ਸਿਆਸਤਸਿਹਤ-ਖਬਰਾਂਖਬਰਾਂ

ਕੋਵਿਡ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜਾਹ ਹਜ਼ਾਰ ਦੀ ਮਦਦ ਦੇਣ ਦੀ ਕੇਂਦਰ ਨੇ ਭਰੀ ਹਾਮੀ

ਨਵੀਂ ਦਿੱਲੀ-ਦੇਸ਼ ਵਿੱਚ ਕੋਵਿਡ ਨਾਲ ਹੋਈਆਂ ਮੌਤਾਂ ਦੇ ਮਾਮਲੇ ਚ ਸੁਪਰੀਮ ਕੋਰਟ ਵਿਚ ਦਿੱਤੇ ਇੱਕ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਹਰੇਕ ਕੋਰੋਨਾ ਮ੍ਰਿਤਕ ਦੇ ਪਰਿਵਾਰਾਂ ਨੂੰ 50,000 ਰੁਪਏ ਦਾ ਮੁਆਵਜ਼ਾ ਦੇਵੇਗੀ। ਮੁਆਵਜ਼ੇ ਦੀ ਇਹ ਰਕਮ ਰਾਜ ਦੇ ਆਪਦਾ ਰਾਹਤ ਫੰਡ ਤੋਂ ਪੀੜਤਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੀ ਕੌਮੀ ਆਫਤ ਪ੍ਰਬੰਧਨ ਅਥਾਰਟੀ ਯਾਨੀ ਐਨਡੀਆਰਐਫ ਨੇ ਅੱਜ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਰੋਨਾ ਨਾਲ ਸਬੰਧਤ ਮੌਤਾਂ ‘ਤੇ ਮੁਆਵਜ਼ੇ ਦੀ ਰਕਮ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਕਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਨਿਯਮਾਂ ਅਨੁਸਾਰ ਕੁਦਰਤੀ ਆਫਤ ਕਾਰਨ ਮਰਨ ਵਾਲਿਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਪਰ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਤੋਂ ਬਾਅਦ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੇਂਦਰ ਨੇ ਕਿਹਾ ਸੀ ਕਿ ਸਰਕਾਰ ਨੂੰ ਇੰਨਾ ਜ਼ਿਆਦਾ ਮੁਆਵਜ਼ਾ ਦੇਣ ਨਾਲ ਵੱਡਾ ਨੁਕਸਾਨ ਹੋਵੇਗਾ। ਪਰ ਸੁਪਰੀਮ ਕੋਰਟ ਦੇ ਦਬਾਅ ਤੋਂ ਬਾਅਦ ਅੱਜ ਐਨਡੀਆਰਐਫ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਰੋਨਾ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਪਰ ਇਹ ਪੈਸਾ ਰਾਜ ਸਰਕਾਰਾਂ ਦੇ ਅਧੀਨ ਕੰਮ ਕਰ ਰਹੇ ਸੂਬਾ ਆਫਤ ਰਾਹਤ ਫੰਡ ਦੁਆਰਾ ਦਿੱਤਾ ਜਾਵੇਗਾ। ਇਸ ਦੇ ਲਈ, ਪਰਿਵਾਰ ਨੂੰ ਜ਼ਿਲ੍ਹੇ ਦੇ ਆਫਤ ਪ੍ਰਬੰਧਕ ਦਫਤਰ ਵਿੱਚ ਅਰਜ਼ੀ ਦੇਣੀ ਹੋਵੇਗੀ ਅਤੇ ਕਰੋਨਾ ਕਾਰਨ ਹੋਈ ਮੌਤ ਦਾ ਸਬੂਤ ਯਾਨੀ ਮੈਡੀਕਲ ਸਰਟੀਫਿਕੇਟ ਦੇਣਾ ਪਵੇਗਾ।

Comment here