ਬੀਜਿੰਗ- ਕੋਵਿਡ ਮਹਾਮਾਰੀ ਦਾ ਅਸਰ ਹਾਲੇ ਵੀ ਕਈ ਮੁਲਕਾਂ ਵਿਚ ਹੈ, ਜਦ ਇਹ ਮਹਾਮਾਰੀ ਸ਼ੁਰੂ ਹੋਈ ਸੀ ਤਾਂ ਪੂਰੀ ਦੁਨੀਆ ਨੂੰ ਇਕ ਵਾਰ ਤਾਂ ਸਟੱਕ ਕਰ ਦਿੱਤਾ ਗਿਆ ਸੀ, ਬਹੁਤ ਸਾਰੇ ਮੁਲਕਾਂ ਨੇ ਕੋਵਿਡ ਪਾਬੰਦੀਆਂ ਲਾਗੂ ਕੀਤੀਆਂ। ਚੀਨ ਵੀ ਉਹਨਾਂ ਵਿਚ ਇਕ ਹੈ, ਜਿਥੇ ਕਿ ਇਹ ਬਿਮਾਰੀ ਸ਼ੁਰੂ ਹੋਈ ਮੰਨੀ ਜਾਂਦੀ ਹੈ। ਚੀਨ ਨੇ ਕੋਵਿਡ-19 ਮਹਾਮਾਰੀ ਕਾਰਨ ਸਖ਼ਤ ਵੀਜ਼ਾ ਪਾਬੰਦੀਆਂ ਕਾਰਨ ਦੇਸ਼ ਵਿਚ ਫਸੇ 23,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ‘ਜਲਦ ਵਾਪਸੀ’ ਲਈ ਕੰਮ ਕਰਨ ਦਾ ਭਾਰਤ ਨਾਲ ਵਾਅਦਾ ਕੀਤਾ ਹੈ। ਨਾਲ ਹੀ, ਚੀਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਭਾਰਤੀ ਵਿਦਿਆਰਥੀਆਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦੀ ਪੜ੍ਹਾਈ ਮੁੜ ਸ਼ੁਰੂ ਕਰਾਉਣਾ ਕੋਈ ਸਿਆਸੀ ਮੁੱਦਾ ਨਹੀਂ ਹੈ। ਇਨ੍ਹਾਂ ਭਾਰਤੀ ਵਿਦਿਆਰਥੀਆਂ ਦੇ ਗੁੰਝਲਦਾਰ ਮੁੱਦੇ ‘ਤੇ ਆਪਣੀ ਪਹਿਲੀ ਸਕਾਰਾਤਮਕ ਗੱਲਬਾਤ ਵਿਚ ਚੀਨੀ ਵਿਦੇਸ਼ ਮੰਤਰਾਲਾ ਨੇ ਇੱਥੇ ਭਾਰਤੀ ਦੂਤਘਰ ਨੂੰ ਸੂਚਿਤ ਕੀਤਾ ਕਿ ‘ਉਹ ਭਾਰਤੀ ਵਿਦਿਆਰਥੀਆਂ ਸਮੇਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਭਲਾਈ ਬਾਰੇ ਜਾਣੂ ਹਨ।’ ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਚੀਨ ਦੇ ਵੱਖ-ਵੱਖ ਕਾਲਜਾਂ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। ਭਾਰਤੀ ਦੂਤਘਰ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ, ‘ਚੀਨ ਦੇ ਵਿਦੇਸ਼ ਮੰਤਰਾਲਾ ਨੇ ਦੂਤਘਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਸਮੇਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਭਲਾਈ ਬਾਰੇ ਜਾਣੂ ਹਨ ਅਤੇ ਇਹ ਵੀ ਦੱਸਿਆ ਹੈ ਕਿ ਉਹ ਤਾਲਮੇਲ ਨਾਲ ਉਨ੍ਹਾਂ ਦੀ ਜਲਦ ਵਾਪਸੀ ‘ਤੇ ਕੰਮ ਕਰਨਗੇ ਅਤੇ ਇਸ ਵਿਸ਼ੇ ‘ਤੇ ਦੂਤਘਰ ਨਾਲ ਲਗਾਤਾਰ ਸੰਪਰਕ ਵਿਚ ਰਹਿਣਗੇ।’ ਜ਼ਿਕਰਯੋਗ ਹੈ ਕਿ 2020 ਤੋਂ ਚੀਨ ਨੇ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨਾ ਬੰਦ ਕੀਤਾ ਹੋਇਆ ਹੈ ਅਤੇ ਫਿਲਹਾਲ ਦੋਵਾਂ ਦੇਸ਼ਾਂ ਵਿਚਾਲੇ ਉਡਾਣਾਂ ਨਹੀਂ ਚੱਲ ਰਹੀਆਂ ਹਨ। ਭਾਰਤੀ ਦੂਤਘਰ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ, ‘ਉਹ ਦੋਵਾਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਦੇ ਮੁੱਦੇ ‘ਤੇ ਚੀਨੀ ਪੱਖ ਨਾਲ ਕੰਮ ਕਰਨਾ ਜਾਰੀ ਰੱਖੇਗਾ।’ ਇਸ ਵਿਚ ਕਿਹਾ ਗਿਆ ਹੈ, “ਚੀਨ ਦੀ ਯਾਤਰਾ ਕਰਨ ਦੇ ਚਾਹਵਾਨ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੋਰ ਜਾਣਕਾਰੀ ਲਈ ਦਿੱਲੀ ਵਿਚ ਚੀਨੀ ਦੂਤਘਰ ਅਤੇ ਮੁੰਬਈ ਅਤੇ ਕੋਲਕਾਤਾ ਵਿਚ ਸਥਿਤ ਵਣਜ ਦੂਤਘਰਾਂ ਨਾਲ ਸੰਪਰਕ ਵਿਚ ਰਹਿਣ।’ ਭਾਰਤੀ ਦੂਤਘਰ ਅਤੇ ਵਣਜ ਦੂਤਘਰ ਇਸ ਵਿਸ਼ੇ ‘ਤੇ ਚੀਨ ਵੱਲੋਂ ਸੂਚਨਾ ਸਾਂਝੀ ਕੀਤੀ ਜਾਣ ‘ਤੇ ਉਸ ਨੂੰ ਤਰੁੰਤ ਆਪਣੀ ਵੈੱਬਸਾਈਟ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਪਲਬਧ ਕਰਾਉਣਗੇ।’
Comment here