ਸਿਆਸਤਸਿਹਤ-ਖਬਰਾਂਖਬਰਾਂ

ਕੋਰੋਨਾ ਕਾਰਨ ਰੈਲੀਆਂ ਮੁਲਤਵੀ, ਪਰ ਸਿੱਧੂ ਨੇ ਕੀਤਾ ਵੱਡਾ ਇਕੱਠ

ਚੰਡੀਗੜ੍ਹ-ਕਰੋਨਾ ਵਾਇਰਸ ਕਾਰਨ ਸਿਆਸੀ ਰੈਲੀਆਂ ਉੱਪਰ ਪਾਬੰਦੀ ਦੀ ਮੰਗ ਉੱਠ ਰਹੀ ਹੈ। ਕਾਂਗਰਸ ਖੁਦ ਸਿਆਸੀ ਰੈਲੀਆਂ ਉੱਪਰ ਪਾਬੰਦੀ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ ਨਵਜੋਤ ਸਿੱਧੂ ਪਾਰਟੀ ਹਾਈਕਮਾਨ ਦੇ ਫੈਸਲੇ ਖਿਲਾਫ ਜਾ ਕੇ ਅੱਜ ਰੈਲੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਹਾਈਕਮਾਨ ਦੇ ਹੁਕਮ ਮੰਨਣ ਲਈ ਵੀ ਤਿਆਰ ਨਹੀਂ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਆਦੇਸ਼ਾਂ ਨੂੰ ਦਰ-ਕਿਨਾਰੇ ਕਰਕੇ ਸਿੱਧੂ ਨੇ ਅੱਜ ਬਰਨਾਲਾ ਵਿੱਚ ਰੈਲੀ ਕੀਤੀ ਜਾ ਰਹੀ ਹੈ। ਕੋਰੋਨਾ ਦੇ ਕਹਿਰ ਦੇ ਬਾਵਜੂਦ ਰੈਲੀ ਵਿੱਚ ਵੱਡਾ ਇਕੱਠ ਨਜ਼ਰ ਆਇਆ।
ਦੱਸ ਦਈਏ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਨੇ ਆਗਾਮੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਹੋਣ ਵਾਲੀਆਂ ਸਿਆਸੀ ਰੈਲੀਆਂ ਨੂੰ ਮੁਲਤਵੀ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ ਦੇ ਵਧ ਰਹੇ ਖ਼ਤਰੇ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਮੇਤ ਪੰਜ ਸੂਬਿਆਂ ਵਿਚ ਵੱਡੀਆਂ ਰੈਲੀਆਂ ਟਾਲ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀਆਂ ਰੈਲੀਆਂ ਨਹੀਂ ਹੋਣਗੀਆਂ।
ਦੱਸ ਦਈਏ ਕਿ ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕਾਂਗਰਸ ਨੇ ਪਹਿਲਾਂ ਹੀ ਇਸ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਆਪਣੀਆਂ ਚਾਰ ਮੈਰਾਥਨ ਦੌੜਾਂ ਨੂੰ ਰੱਦ ਕਰ ਦਿੱਤਾ ਹੈ। ਇਹੀ ਨਹੀਂ ਪਾਰਟੀ ਨੇ ਅਗਾਮੀ ਯੂਪੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਕੀਤੀਆਂ ਜਾਣ ਵਾਲੀਆਂ ਵੱਡੀ ਰੈਲੀਆਂ ਨਾ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਦੇਸ਼ ‘ਚ ਹੁਣ ਦਿਨੋ-ਦਿਨ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਕੋਰੋਨਾ ਦੇ 91 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ‘ਚ ਇੱਕ ਪਾਸੇ ਕੋਰੋਨਾ ਹੈ ਤੇ ਦੂਜੇ ਪਾਸੇ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਹਨ। ਅਜਿਹੇ ‘ਚ ਕੋਰੋਨਾ ਦੇ ਦੌਰ ‘ਚ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ‘ਚ ਮੰਥਨ ਚੱਲ ਰਿਹਾ ਹੈ।

Comment here