ਕੈਰੋਲੀਨਾ- ਵਿਸ਼ਵ ਭਰ ਵਿੱਚ ਕੋਰੋਨਾ ਤੋਂ ਬਚਾਅ ਲਈ ਟੀਕਾ ਲੁਆਉਣ ਲਈ ਬਹੁਤ ਪ੍ਰਚਾਰ ਹੋ ਰਿਹਾ ਹੈ, ਪਰ ਕਈ ਲੋਕ ਅਜੇ ਵੀ ਟੀਕੇ ਨਹੀਂ ਲੁਆ ਰਹੇ | ਪਿਛਲੇ ਦਿਨੀਂ ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਇਕ ਕਸਬੇ ਦੀ ਸੜਕ ‘ਤੇ ਇਕ ਟਰੱਕ ਨਜ਼ਰ ਆਇਆ, ਜਿਸ ‘ਤੇ ਲਿਖਿਆ ਹੋਇਆ ਸੀ—ਡੌਂਟ ਗੈੱਟ ਵੈਕਸੀਨੇਟਿਡ (ਟੀਕਾ ਨਾ ਲੁਆਇਓ) | ਦੇਖਦਿਆਂ ਹੀ ਦੇਖਦਿਆਂ ਇਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ | ਟੀਕਾ ਨਾ ਲੁਆਉਣ ਦੀ ਸਲਾਹ ਦੇਣ ਦੇ ਥੱਲੇ ‘ਵਿਲਮੋਰ ਫਿਊਨਰਲ ਹੋਮ’ ਲਿਖਿਆ ਹੋਇਆ ਸੀ ਤੇ ਉਸ ਤੋਂ ਹੇਠਾਂ ਦੱਖਣੀ ਕੈਰੋਲੀਨਾ ਦੇ ਲੈਂਕੈਸਟਰ ਦੀ ਵਿਗਿਆਪਨ ਏਜੰਸੀ ਕਰੇਨਸ਼ਾਅ ਵਿਜ਼ਨਜ਼ ਦਾ ਫੋਨ ਨੰਬਰ ਸੀ | ਲੋਕ ਹੈਰਾਨ ਸਨ ਕਿ ਟੀਕਾ ਨਾ ਲਵਾਉਣ ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ | ਵਿਲਮੋਰ ਫਿਊਨਰਲ ਹੋਮ ਦੇ ਲਿੰਕ ਦੀ ਵਰਤੋਂ ਕਰਕੇ ਲੋਕਾਂ ਨੇ ਇਕ ਵੈੱਬਸਾਈਟ ਦਾ ਪਤਾ ਲਾਇਆ, ਜਿਸ ‘ਤੇ ਲਿਖਿਆ ਸੀ—ਹੁਣੇ ਟੀਕਾ ਲੁਆਓ | ਇਸ ਦੇ ਨਾਲ ਹੀ ਇਹ ਵੀ ਲਿਖਿਆ ਸੀ—ਜੇ ਨਹੀਂ ਲੁਆਇਆ ਤਾਂ ਤੁਹਾਨੂੰ ਛੇਤੀ ਮਿਲਾਂਗੇ |
ਟੀਕਾ ਲੁਆਓ ਦੇ ਸੁਨੇਹੇ ‘ਤੇ ਕਲਿੱਕ ਕਰਨ ‘ਤੇ ਲੋਕ ਸਟਾਰਮੈਡ ਹੈੱਲਥ ਕੇਅਰ ਦੀ ਕੋਵਿਡ-19 ਵੈਕਸੀਨ ਵੈੱਬਸਾਈਟ ‘ਤੇ ਪੁੱਜੇ | ਇਸ ਵੈੱਬਸਾਈਟ ‘ਤੇ ਦੱਸਿਆ ਗਿਆ ਸੀ ਕਿ ਤੁਸੀਂ ਕਿੱਥੋਂ ਟੀਕਾ ਲਗਵਾ ਸਕਦੇ ਹੋ | ਹੋਰ ਵੀ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਸਨ | ਹੈੱਲਥ ਕੇਅਰ ਏਜੰਸੀ ਨੇ ਕਿਹਾ ਕਿ ਇਹ ਸਭ ਕੁਝ ਉਸ ਨੇ ਨਹੀਂ ਕੀਤਾ, ਪਰ ਉਸ ਨੂੰ ਖੁਸ਼ੀ ਹੋਵੇਗੀ ਕਿ ਜੇ ਕੋਈ ਇਸ ਵਿਗਿਆਪਨ ਨੂੰ ਦੇਖ ਕੇ ਟੀਕਾ ਲੁਆ ਲਵੇ | ਓੜਕ ਵੀ ਬੀ ਟੀ ਵੀ ਨੇ ਪਤਾ ਲਾਇਆ ਕਿ ਇਹ ਉਕਸਾਊ ਸੁਨੇਹਾ ਕਿਸ ਦੀ ਕਾਢ ਸੀ | ਇਹ ਵਿਗਿਆਪਨ ਏਜੰਸੀ ਬੂਨਓਕਲੇੇ ਦਾ ਮਾਲਕ ਡੈਵਿਡ ਓਕਲੇ ਸੀ | ਉਸ ਨੇ ਕਿਹਾ ਕਿ ਟੀਕਾ ਲੁਆਓ ਦਾ ਸੁਨੇਹਾ ਸਧਾਰਨ ਜਿਹਾ ਹੈ | ਉਨ੍ਹਾ ਅਜਿਹਾ ਸੁਨੇਹਾ ਦੇਣ ਬਾਰੇ ਸੋਚਿਆ ਕਿ ਲੋਕ ਪੜ੍ਹ ਕੇ ਸੋਚਣ ਤਾਂ ਸਹੀ | ਇਸ ਨੂੰ ਪੜ੍ਹ ਕੇ ਇਕ ਵਿਅਕਤੀ ਵੀ ਟੀਕਾ ਲੁਆ ਲੈਂਦਾ ਹੈ ਤਾਂ ਉਹ ਸਮਝਣਗੇ ਕਿ ਉਨ੍ਹਾ ਦੇ ਸੁਨੇਹੇ ਦਾ ਮੁੱਲ ਪੈ ਗਿਆ |
ਕੋਵਿਡ ਰੋਕੂ ਟੀਕਾ ਨਾ ਲਵਾਇਓ…

Comment here