸਰਦ ਰੁੱਤ ਓਲੰਪਿਕ ਖੇਡਾਂ ਖ਼ਤਮ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਥੇ ਹੀ ਰਹਿਣਗੇ। ਸਰਦ ਰੁੱਤ ਓਲੰਪਿਕ ਖੇਡਾਂ 4 ਤੋਂ 20 ਫਰਵਰੀ ਤੱਕ ਚੱਲਣਗੀਆਂ।
ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਸ਼ਿਆਨ ਵਿਚ ਸਿਰਫ਼ 35 ਕੇਸ ਪਾਏ ਗਏ ਹਨ, ਜੋ ਕਿ ਇਕ ਦਿਨ ਪਹਿਲਾਂ 95 ਸਨ। ਰੋਜ਼ਾਨਾ ਮਾਮਲਿਆਂ ਵਿਚ ਇਹ ਤੇਜ਼ ਗਿਰਾਵਟ ਹੈ। ਸ਼ਿਆਨ ਵਿਚ ਹੁਣ ਤੱਕ 1600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ‘ਆਰ ਵਰਲਡ ਇਨ ਡੇਟਾ’ ਮੁਤਾਬਕ ਚੀਨ ਨੇ ਹੁਣ ਤੱਕ ਆਪਣੀ 85 ਫੀਸਦੀ ਆਬਾਦੀ ਦਾ ਟੀਕਾਕਰਨ ਕੀਤਾ ਹੈ। ਟੀਕੇ ਗੰਭੀਰ ਰੂਪ ਵਿਚ ਬਿਮਾਰ ਹੋਣ ਦੀ ਸੰਭਾਵਨਾ ਨੂੰ ਘਟਾਉਂਦੇ ਹਨ। ਸ਼ਹਿਰ ਦੇ ਰੋਗ ਨਿਯੰਤਰਣ ਕੇਂਦਰ ਦੇ ਡਿਪਟੀ ਡਾਇਰੈਕਟਰ, ਚੇਨ ਝੀਜੁਨ ਨੇ ਕਿਹਾ ਕਿ ਸ਼ਿਆਨ ਵਿਚ ਵੱਡੇ ਪੱਧਰ ‘ਤੇ ਆਬਾਦੀ ਵਿਚ ਸੰਕ੍ਰਮਣ ਦਾ ਪ੍ਰਸਾਰ ਨਹੀਂ ਹੋਇਆ ਹੈ ਅਤੇ ਜੋ ਮਾਮਲੇ ਸਾਹਮਣੇ ਆਏ ਹਨ, ਉਹ ਲੋਕ ਸੰਕ੍ਰਮਿਤਾਂ ਦੇ ਸੰਪਰਕ ਵਿਚ ਆਉਣ ਨਾਲ ਬੀਮਾਰ ਹੋਏ ਹਨ ਅਤੇ ਉਹ ਇਕਾਂਤਵਾਸ ਵਿਚ ਹਨ। ਚੀਨ ਵਿਚ ਕੋਰੋਨਾ ਵਾਇਰਸ ਦੇ ਕੁੱਲ 1,029,32 ਮਾਮਲੇ ਸਾਹਮਣੇ ਆਏ ਹਨ ਅਤੇ 4,636 ਲੋਕਾਂ ਦੀ ਮੌਤ ਹੋ ਚੁੱਕੀ ਹੈ।
Comment here