ਅਜਬ ਗਜਬਖਬਰਾਂਦੁਨੀਆ

ਕੋਪਨਹੇਗਨ ਸਭ ਤੋੰ ਸੁਰੱਖਿਅਤ ਸ਼ਹਿਰ!!

 ਦਿ ਇਕਨਾਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਵਿਚ ਦੁਨੀਆਂ ਦੇ 60 ਸਭ ਤੋਂ ਸੁਰੱਖਿਅਤ ਸ਼ਹਿਰਾਂ ਬਾਰੇ ਦੱਸਿਆ ਗਿਆ ਹੈ, ਇਹਨਾਂ ਵਿਚ ਦੋ ਭਾਰਤ ਦੇ ਸ਼ਹਿਰ ਵੀ ਸ਼ਾਮਲ ਹਨ। ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਇਹ ਰੈਂਕਿੰਗ ਡਿਜੀਟਲ, ਸਿਹਤ, ਬੁਨਿਆਦੀ ਢਾਂਚਾ, ਵਿਅਕਤੀਗਤ ਅਤੇ ਵਾਤਾਵਰਣ ਸੁਰੱਖਿਆ ਸਮੇਤ 76 ਮਾਪਦੰਡਾਂ ‘ਤੇ ਅਧਾਰਤ ਹੈ। ਇਸ ਰੈਂਕਿੰਗ ਵਿਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ 48ਵੇਂ ਨੰਬਰ ’ਤੇ ਹੈ ਜਦਕਿ ਮੁੰਬਈ ਸ਼ਹਿਰ 50ਵੇਂ ਨੰਬਰ ’ਤੇ ਆਉਂਦਾ ਹੈ। ਦਿੱਲੀ ਨੂੰ ਇਸ ਲਿਸਟ ਵਿਚ 100 ਵਿਚੋਂ 56.1 ਅੰਕ ਮਿਲੇ ਹਨ ਜਦਕਿ ਮੁੰਬਈ ਨੂੰ 54.4 ਅੰਕ ਮਿਲੇ ਹਨ। ਇਸ ਰੈਂਕਿੰਗ ਵਿਚ ਪਾਕਿਸਤਾਨ ਦੇ ਸ਼ਹਿਰ ਕਰਾਚੀ ਨੂੰ ਵੀ ਥਾਂ ਮਿਲੀ ਹੈ। ਟਾਪ 60 ਸੁਰੱਖਿਅਤ ਸ਼ਹਿਰਾਂ ਦੀ ਲਿਸਟ ਵਿਚ ਕਰਾਚੀ 59ਵੇਂ ਸਥਾਨ ’ਤੇ ਹੈ।

ਸਿਖਰਲੇ 10 ਸ਼ਹਿਰਾਂ ਦੀ ਸੂਚੀ- 

ਕੋਪਨਹੇਗਨ – ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿਚ 82.4 ਅੰਕ ਨਾਲ ਪਹਿਲੇ ਸਥਾਨ ‘ਤੇ ਹੈ। 2019 ਦੇ ਇੰਡੈਕਸ ਵਿਚ ਇਹ ਸ਼ਹਿਰ ਅੱਠਵੇਂ ਸਥਾਨ ‘ਤੇ ਸੀ।

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਸ਼ਹਿਰ ਨੇ 82.2 ਅੰਕਾਂ ਨਾਲ ਸੂਚੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਪਿਛਲੀ ਵਾਰ ਟੋਰਾਂਟੋ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿਚ ਛੇਵੇਂ ਸਥਾਨ ‘ਤੇ ਸੀ।

ਸਿੰਗਾਪੁਰ ਰੈਂਕਿੰਗ ਵਿਚ ਸਿੰਗਾਪੁਰ 80.7 ਅੰਕਾਂ ਨਾਲ ਤੀਜੇ ਸਥਾਨ ’ਤੈ ਹੈ। ਪਿਛਲੇ ਸਾਲ ਇਹ ਸ਼ਹਿਰ ਦੂਜੇ ਨੰਬਰ ’ਤੇ ਸੀ।

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਨੂੰ 80.1 ਅੰਕ ਨਾਲ ਦੁਨੀਆਂ ਦਾ ਚੌਥਾ ਸਭ ਤੋਂ ਸੁਰੱਖਿਅਤ ਸ਼ਹਿਰ ਮੰਨਿਆ ਗਿਆ ਹੈ। ਪਿਛਲੇ ਸਾਲ ਵੀ ਸਿਡਨੀ ਚੌਥੇ ਨੰਬਰ ਉੱਤੇ ਹੀ ਸੀ।

ਟੋਕੀਉ – ਉਲੰਪਿਕ 2020 ਦੀ ਮੇਜ਼ਬਾਨੀ ਕਰਨ ਵਾਲਾ ਜਾਪਾਨ ਦੀ ਰਾਜਧਾਨੀ ਟੋਕੀਉ 80 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਸਾਲ 2019 ਵਿਚ ਇਹ ਸ਼ਹਿਰ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਸੀ।

ਐਮਸਟਰਡਮ – ਨੀਦਰਲੈਂਡਜ਼ ਦੀ ਰਾਜਧਾਨੀ ਐਮਸਟਰਡਮ 79.3 ਅੰਕਾਂ ਨਾਲ ਦੁਨੀਆ ਦਾ ਛੇਵਾਂ ਸਭ ਤੋਂ ਸੁਰੱਖਿਅਤ ਸਥਾਨ ਹੈ।

ਵੈਲਿੰਗਟਨ – ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ 79 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ।

ਹਾਂਗਕਾਂਗ – ਲਿਸਟ ਅਨੁਸਾਰ ਹਾਂਗਕਾਂਗ ਦੁਨੀਆਂ ਦਾ 8ਵਾਂ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਇਸ ਸ਼ਹਿਰ ਨੂੰ 78.6 ਅੰਕ ਮਿਲੇ ਹਨ।

ਮੈਲਬੌਰਨ – ਆਸਟ੍ਰੇਲੀਆ ਦਾ ਮੈਲਬੌਰਨ ਸ਼ਹਿਰ ਸੂਚੀ ਵਿਚ 9ਵੇਂ ਨੰਬਰ ’ਤੇ ਹੈ। ਮੈਲਬੌਰਨ ਨੇ 78.6 ਅੰਕਾਂ ਨਾਲ ਟਾਪ-10 ਵਿਚ ਥਾਂ ਬਣਾਈ ਹੈ।

ਸਟਾਕਹੋਮ – ਸਵੀਡਨ ਦੀ ਰਾਜਧਾਨੀ ਸਟਾਕਹੋਮ ਨੂੰ ਦੁਨੀਆਂ ਦਾ ਦਸਵਾਂ ਸਭ ਤੋਂ ਸੁਰੱਖਿਅਤ ਸ਼ਹਿਰ ਮੰਨਿਆ ਗਿਆ ਹੈ। ਇਸ ਸੂਚੀ ਵਿਚ ਸਟਾਕਹੋਮ ਨੂੰ 78 ਅੰਕ ਮਿਲੇ ਹਨ।

Comment here