ਸਾਹਿਤਕ ਸੱਥ

ਕੋਈ ਹੋਰ ਗੱਲ ਸੁਣਾ

ਕਹਾਣੀ

ਅੱਜ ਹਰਿੰਦਰ ਕੋਲ ਸਾਰਾ ਕੁੱਝ ਸੀ। ਆਲੀਸ਼ਾਨ ਕੋਠੀ, ਸਰਕਾਰੀ ਜਿਪਸੀ, ਨੌਕਰ-ਚਾਕਰ, ਸਟੇਟਸ ਤੇ ਬਣਦੀ-ਸਰਦੀ ਤਾਕਤ। ਉਹ ਸਾਰਾ ਕੁੱਝ ਜਿਸਦੀ ਅਣਹੋਂਦ ਕਾਰਨ ਕਿਸੇ ਸਮੇਂ ਉਸਦੀ ਪੂਰੀ ਦੀ ਪੂਰੀ ਦੁਨੀਆਂ ਉਜੜੀ ਸੀ। ਜਿਸ ਦੀ ਅਣਹੋਂਦ ਕਾਰਨ ਕਿਸੇ ਸਮੇਂ ਉਸਦੀ ਸੁਪਨਿਆਂ ਦੀ ਫਸਲ ਨੂੰ ਰਾਖ ਵਿਚ ਬਦਲ ਦਿੱਤਾ ਗਿਆ ਸੀ। ਉਸਦੇ ਚਾਵਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਗਿਆ ਸੀ। ਭਾਵੇਂ ਉਹ ਸਾਰਾ ਕੁੱਝ ਹੁਣ ਉਸ ਕੋਲ ਮੌਜੂਦ ਸੀ, ਪਰ ਅਜੇ ਵੀ ਇੱਕ ਖਲਾਅ ਉਸ ਦੇ ਅੰਦਰ ਉਵੇਂ ਦਾ ਉਵੇਂ ਪਸਰਿਆ ਹੋਇਆ ਸੀ ਜਿਹੜਾ ਪੰਦਰਾਂ ਵਰ੍ਹੇ ਪਹਿਲਾਂ ਅਚਾਨਕ ਘਟੀ ਘਟਨਾ ਨਾਲ ਪਸਰ ਗਿਆ ਸੀ। ਇਸ ਖਲਾਅ ਨੂੰ ਪੂਰਨ ਦੇ ਲਈ ਉਸਨੇ ਅਫ਼ਸਰੀ ਦੇ ਇਹਨਾਂ ਸਾਲਾਂ ਵਿੱਚ ਆਪਣੇ-ਆਪ ਨੂੰ ਬੇਹੱਦ ਉਲਝਾਈ ਰੱਖਿਆ ਸੀ।
ਉਸਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ-ਆਪ ਨੂੰ ਵਿਹਲਾ ਨਾ ਰਹਿਣ ਦੇਵੇ ਪਰ ਇਹ ਖਲਾਅ ਸੀ ਕੇ ਉਵੇਂ ਦਾ ਉਵੇਂ ਤੁਰਿਆ ਆਉਂਦਾ ਸੀ। ਆਪਣੇ ਅੰਦਰਲੇ ਖਲਾਅ ਨੂੰ ਭਰਨ ਦੀ ਨਿਰੰਤਰ ਕੋਸ਼ਿਸ਼ ਦੇ ਨਤੀਜੇ ਵਜੋਂ ਹੀ ਉਹ ਮੌਜੂਦਾ ਸਮੇਂ ਵਾਲੇ ਸਨਮਾਨਜਨਕ ਅਹੁਦੇ ‘ਤੇ ਪਹੁੰਚਿਆ ਸੀ।
ਹਰਿੰਦਰ ਦੇ ਜਾਣੂ ਕਹਿੰਦੇ ਸਨ, “ਹਰਿੰਦਰ ਦੀ ਕਿਸਮਤ ਚੰਗੀ ਕਰਕੇ ਹੈ ਕਿ ਉਸਨੇ ਘਟਨਾ ਤੋਂ ਪ੍ਰਾਪਤ ਗ਼ਮ ਅਤੇ ਪੀੜ ਨੂੰ ਸ਼ਕਤੀ ਬਣਾ ਲਿਆ ਨਹੀਂ ਤਾਂ ਜਿਵੇਂ ਉਹ ਟੁੱਟਿਆ ਸੀ; ਕਿਸੇ ਵੀ ਰਾਹ ਪੈ ਸਕਦਾ ਸੀ। ਆਪਣੇ-ਆਪ ਨੂੰ ਸ਼ਰਾਬ ਵਿੱਚ ਡੁੱਬੋ ਸਕਦਾ ਸੀ। ਕਿਸੇ ਹੋਰ ਨਸ਼ੇ ਦਾ ਗੁਲਾਮ ਹੋ ਜਾਂਦਾ ਜਾਂ ਆਤਮ-ਹੱਤਿਆ ਕਰ ਲੈਂਦਾ। ਹੋਰ ਨਾ ਹੁੰਦਾ ਤਾਂ ਅਰਧ-ਪਾਗਲ ਜ਼ਰੂਰ ਹੋ ਜਾਂਦਾ।”
ਸਚਮੁਚ ਹਰਿੰਦਰ ਨੇ ਬਹੁਤ ਵੱਡਾ ਜਿਗਰਾ ਕੀਤਾ ਸੀ। ਉਹ ਕਿਤਾਬਾਂ ਦੇ ਸਮੁੰਦਰ ਵਿੱਚ ਗੁਆਚ ਗਿਆ। ਉਸਦੇ ਯਾਰਾਂ ਦੋਸਤਾਂ ਤੇ ਘਰਦਿਆਂ ਨੂੰ ਇਉਂ ਲੱਗਦਾ ਜਿਵੇਂ ਉਸਦਾ ਦਿਮਾਗ ਹਿੱਲ ਗਿਆ ਹੋਵੇ ਪਰ ਕਿਸੇ ਸਮੇਂ ਮਾਂ ਦੇ ਕਹੇ ਬੋਲ, “ਪੁੱਤ ਪੜ੍ਹਾਈ ਤਾਂ ਸਰਸਵਤੀ ਦੇਵੀ ਐ…ਜਿੰਨਾ ਏਹਨੂੰ ਧਿਆਉਨੈ…ਦੇਵੀ ਤੈਨੂੰ ਜ਼ਰੂਰ ਫਲ ਦੇਊ।” ਚੇਤੇ ਰੱਖ ਆਪਣੀ ਧੁਨ ਵਿਚ ਜੁੱਟਿਆ ਰਿਹਾ ਸੀ। ਮਾਂ ਦੇ ਕਹੇ ਬੋਲ ਸੱਚੇ ਹੋਏ ਸਨ। ਇਹ ਤਾਂ ਪਤਾ ਨਹੀਂ ਸਰਸਵਤੀ ਦੇਵੀ ਨੇ ਉਹਨੂੰ ਵਰ ਦਿੱਤਾ ਸੀ ਜਾਂ ਕੁੱਝ ਹੋਰ ਪਰ ਉਹ ਪੀ.ਸੀ.ਐਸ. ਦਾ ਵਕਾਰੀ ਤੇ ਔਖਾ ਇਮਤਿਹਾਨ ਪਾਰ ਕਰ ਗਿਆ ਸੀ। ਉਸਦੇ ਪੀ.ਸੀ.ਐਸ. ਬਣ ਜਾਣ ਦੀ ਘਰਦਿਆਂ ਨੇ ਤਾਂ ਖੁਸ਼ੀ ਮਨਾਉਣੀ ਹੀ ਸੀ, ਦੋਸਤਾਂ ਮਿੱਤਰਾਂ ਨੇ ਵੀ ਚਾਂਭੜਾਂ ਪਾਈਆਂ ਸਨ।
ਗੱਲ ਸੀ ਵੀ ਤਾਂ ਅਲੋਕਾਰੀ। ਉਸਦੇ ਕੁਨਬੇ-ਕਬੀਲੇ ਤੇ ਲਾਗੇ ਸ਼ਾਗੇ ਦੇ ਘੇਰੇ ਵਿੱਚ, ਜਿਥੇ ਸਕੂਲ ਮਾਸਟਰ ਲੱਗ ਜਾਣਾ ਹੀ ਬਹੁਤ ਵੱਡਾ ਰੁਤਬਾ ਸਮਝਿਆ ਜਾਂਦਾ ਸੀ; ਹਰਿੰਦਰ ਦਾ ਅਫ਼ਸਰ ਬਣ ਜਾਣਾ ਅਲੋਕਾਰੀ ਗੱਲ ਨਹੀਂ ਤਾਂ ਹੋਰ ਕੀ ਸੀ। ਮਾਂ ਨੂੰ ਉਸਦੇ ਵੱਡਾ ਅਫ਼ਸਰ ਬਣ ਜਾਣ ਬਾਰੇ ਦੱਸਿਆ ਤਾਂ ਉਸਨੇ ਪੁੱਤ ਦਾ ਮੱਥਾ ਚੁੰਮ-ਚੁੰਮ ਕੇ ਲਾਲ ਕਰ ਦਿੱਤਾ ਸੀ। ਮਾਂ ਪਲਾਂ ਵਿਚ ਹੀ ਹੱਟੀਓਂ ਪਤਾਸੇ ਲੈ ਕੇ ਅੱਧੇ ਪਿੰਡ ਦੀਆਂ ਬੁੜੀਆਂ ਨੂੰ ਵੰਡ ਆਈ ਸੀ। ਉਸਦੇ ਅਫ਼ਸਰ ਬਣ ਜਾਣ ‘ਤੇ ਖੁਸ਼ੀ ਦੀ ਥਾਂ ਈਰਖਾ ਕਰਨ ਵਾਲੇ ਪਿੰਡ ਦੇ ਲੋਕ ਵੀ ਉਹਨਾਂ ਦੇ ਘਰ ਵਧਾਈਆਂ ਦੇਣ ਆਏ ਸਨ। ਹਰਿੰਦਰ ਦੇ ਬਾਪੂ ਦੇ ਯਾਰ ਜੁੱਟ ਇੱਕ ਮਾਣ ਤੇ ਚਾਅ ਵਿੱਚ ਭਰੇ ਫਿਰਦੇ ਸਨ। ਜਿਵੇਂ ਸਾਰਾ ਘਰ ਹੀ ਖੁਸ਼ੀ ਵਿਚ ਬਉਰਾ ਹੋਇਆ ਫਿਰਦਾ ਸੀ ਪਰ ਹਰਿੰਦਰ ਨੂੰ ਇਸ ਦੀ ਖੁਸ਼ੀ ਕਿਉਂ ਨਹੀਂ ਸੀ ? ਉਹ ਤਾਂ ਉਦਾਸੀ ਦੇ ਹੋਰ ਡੂੰਘੇ ਸਾਗਰ ਵਿੱਚ ਲਹਿੰਦਾ ਗਿਆ ਸੀ। ਉਸਦੀਆਂ ਅੱਖਾਂ ਵਿੱਚ ਨਮੀ ਤੈਰਦੀ ਫਿਰਦੀ ਸੀ। ਉਸਦੇ ਕੁੱਝ ਬਹੁਤ ਹੀ ਕਰੀਬੀ ਯਾਰਾਂ ਦੋਸਤਾਂ ਨੂੰ ਉਸਦੀ ਉਦਾਸੀ ਦੇ ਕਾਰਨ ਦਾ ਪਤਾ ਸੀ। ਉਨ੍ਹਾਂ ਸਾਰਿਆਂ ਦੋਸਤਾਂ ਨੇ ਉਸਨੂੰ ਖੁਸ਼ ਕਰਨ ਲਈ ਆਪਣੀ ਪੂਰੀ ਵਾਹ ਲਾਈ ਸੀ।
“ਹਰਿੰਦਰ! ਤੇਰੀ ਉਦਾਸੀ ਦਾ ਸਾਨੂੰ ਇਲਮ ਐ! ਪਰ ਯਹਾਂ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ…।” ਗਗਨਦੀਪ ਨੇ ਉਸਨੂੰ ਸਮਝਾਉਣ ਲਈ ਕਿਸੇ ਫਿਲਮੀ ਗੀਤ ਦੀ ਧੁਨ ਦਾ ਸਹਾਰਾ ਲੈਣ ਦਾ ਯਤਨ ਕੀਤਾ ਸੀ।
“ਕਿਉਂ ਨਹੀਂ ਮਿਲਦਾ ? ਮੈਨੂੰ ਵੀ ਕਿਉਂ ਨਹੀਂ ਮਿਲਿਆ ਮੇਰੀਆਂ ਇੱਛਾਵਾਂ ਦਾ ਸੰਸਾਰ ?” ਉਸਨੇ ਆਪਣੇ-ਆਪ ਨੂੰ ਅੰਦਰੇ-ਅੰਦਰ ਸੁਆਲ ਕੀਤਾ ਸੀ।
“ਹਿੰਦ! ਹੁਣ ਜਦੋਂ ਤੇਰੇ ਪੀ.ਸੀ.ਐਸ. ਬਣ ਜਾਣ ਦਾ ਪਤਾ ਰਾਈ ਵਾਲਿਆਂ ਨੂੰ ਲੱਗੂ, ਉਹ ਪਛਤਾਉਣਗੇ। ਡੈਫੀਨਾਈਟਲੀ ਆਪਣੀ ਗਲਤੀ ਦਾ ਅਹਿਸਾਸ ਕਰਨਗੇ।” ਗਗਨ ਦੀ ਇਸ ਗੱਲ ਨਾਲ ਵੀ ਉਸ ‘ਤੇ ਕੋਈ ਅਸਰ ਨਹੀਂ ਸੀ ਹੋਇਆ।
“ਹੁਣ ਪਛਤਾਉਣ ਜਾਂ ਨਾ, ਕੀ ਫਰਕ ਪੈਂਦਾ? ਮੇਰੇ ਅੰਦਰਲਾ ਖਲਾਅ ਉਨ੍ਹਾਂ ਦੇ ਪਛਤਾਉਣ ਨਾਲ ਤਾਂ ਹੁਣ ਭਰਨਾ ਨਈਂ।” ਹਰਿੰਦਰ ਦਾ ਜੀਅ ਕੀਤਾ ਆਖੇ ਪਰ ਉਹ ਚੁੱਪ ਹੀ ਰਿਹਾ। ਉਸਨੇ ਕੇਵਲ ਆਪਣੇ ਆਪ ਨਾਲ ਹੀ ਗੱਲਾਂ ਕੀਤੀਆਂ ਸਨ।
“ਹਰਿੰਦਰ! ਮਨਜੀਤ ਬਾਰੇ ਸੁਣਿਆ ਤੈਂਅ ਕੁੱਝ ਨਵਾਂ?” ਹਰਦੀਪ ਨੇ ਪ੍ਰਸ਼ਨ ਲਟਕਾਇਆ ਸੀ।
“……..?” ਹਰਿੰਦਰ ਦੀਆਂ ਨਜ਼ਰਾਂ ਨੇ ਸੁਆਲ ਦੇ ਜੁਆਬ ਵਿੱਚ ਹੀ ਸੁਆਲ ਕਰ ਦਿੱਤਾ ਸੀ।
“ਮਨਜੀਤ ਬਹੁਤ ਔਖੇ ਦਿਨ ਕੱਢ ਰਹੀ ਹੈ। ਉਸਦਾ ਸਕੂਲ ਮਾਸਟਰ ਘਰ ਆਲਾ ਡੇਲੀ ਡਰਿੰਕਰ ਹੈ। ਪੀ ਕੇ ਰੋਜ਼ ਕੁੱਤੇਖਾਣੀ ਕਰਦਾ ਮਨਜੀਤ ਨਾਲ। ਜਵਾਂ ਨਰਕ ਐ ਜ਼ਿੰਦਗੀ ਵਿਚਾਰੀ ਦੀ।” ਹਰਦੀਪ ਨੇ ਦੱਸਿਆ ਸੀ। ਸੁਣ ਕੇ ਹਰਿੰਦਰ ਦੀਆਂ ਅੱਖਾਂ ਵਿਚਲੇ ਅੱਥਰੂ ਗੱਲ੍ਹਾਂ ਉੱਪਰ ਦੀ ਹੁੰਦੇ ਹੋਏ ਨਿੱਕੀ ਨਿੱਕੀ ਦਾੜ੍ਹੀ ਵਿੱਚ ਆ ਅਟਕੇ ਸਨ। ਉਸਦੇ ਦੋਸਤਾਂ ਨੇ ਮਨਜੀਤ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ ਸੀ। ਹਰਿੰਦਰ ਚਾਹੁੰਦਾ ਸੀ ਉਹ ਮਨਜੀਤ ਦੀਆਂ ਗੱਲਾਂ ਕਰੀ ਜਾਣ ਪਰ ਉਹਨਾਂ ਨੂੰ ਕਹਿ ਵੀ ਨਹੀਂ ਸੀ ਸਕਦਾ। ਉਸਦੇ ਨਾਂਹ ਨੁੱਕਰ ਕਰਦਿਆਂ ਵੀ ਯਾਰਾਂ ਜੁੱਟਾਂ ਨੇ ਖੁਸ਼ੀ ਪ੍ਰਗਟਾਉਣ ਲਈ ‘ਦਾਰੂ’ ਦਾ ਜੁਗਾੜ ਕਰ ਲਿਆ ਸੀ।
“…ਹਿੰਦ ਯਾਰਾ ਇਥੇ ਦੁਨੀਆਂ ਵਿੱਚ ਸਾਰਾ ਕੁੱਝ ਆਪਣੀ ਮਰਜ਼ੀ ਦਾ ਨਹੀਂ ਵਾਪਰਦਾ। ਬੱਸ ਜਿੰਨਾ ਕੁੱਝ ਵੀ ਸਾਡੀ ਮਰਜ਼ੀ ਅਨੁਸਾਰ ਵਾਪਰ ਜਾਏ-ਉਸੇ ਨਾਲ ਈ ਖੁਸ਼ ਹੋ ਜਾਣਾ ਚਾਹੀਦਾ।” ਗਗਨਦੀਪ ਨੇ ਦਾਰਸ਼ਨਿਕਾਂ ਵਾਲਾ ਵਿਖਿਆਨ ਕਰਦਿਆਂ ਇੱਕ ਗਰਗਰਾ ਜਿਹਾ ਪੈੱਗ ਪਾ ਕੇ ਗਿਲਾਸ ਉਸ ਵੱਲ ਕਰ ਦਿੱਤਾ ਸੀ। ਸਾਰੇ ਹੀ ਹੈਰਾਨ ਰਹਿ ਗਏ। ਹਰਿੰਦਰ ਜੋ ਆਮ ਤੌਰ ‘ਤੇ ਇੱਕ ਅੱਧ ਪੈੱਗ ਮਸੀਂ ਲੈਂਦਾ ਹੁੰਦਾ ਸੀ, ਗਿਲਾਸ ਚੁੱਕ ਗਟਾਗਟ ਕਰਕੇ ਪੈੱਗ ਅੰਦਰ ਚੜ੍ਹਾ ਗਿਆ ਸੀ।
“…ਪਿਆਰੇ ਹਰਿੰਦਰ ਵੀਰਿਆ! ਇਹ ਕੁਦਰਤ ਦੇ ਫੈਸਲੇ ਨੇ ਤੇ ਆਪਾਂ ਕੁਦਰਤ ਦੇ ਫੈਸਲਿਆਂ ਅੱਗੇ ਸਿਰ ਝੁਕਾਉਣ ਦੇ ਸਿਵਾਏ ਹੋਰ ਕੁੱਝ ਨਹੀਂ ਕਰ ਸਕਦੇ। ਜਿਵੇਂ ਰੁੱਤਾਂ ਆਉਂਦੀਆਂ ਚਲੀਆਂ ਜਾਂਦੀਆਂ। ਇਹ ਸਾਰਾ ਕੁਦਰਤ ਦਾ ਪਸਾਰਾ ਐ। …ਆਪਾਂ ਕਦੇ ਉਜਰ ਕੀਤਾ ਕੁਦਰਤ ਦੀ ਇਸ ਖੇਡ ਅੱਗੇ? ਕਦੇ ਸਿਰ ਚੁੱਕਿਆ ਕੁਦਰਤ ਦੇ ਇਸ ਫੈਸਲੇ ਅੱਗੇ ? ਨਹੀਂ ਪਿਆਰੇ ਨਹੀਂ। ਕੁਦਰਤ ਵਲੋਂ ਮਨਜੀਤ ਨਾਲ ਤੇਰਾ ਸੰਯੋਗ ਹੀ ਨਹੀਂ ਸੀ ਬਣਾਇਆ ਗਿਆ ……ਦੱਸ ਆਪਾਂ ਕੀ ਕਰ ਸਕਦੇ ਆਂ ? ਕੀ ਡਾਂਗ ਮਾਰ ਦੇਈਏ ਰੱਬ ਦੇ ਮੌਰਾਂ ‘ਚ ?” ਪੈੱਗ ਅੰਦਰ ਜਾਂਦਿਆਂ ਹੀ ਕਿਰਪਾਲ ਸੰਧੂ ਵਿਚੋਂ ਕੋਈ ਗਿਆਨਵਾਨ ਰੂਹ ਬੋਲਣ ਲੱਗਦੀ ਸੀ। ਉਸਨੇ ਆਪਣੇ ਵਲੋਂ ਹਰਿੰਦਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
“ਮੇਰਾ ਤੇ ਮਨਜੀਤ ਦਾ ਮੇਲ ਕੁਦਰਤ ਦਾ ਸੰਯੋਗ ਨਹੀਂ ਸੀ ? ਉਹ ਕਿਤੋਂ ਦੀ ਮੈਂ ਕਿਤੋਂ ਦਾ। ਉਹ ਤਕੜੇ ਘਰ ਦੀ ਮੈਂ ਨੰਗ। ਉਹ ਲਾਡਾਂ ‘ਚ ਪਲੀ ਤੇ ਮੈਂ ਕਰਜਿਆਂ ਨਾਲ ਲਤਾੜੇ ਹਾਉਂਕਿਆਂ ‘ਚ। ਅਸੀਂ ਫੇਰ ਵੀ ਇਕ ਰੂਹ-ਇਕ ਜਾਨ ਹੋਏ। ਕੀ ਇਹ ਕੁਦਰਤ ਦਾ ਸੰਜੋਗ ਨਹੀਂ ਸੀ? ਕੀ ਇਹ ਨਹੀਂ ਸੀ ਕੁਦਰਤ ਦਾ ਫੈਸਲਾ ? ਫਿਰ ਲੋਕਾਂ ਨੇ ਕੁਦਰਤ ਦੇ ਇਸ ਫੈਸਲੇ ਅੱਗੇ ਸਿਰ ਕਿਉਂ ਨਹੀਂ ਝੁਕਾਇਆ? ਕਿਉਂ ਖੋਹ ਲਿਆ ਮੇਰੇ ਤੋਂ ਮਨਜੀਤ ਨੂੰ?” ਹਰਿੰਦਰ ਆਪਣੇ ਅੰਦਰੇ-ਅੰਦਰ ਰੌਲ਼ਾ ਪਾ ਰਿਹਾ ਸੀ। ਉਹ ਸੰਧੂ ਦੇ ਜੁਆਬ ਵਿਚ ਸਾਰਾ ਕੁੱਝ ਚੀਕ-ਚੀਕ ਕੇ ਕਹਿ ਦੇਣਾ ਚਾਹੁੰਦਾ ਸੀ ਪਰ ਸ਼ਬਦ ਉਸਦੇ ਹੋਠਾਂ ‘ਤੇ ਆਉਣ ਲਈ ਸਾਥ ਨਹੀਂ ਸਨ ਦੇ ਰਹੇ। ਬੱਸ ਹੰਝੂ ਸਨ ਜਿਹੜੇ ਪਰਲ-ਪਰਲ ਕਰਕੇ ਵਹਿੰਦੇ ਤੁਰੇ ਜਾਂਦੇ ਸਨ।
“…ਦੇਖ ਲਈਂ ਹਰਿੰਦਰ! ਇੰਜ ਦੋ ਆਤਮਾਵਾਂ ਨੂੰ ਦੁਖੀ ਕਰਨ ਵਾਲੇ ਸਾਰੀ ਉਮਰ ਹੀ ਪਛਤਾਉਣਗੇ। ਸੜਦੇ ਰਹਿਣਗੇ ਪਛਤਾਵੇ ਦੀ ਅੱਗ ਵਿਚ। ਕੁਦਰਤ ਹੀ ਸਜ਼ਾ ਦੇਵੇਗੀ ਉਹਨਾਂ ਨੂੰ। ਤੁਹਾਡੀਆਂ ਦੋਵਾਂ ਦੀਆਂ ਬਦਦੁਆਵਾਂ ਲੈ ਬਹਿਣਗੀਆਂ ਉਹਨਾਂ ਨੂੰ।” ਹਰਿੰਦਰ ਨੂੰ ਬਹੁਤ ਜ਼ਿਆਦਾ ਗੰਭੀਰ ਹੁੰਦਿਆਂ ਦੇਖ ਸੰਧੂ ਨੇ ਮਹਿਫਲ ਖ਼ਤਮ ਕਰਨ ਦਾ ਇਰਾਦਾ ਕਰ ਲਿਆ ਸੀ।
“…ਸਾਡਾ ਯਾਰ ਪੀ.ਸੀ.ਐਸ. ਬਣਿਆ। ਹੁਣ ਸਾਰੀ ਉਮਰ ਝੂਰਦੇ ਰਹਿਣਗੇ ਮੇਰੇ ਸਾਲੇ-ਵੱਡੇ ਅਣਖ-ਇੱਜ਼ਤ ਆਲੇ। ਚੱਕੀ ਫਿਰੋ ਮੁਰੱਬਿਆਂ ਨੂੰ ਸਿਰ ‘ਤੇ। ਬਾਈ ਦੇ ਅੱਗੇ ਪਿੱਛੇ ਨੌਤੀ ਸੌ ਪੂਛ ਹਿਲਾਉਂਦੇ ਤੁਰੇ ਫਿਰਨਗੇ ਮੁਰੱਬਿਆਂ ਆਲੇ। ਤੂੰ ਕੈਮ ਰਹਿ ਬਾਈ। …ਐਵੇਂ ਰਿੱਗੀ ਜੀ ਢਾਹੀ ਫਿਰਦੈਂ ।ਗੱਲ ਕੀ ਹੋਗੀ-ਵਿਗੜ ਕੀ ਗਿਆ ਅਜੇ ? ਸਮਾਂ ਸਭ ਠੀਕ ਕਰਦੂ। ਸਾਰੇ ਜਖ਼ਮ ਭਰਦੂ। ਸਮਾਂ ਬੜੀ ਵੱਡੀ ਚੀਜ਼ ਐ ਬਾਈ। ਤੂੰ ਦੇਖੀ ਚੱਲ-ਗ਼ਮ ਦੀ ਭੱਠੀ ‘ਚ ਪਿਆ ਤੂੰ ਸੋਨਾ ਬਣਕੇ ਨਿਕਲੇਂਗਾ ਸੋਨਾ।” ਗਗਨਦੀਪ ਨੇ ਉੱਠ ਕੇ ਉਸਨੂੰ ਜੱਫ਼ੀ ਵਿੱਚ ਘੁੱਟਿਆ ਸੀ।
“…ਨਈਂ ਆਏਂ ਤਾਂ ਸਾਡਾ ਯਾਰ ਯੋਧਾ। ਗ਼ਮ ਨੂੰ ਸ਼ਕਤੀ ਵਿੱਚ ਬਦਲ ਕੇ ਦਿਖਾਇਆ। ਕੁੱਝ ਬਣ ਕੇ ਦਿਖਾ ਤਾਂ ਦੁਨੀਆਂ ਨੂੰ। ਅਜੇ ਤਾਂ ਵੇਖੀ ਚੱਲੋ ਬੜੀਆਂ ਮੰਜ਼ਲਾਂ ਮਾਰਨੀਆਂ ਛੋਟੇ ਵੀਰ ਨੇ। ਸਾਨੂੰ ਮਾਣ ਹੈ ਇਹਦੀ ਸੋਚ ‘ਤੇ।” ਤਰਸੇਮ ਨੇ ਹਰਿੰਦਰ ਨੂੰ ਮੋਢੇ ‘ਤੇ ਥਾਪੀ ਦਿੱਤੀ।
“…ਓਏ ਸੂਰਮਾ ਆ ਸਾਡਾ ਯਾਰ ਸੂਰਮਾ…।” ਤੇ ਉਹ ਸਾਰੇ ਸੂਰਮਤਾਈ ਦੇ ਕਿੱਸੇ ਗਾਉਂਦੇ ਘਰੋ-ਘਰੀ ਚਲੇ ਗਏ ਸਨ। ਉਸ ਸਾਰੀ ਰਾਤ ਹਰਿੰਦਰ ਨੂੰ ਨੀਂਦ ਨਹੀਂ ਸੀ ਆਈ। ਗ਼ਮ ਨੂੰ ਸ਼ਕਤੀ ਵਿੱਚ ਬਦਲਣ ਵਾਲੀ ਤਰਸੇਮ ਭਾਊ ਦੀ ਗੱਲ ਉਸਦੇ ਦਿਮਾਗ ਵਿਚ ਘੁੰਮਦੀ ਰਹੀ ਸੀ।
ਆਪਣੀ ਅਫ਼ਸਰੀ ਦੇ ਪੂਰੇ ਪੰਦਰਾਂ ਵਰ੍ਹੇ ਉਹ ਇੱਕ ਥਾਂ ਤੋਂ ਦੂਜੀ ਥਾਂ ਦੀ ਖ਼ਾਕ ਛਾਣਦਾ, ਗ਼ਮ ਨੂੰ ਸ਼ਕਤੀ ਵਿਚ ਬਦਲਣ ਦਾ ਯਤਨ ਕਰਦਾ ਤੇ ਮੰਜ਼ਲਾਂ ਮਾਰਦਾ ਰਿਹਾ। ਇਹਨਾਂ ਪੰਦਰਾਂ ਵਰ੍ਹਿਆਂ ਵਿੱਚ ਉਸਨੇ ਘਾਟ-ਘਾਟ ਦਾ ਪਾਣੀ ਪੀਤਾ। ਵੱਖੋ ਵੱਖਰੇ ਵਿਭਾਗਾਂ ਦੀਆਂ ਫਾਈਲਾਂ ਦੀ ਧੂੜ ਫੱਕੀ। ਤਰ੍ਹਾਂ-ਤਰ੍ਹਾਂ ਦੇ ਭ੍ਰਿਸ਼ਟ ਅਫ਼ਸਰਾਂ ਅੱਗੇ ਹਿੱਕ ਤਾਣੀ। ਵੱਖ ਵੱਖ ਤਰ੍ਹਾਂ ਦੇ ਗਰੀਬ ਲੋਕਾਂ ਨਾਲ ਮੋਹ ਪਾਲਿਆ। ਥਾ ਥਾਂ ‘ਤੇ ਆਪਣੇ-ਆਪ ਨੂੰ ਖਤਰੇ ਵਿਚ ਪਾਇਆ। ਲੱਗਦੀ ਵਾਹ ਹੱਕ ਸੱਚ ‘ਤੇ ਪਹਿਰਾ ਦੇਣ ਦਾ ਯਤਨ ਕੀਤਾ। ਆਪਣੇ-ਆਪ ਨੂੰ ਮਸ਼ੀਨ ਬਣਾਈ ਰੱਖਿਆ। ਨਾ ਦਿਨ ਦਾ ਖ਼ਿਆਲ-ਨਾ ਰਾਤ ਦਾ। ਨਾ ਰੋਟੀ ਖਾਣ ਦੀ ਸੁੱਧ-ਬੁੱਧ, ਨਾ ਅਫ਼ਸਰਾਂ ਵਾਲੇ ਟਸ਼ਣ-ਮਸ਼ਣ ਕਰਨ ਦੀ। ਜਿਹੜੇ ਵੀ ਇਲਾਕੇ ਵਿੱਚ ਉਸਦੀ ਨਿਯੁਕਤੀ ਹੋਈ-ਇਲਾਕੇ ਦੇ ਲੋਕ ਉਸਦੇ ਗੁਣ ਗਾਉਣ ਲੱਗਦੇ। ਭ੍ਰਿਸ਼ਟ ਕਰਮਚਾਰੀਆਂ ਦੇ ਭਾਅ ਦੀ ਬਣ ਜਾਂਦੀ। ਅਜਿਹੇ ਕਰਮਚਾਰੀ ਉਸਦੀ ਬਦਲੀ ਹੋ ਜਾਣ ਲਈ ਸਾਧਾਂ-ਫ਼ਕੀਰਾਂ ਦੇ ਡੇਰਿਆਂ ‘ਤੇ ਸੁੱਖਾਂ ਸੁੱਖਦੇ ਰਹਿੰਦੇ।
ਇਹਨਾਂ ਪੰਦਰਾਂ ਸਾਲਾਂ ਵਿੱਚ ਹੀ ਘਰਦਿਆਂ ਦੀ ਖੁਸ਼ੀ ਲਈ ਉਸਨੇ ਵਿਆਹ ਵੀ ਕਰਵਾਇਆ। ਥੋੜੇ ਸਮੇਂ ਵਿੱਚ ਹੀ ਪਤਨੀ ਹਰਪ੍ਰੀਤ ਨੇ ਹਰਿੰਦਰ ਅੰਦਰ ਜੰਮੀ ਪਈ ਉਦਾਸੀ ਬਾਰੇ ਕਿਆਸ ਲਾ ਲਿਆ ਸੀ। ਹਰਪ੍ਰੀਤ ਨੇ ਉਸਨੂੰ ਖ਼ੁਸ਼ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਹ ਹਰਿੰਦਰ ਦੇ ਅੰਦਰਲੀ ਉਦਾਸੀ ਨੂੰ ਪੀ ਜਾਣ ਦੇ ਆਹਰ ‘ਚ ਲੱਗੀ ਰਹਿੰਦੀ ਪਰ ਹਰਪ੍ਰੀਤ ਆਪਣੀ ਕੋਸ਼ਿਸ਼ ਵਿੱਚ ਸਫਲ ਨਹੀਂ ਸੀ ਹੋ ਸਕੀ। ਘਰ ਵਿਚ ਬੱਚਿਆਂ ਦੀ ਆਮਦ ਨੇ ਵੀ ਹਰਿੰਦਰ ਅੰਦਰ ਪਸਰੇ ਖਲਾਅ ਨੂੰ ਘੱਟ ਨਹੀਂ ਸੀ ਕੀਤਾ। ਹਰਿੰਦਰ ਨੂੰ ਹਰ ਵਕਤ ਇਸ ਤਰ੍ਹਾਂ ਲੱਗਦਾ ਰਹਿੰਦਾ ਜਿਵੇਂ ਹੌਲ਼ੀ-ਹੌਲ਼ੀ ਅੰਦਰੋਂ ਕੁੱਝ ਕਿਰ ਰਿਹਾ ਹੋਵੇ। ਖਲਾਅ ਨੂੰ ਭਰਨ ਦੀ ਉਸਦੀ ਆਪਣੀ ਹਰ ਕੋਸ਼ਿਸ਼ ਅਸਫਲ ਰਹੀ ਸੀ। ਉਹ ਅੰਦਰ ਬੈਠ ਗਏ ਦਰਦ ਨੂੰ ਦਿਲ ‘ਚੋਂ ਕੱਢਣਾ ਤਾਂ ਚਾਹੁੰਦਾ ਪਰ ਫੇਰ ਸੋਚਦਾ ਕਿ ਦਰਦ ਦਿਲ ‘ਚੋਂ ਕੱਢ ਕੇ ਉਸ ਕੋਲ ਬਾਕੀ ਰਹਿ ਹੀ ਕੀ ਜਾਊ। ਇਹ ਦਰਦ ਭਾਵੇਂ ਜਰਨਾ ਔਖਾ ਸੀ ਪਰ ਇਸ ਨੂੰ ਦਿਲ ਨਾਲ ਲਾਈ ਰੱਖਣ ‘ਤੇ ਸੰਤੁਸ਼ਟੀ ਵੀ ਹੁੰਦੀ ਸੀ।
ਇਹਨਾਂ ਪੰਦਰਾਂ ਸਾਲਾਂ ਵਿੱਚ ਉਹ ਮਨਜੀਤ ਨੂੰ ਦੇਖਣ ਲਈ ਸਹਿਕਦਾ ਰਿਹਾ। ਉਸਦਾ ਜੀਅ ਕਰਦਾ ਕਿ ਭਾਵੇਂ ਦੂਰ ਤੋਂ ਹੀ ਸਹੀ, ਕਿਸੇ ਨਾ ਕਿਸੇ ਤਰ੍ਹਾਂ ਇੱਕ ਵਾਰ ਮਨਜੀਤ ਨੂੰ ਦੇਖ ਲਵੇ। ਇਸ ਇੱਕ ਵਾਰੀ ਦੀ ਮਿਲਣੀ ਲਈ ਉਸਨੇ ਲੱਖਾਂ ਅਰਦਾਸਾਂ ਕੀਤੀਆਂ ਪਰ ਉਸਦੀ ਕੋਈ ਵੀ ਅਰਦਾਸ ਧੁਰ ਕਬੂਲ ਨਹੀਂ ਸੀ ਹੋਈ।
ਉਂਜ ਕਿਸੇ ਨਾ ਕਿਸੇ ਰਾਹੀਂ ਉਸਨੂੰ ਮਨਜੀਤ ਦੇ ਹਾਲਾਤਾਂ ਦਾ ਪਤਾ ਲੱਗਦਾ ਰਿਹਾ ਸੀ। ਉਸਨੂੰ ਮਨਜੀਤ ਦੇ ਦੁੱਖਾਂ ਬਾਰੇ ਸਾਰਾ ਹੀ ਗਿਆਨ ਸੀ। ਉਸਦੇ ਸ਼ਰਾਬੀ ਘਰ ਵਾਲੇ ਨੇ ਉਸਨੂੰ ਕਿਧਰੇ ਨੌਕਰੀ ਵੀ ਨਹੀਂ ਸੀ ਕਰਨ ਦਿੱਤੀ। ਘਰ ਤਾਂ ਜਿਵੇਂ ਉਸ ਲਈ ਕੈਦਖ਼ਾਨਾ ਸੀ। ਮਨਜੀਤ ਘਰ ਵਿਚਲੇ ਕੈਦਖ਼ਾਨੇ ਵਿੱਚ ਸਾਰੀ ਦਿਹਾੜੀ ਕਿਵੇਂ ਬਤੀਤ ਕਰਦੀ ਹੋਊ ? ਮਨਜੀਤ, ਜਿਹੜੀ ਕਾਲਜ ਵਿੱਚ ਸਭ ਤੋਂ ਵੱਧ ਹੱਸਮੁੱਖ ਕੁੜੀ ਸੀ। ਕਾਲਜ ਦੀ ਹਰ ਸਰਗਰਮੀ ਦੀ ਉਹ ਮੋਢੀ ਹੁੰਦੀ ਸੀ। ਗੁਲਾਮਾਂ ਵਾਂਗ ਇੱਕ ਥਾਂ ‘ਤੇ ਬੱਝ ਕੇ ਰਹਿਣ ਵਾਲੇ ਤਾਂ ਉਸਦੇ ਖੂਨ ਵਿੱਚ ਕਣ ਹੀ ਨਹੀਂ ਸਨ। ਕਿਵੇਂ ਬਰਦਾਸ਼ਤ ਕਰ ਰਹੀ ਹੋਊ ਘਰ ਵਾਲੇ ਦੀਆਂ ਵਧੀਕੀਆਂ ? ਇਹ ਸੋਚ-ਸੋਚ ਕੇ ਹਰਿੰਦਰ ਪਾਗਲ ਹੁੰਦਾ ਰਹਿੰਦਾ। ਉਸਨੂੰ ਇੱਕ ਅਜੀਬ ਜਿਹੀ ਭਟਕਣਾ ਲੱਗੀ ਰਹਿੰਦੀ। ਉਸਦਾ ਜੀਅ ਨਵੇਂ ਥਾਂ ਜਾਣ ਨੂੰ ਕਰਦਾ। ਛੇਤੀ ਫੇਰ ਉਥੋਂ ਨਵੇਂ ਥਾਂ ਜਾਣ ਨੂੰ ਮਨ ਮਚਲਦਾ।
ਹੁਣ ਜਦੋਂ ਬਤੌਰ ਇਲਾਕਾ ਮੈਜਿਸਟ੍ਰੇਟ ਉਸਦੀ ਬਦਲੀ ਇਸ ਸਬ-ਡਵੀਜ਼ਨ ਦੀ ਹੋ ਗਈ ਸੀ ਤਾਂ ਉਸਦਾ ਜੀਅ ਕੀਤਾ ਸੀ ਕਿ ਲੰਬੀ ਛੁੱਟੀ ਲੈ ਲਵੇ। ਇਸ ਇਲਾਕੇ ਵਿਚ ਰਹਿੰਦਿਆਂ ਤਾਂ ਉਹ ਸੁਲਘਦਾ ਹੀ ਰਹੇਗਾ। ਇਥੇ ਰਹਿੰਦਿਆਂ ਤਾਂ ਇੱਕ ਪਲ ਵੀ ਮਨਜੀਤ ਦੀ ਯਾਦ ਨੇ ਪਿੱਛਾ ਨਹੀਂ ਛੱਡਣਾ। ਉਹ ਕਿੰਨੇ ਹੀ ਦਿਨ ਇਸ ਪ੍ਰੇਸ਼ਾਨੀ ਨਾਲ ਘੁਲਦਾ ਰਿਹਾ ਸੀ। ਸ਼ਾਇਦ ਇਥੇ ਰਹਿੰਦਿਆਂ ਮਨਜੀਤ ਨਾਲ ਹੀ ਮੇਲ ਹੋ ਜਾਏ ? ਕਿਸੇ ਸਰਕਾਰੀ ਟੂਰ ਦੇ ਸਬੰਧ ਵਿੱਚ ਉਸਦੇ ਪਿੰਡ ਜਾਇਆ ਜਾ ਸਕਦਾ ਸੀ। ਪਿੰਡ ਦੇ ਸਕੂਲ ਦੇ ਬਣੇ ਹਾਲ ਦੀ ਇਮਾਰਤ ਦੇ ਉਦਘਾਟਨ ਲਈ, ਸਰਕਾਰੀ ਡਿਸਪੈਂਸਰੀ ਦੇ ਕਮਰੇ ਦਾ ਨੀਂਹ ਪੱਥਰ ਰੱਖਣ ਲਈ, ਸਕੂਲ ‘ਚੋਂ ਵਧੀਆ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਵਾਲੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਜਾਂ ਕਿਸੇ ਹੋਰ ਕੰਮ ਦੇ ਬਹਾਨੇ। ਪਿੰਡ ਵਿੱਚ ਉਸਦੇ ਜਾਣ ‘ਤੇ ਕੋਈ ਨਾ ਕੋਈ ਛੋਟਾ-ਮੋਟਾ ਸਮਾਗਮ ਤਾਂ ਜ਼ਰੂਰ ਹੋਣਾ ਸੀ। ਸ਼ਾਇਦ ਮਨਜੀਤ ਵੀ ਇਸ ਸਮਾਗਮ ‘ਤੇ ਆ ਜਾਵੇ ਤੇ ਉਹ ਉਸਨੂੰ ਦੂਰੋਂ ਹੀ ਦੇਖ ਲਵੇ। ਉਸਦੀ ਪੰਦਰਾਂ ਵਰ੍ਹਿਆਂ ਦੀ ਭਟਕਣ ਖਤਮ ਹੋ ਜਾਊ। ਇਹ ਸੋਚ ਕੇ ਹੀ ਉਸਨੇ ਇਥੇ ਡਿਊਟੀ ਜੁਆਇਨ ਕਰ ਲਈ ਸੀ।
ਜਿਸ ਤਰ੍ਹਾਂ ਅਫ਼ਸਰਾਂ ਦੀ ਆਦਤ ਹੁੰਦੀ ਹੈ-ਉਸ ਮੂਜਬ ਸਭ ਤੋਂ ਪਹਿਲਾਂ ਉਸਨੇ ਆਪਣੇ ਨਵੇਂ ਡਰਾਈਵਰ ਤੋਂ ਇਲਾਕੇ, ਮਾਤਹਿਤ ਕਰਮਚਾਰੀਆਂ ਅਤੇ ਦਫ਼ਤਰ ਦੇ ਚੱਲ ਰਹੇ ਮਾਹੌਲ ਬਾਰੇ ਪੁੱਛਿਆ ਸੀ।
“ਭਾਈ ਸਾਹਬ ਕਿਹੜਾ ਪਿੰਡ ਐ ਤੇਰਾ?” ਹਰਿੰਦਰ ਦੀ ਬੋਲੀ ‘ਚ ਅੱਜ ਤੱਕ ਵੀ ਅਫ਼ਸਰੀ ਨਹੀਂ ਸੀ ਆ ਸਕੀ।
“ਜਨਾਬ ਢਾਹਾਂ! ਇਥੋਂ ਥੋੜ੍ਹੀ ਈ ਦੂਰ ਆ।”
“…ਢਾਹਾਂ ਕਲੇਰਾਂ ?” ਪਿੰਡ ਦਾ ਨਾਂਅ ਸੁਣਦਿਆਂ ਹੀ ਹਰਿੰਦਰ ਦਾ ਜਿਵੇਂ ਕੱਚਾ ਜਖ਼ਮ ਉੱਚੜ ਗਿਆ ਸੀ। ਕਿੰਨਾ ਸਾਰਾ ਚਿਰ ਉਹ ਸੋਚੀ ਗਿਆ। ਉਸਨੇ ਡਰਾਈਵਰ ਤੋਂ ਅੱਖ ਬਚਾ ਕੇ ਵਗ ਆਏ ਅੱਥਰੂ ਸਾਫ਼ ਕਰਨੇ ਚਾਹੇ ਪਰ ਉਸਦੀ ਡਰਾਈਵਰੀ ਅੱਖ ਨੇ ਸਭ ਕੁਝ ਤਾੜ ਲਿਆ।
“…ਤੁਹਾਡੇ ਪਿੰਡ ਮਾਸਟਰ ਆ-ਜਸਮੇਲ ਸਿੰਘ ?”
“…ਜੀ ਜਨਾਬ! ਹੈਗਾ। ਪਿੰਡ ‘ਚ ਉਹਨੂੰ ਸ਼ਰਾਬੀ ਮਾਸਟਰ ਆਂਹਦੇ ਆ। ਬੱਸ ਜੀ ਪੁੱਛੋ ਕੁੱਝ ਨਾ ਜੀ ਉਹਦਾ। ਜਨਾਬ ਜੀ ਉਹਦੀ ਕੀ ਗੱਲ ਕਰਨੀ? ਚੌਵੀ ਘੰਟੇ ਡੱਕਿਆ ਰਹਿੰਦਾ ਜੀ ਦਾਰੂ ਨਾਲ। ਪਿੰਡ ਦੇ ਸਕੂਲ ‘ਚ ਈ ਲੱਗਾ ਹੋਇਆ ਜਨਾਬ ਜੀ। ਸਕੂਲ ਵਿੱਚ ਵੀ ਪੀਤੀ ਰੱਖਦਾ। ਬੜਾ ਭੈੜਾ ਅਸਰ ਪੈਂਦਾ ਜੁਆਕਾਂ ‘ਤੇ…ਅੱਵਲ ਤਾਂ ਵੜਦਾ ਈ ਨ੍ਹੀਂ ਸਕੂਲ ‘ਚ। ਹਾਜ਼ਰੀ ਲਾ ਲੈਂਦਾ ਦੂਜੇ ਚੌਥੇ ਜਾ ਕੇ। ਬੱਸ ਜੀ ਜਨਾਬ! ਪਿੰਡ ਦਾ ਬੰਦੈ…ਨਾ ਕੁਛ ਕਹਿ ਸਕਦੇ-ਨਾ ਸ਼ਿਕਾਇਤ ਕਰ ਸਕਦੇਂ। ਕੀ ਕਰੇ ਜੀ ਅਹੇ ਜੇ ਬੰਦੇ ਦਾ ?” ਡਰਾਈਵਰ ਨੇ ਮਾਸਟਰ ਦਾ ਨਾਂ ਸੁਣਦਿਆਂ ਹੀ ਸੂਈ ਰਿਕਾਰਡ ‘ਤੇ ਧਰ ਦਿੱਤੀ ਸੀ। ਹਰਿੰਦਰ ਨੂੰ ਉਮੀਦ ਸੀ ਕਿ ਡਰਾਈਵਰ ਮਨਜੀਤ ਦੀ ਗੱਲ ਸੁਣਾਏਗਾ ਪਰ ਉਹ ਤਾਂ ਹੋਰ ਈ ਕਿੱਸਾ ਛੇੜ ਬੈਠਾ ਸੀ। ਉਸਨੂੰ ਡਰਾਈਵਰ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਮਨਜੀਤ ਦੇ ਖ਼ਿਆਲਾਂ ਵਿੱਚ ਜਾ ਡੁੱਬਾ ਸੀ। ਡਰਾਈਵਰ ਦੀ ਕੋਈ ਵੀ ਗੱਲ ਉਸਦੇ ਪੱਲੇ ਨਹੀਂ ਸੀ ਪਈ।
“…ਮੇਰਾ ਤਾਂ ਸ਼ਰੀਕੇ ‘ਚੋਂ ਭਰਾ ਲੱਗਦਾ ਜੀ। ਬੱਸ ਜੀ ਗੱਲ ਕਰਿਆਂ ਬਦਨਾਮੀ ਹੋ ਜਾਂਦੀ ਜੀ…ਕਿਸੇ ਨੂੰ ਕੀ ਦੋਸ਼ ਦੇਈਏ ਜਨਾਬ। ਬਥੇਰਾ ਸਮਝਾਈਦਾ ਜੀ, ਪਰ ਕਿੱਥੇ ? ਕੋਈ ਚੰਗੇ-ਮਾੜੇ ਥਾਓਂ ਲੰਘ ਗਿਆ। ਲੋਕ ਤਾਂ ਕਹਿੰਦੇ ਇਹਨੂੰ ਕਿਸੇ ਪੀਰ ਫਕੀਰ ਦੀ ਮਾਰ ਵਗੀ ਆ। ਖਾਨਾ ਖਰਾਬ ਕਰਤਾ ਜੀ ਘਰ ਦਾ। ਖੇਤ ਵੇਚ ਵੱਟ ਕੇ ਖਾ ਗਿਆ ਜੀ। ਬੱਸ ਕਿੱਲਾ ਅੱਧਾ ਕਿੱਲਾ ਰਹਿੰਦੀ ਆ ਬਾਕੀ। ਬੱਸ ਜੀ ਮਾੜੇ ਦਿਨਾਂ ਦੀ ਗੱਲ ਹੁੰਦੀ। ਨਈਂ ਪੜ੍ਹਿਆ-ਲਿਖਿਆ, ਕੋਈ ‘ਨਪੜ੍ਹ ਥੋੜ੍ਹਾ ਜੀ।” …ਡਰਾਈਵਰ ਨੇ ਸੂਈ ਚੱਕੀ ਨਹੀਂ ਸੀ। ਉਸਨੇ ਚੋਰ-ਅੱਖ ਨਾਲ ਸਾਹਬ ਵੱਲ ਵੇਖਿਆ ਸੀ। ਸਾਹਬ ਦੇ ਮੱਥੇ ਦੀਆਂ ਤਿਊੜੀਆਂ ਦੇਖ ਕੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।
“…ਜਨਾਬ ਜੀ! ਤੁਸੀਂ ਉਹਨੂੰ ਕਿਵੇਂ…?” ਡਰਾਈਵਰ ਪਛਤਾ ਰਿਹਾ ਸੀ ਕਿ ਬਿਨਾਂ ਸੋਚੇ ਸਮਝੇ ਮਾਸਟਰ ਬਾਰੇ ਅਵਾ-ਤਵਾ ਬੋਲ ਦਿੱਤਾ ਸੀ।
“…ਉਂਜ ਈ…।” ਹਰਿੰਦਰ ਨੇ ਇੰਨਾ ਆਖ ਗੱਲ ਠੱਪਣੀ ਚਾਹੀ ਸੀ।
“…ਦੂਰੋਂ ਨੇੜਿਓਂ ਕੋਈ ਰਿਸ਼ਤੇਦਾਰੀ ਤਾਂ ‘ਨ੍ਹੀਂ ਜਨਾਬ ਹੋਰਾਂ ਦੀ ? ਮੈਂ ਐਵੇਂ ਬਕਵਾਸ ਮਾਰ ਗਿਆ।”
“ਨਈਂ-ਨਈਂ।”
ਉਸਨੇ ਇੱਕ ਤਰ੍ਹਾਂ ਖਹਿੜਾ ਛੁਡਾਇਆ ਸੀ। ਉਸਨੂੰ ਡਰਾਈਵਰ ‘ਤੇ ਚਿੜ੍ਹ ਜਿਹੀ ਚੜ੍ਹੀ। ਉਹਨੇ ਤਾਂ ਮਨਜੀਤ ਬਾਰੇ ਗੱਲ ਸੁਣਨ ਲਈ ਗੱਲ ਤੋਰੀ ਸੀ ਪਰ ਇਹ ਹੋਰ ਗਿੱਲਾ ਪੀਹਣ ਪਾ ਕੇ ਬਹਿ ਗਿਆ ਸੀ।
“ …ਮਾਸਟਰ ਦੇ ਸਹੁਰੇ ਵੀ ਉਧਰ ਈ ਹੈਨ…ਜਨਾਬ ਦੇ ਪਿੰਡਾਂ ਕੰਨੀ…ਮੈਂ ਸੋਚਿਆ ਸੈਂਤ…ਪਰ ਜੀ ਇਹਦੇ ਟੱਬਰ ਦਾ ਕੋਈ ਮੁੱਲ ਨ੍ਹੀਂ। ਬਹੁਤ ਸਾਊ ਆ ਜੀ। ਤੜਕੇ ਉੱਠ ਕੇ ਨਾਂ ਲੈਣ ਵਾਲਾ।” ਡਰਾਈਵਰ ਨੇ ਦੇਖਿਆ, ਸਾਹਿਬ ਦੇ ਚਿਹਰੇ ‘ਤੇ ਉਦਾਸੀ ਫਿਰਨ ਲੱਗ ਪਈ ਸੀ। ਅੱਖਾਂ ਵਿਚ ਤੈਰਦੀ ਨਮੀ ਸਾਫ ਦਿਖਾਈ ਦਿੰਦੀ ਸੀ। ਚਿਹਰੇ ਦਾ ਤਣਾਅ ਘਟ ਗਿਆ ਸੀ।
“ਮੇਰੀ ਤਾਂ ਜੀ ਛੋਟੀ ਭਰਜਾਈ ਲਗਦੀ। ਆਹ ਸੂਰਜ ਮੱਥੇ ਲਗਦਾ ਜਨਾਬ। ਉਹਦੇ ਅਰਗੀ ਸਬਰ ਸੰਤੋਖ ਤੇ ਮਿੱਠੇ ਸੁਭਾਅ ਆਲੀ ਜਨਾਨੀ ਹੈਨੀ ਸਾਡੇ ਪਿੰਡ ‘ਚ। ਮਜਾਲ ਕੀ ਉੱਚਾ ਬੋਲ ਜੇ ਕਿਸੇ ਨੂੰ। ਬੜਾ ਔਖਾ ਹੋ ਕੇ ਗੁਜ਼ਾਰਾ ਚਲਾਉਂਦੀ ਆ ਜੀ ਘਰ ਦਾ। ਪਰ ਜੀ ਕਦੇ ਕਿਸੇ ਸਿਰ ਦੋਸ਼ ਨ੍ਹੀਂ ਧਰਿਆ ਉਸਨੇ…ਬੱਸ ਰੱਬ ਦਾ ਭਾਣਾ ਈ ਮੰਨੀ ਬੈਠੀ ਆ ਜੀ।”
ਹਰਿੰਦਰ ਨੇ ਥੋੜ੍ਹਾ ਜਿਹਾ ਪਾਸਾ ਵੱਟ ਲਿਆ ਤਾਂ ਜੋ ਉਸਦੀਆਂ ਅੱਖਾਂ ਵਿੱਚ ਉੱਤਰੀ ਨਮੀ ਤੇ ਚਿਹਰੇ ‘ਤੇ ਪਸਰੀ ਉਦਾਸੀ ਡਰਾਈਵਰ ਨੂੰ ਦਿਖਾਈ ਨਾ ਦੇਵੇ।
“…ਸਾਹਬ ਜੀ! ਉਹ ਤਾਂ ਜੀ, ਇੱਕ ਦਿਨ ਮੈਂ ਕਿਹਾ-ਭਾਈ ਮਨਜੀਤ ਕੁਰੇ, ਤੇਰੀ ਜ਼ਿੰਦਗੀ ਤਾਂ ਮਾਸਟਰ ਨੇ ਨਰਕ ਬਣਾਤੀ। ਜਨਾਬ ਜੀ ਮੈਨੂੰ ਕਹਿੰਦੀ, “ਭਾਈ ਜੀ, ਮਾਸਟਰ ਵਿਚਾਰੇ ਦਾ ਕੀ ਦੋਸ਼ ? ਮਾਸਟਰ ਕੀ ਬਣਾ ਸਕਦਾ ਮੇਰੀ ਜ਼ਿੰਦਗੀ ਨੂੰ…ਏਹ ਤਾਂ ਬੱਸ ਲਿਖੀਆਂ ਦੇ ਸੌਦੇ। ਜਿਨ੍ਹਾਂ ਢਿੱਡੋਂ ਜੰਮੀ ਜਾਈ ਸੀ…ਜਦੋਂ ਉਹਨਾਂ ਨੇ ਈ ਮੇਰੇ ਚਾਅ ਨ੍ਹੀਂ ਸਮਝੇ…ਏਹਦੀ ਤਾਂ ਮੈਂ ਫੇਰ ਰਖੇਲ ਆਂ। ਬੱਸ ਜੀ ਪਤਾ ਨ੍ਹੀਂ ਸਹੁਰੀ ਕਿਸ ਮਿੱਟੀ ਦੀ ਬਣੀ ਵੀ ਐ…ਕਿਸੇ ਦੁੱਖ ਤਕਲੀਫ਼ ਦਾ ਤਾਂ ਅਸਰ ਈ ਨ੍ਹੀਂ ਹੁੰਦਾ ਉਹਦੇ ‘ਤੇ…।”
“ਕੋਈ ਹੋਰ ਗੱਲ ਸੁਣਾ।” ਜੇ ਹਰਿੰਦਰ ਨਾ ਟੋਕਦਾ, ਡਰਾਈਵਰ ਨੇ ਪਤਾ ਨਈਂ ਅਜੇ ਕਿੰਨਾ ਚਿਰ ਹੋਰ ਬੋਲਦੇ ਰਹਿਣਾ ਸੀ।
ਉਹ ਜਦੋਂ ਵੀ ਕਿਧਰੇ ਬਾਹਰ ਟੂਰ ਵਗੈਰਾ ‘ਤੇ ਜਾਂਦੇ ਡਰਾਈਵਰ ਕਿਸੇ ਨਾ ਕਿਸੇ ਬਹਾਨੇ ਮਨਜੀਤ ਦੀ ਗੱਲ ਤੋਰ ਲੈਂਦਾ ਸੀ। ਉਹ ਪੂਰਾ ਚੰਟ ਸੀ। ਉਸਨੇ ਪੜ੍ਹ ਲਿਆ ਸੀ ਕਿ ਸਾਹਬ ਦਾ ਉਸ ਘਰ ਨਾਲ਼ ਜ਼ਰੂਰ ਕੋਈ ਜ਼ਖਮ ਸਾਂਝਾ ਸੀ। ਉਹ ਚਿਹਰੇ ਤੋਂ ਹੀ ਅੰਦਾਜ਼ਾ ਲਗਾ ਲੈਂਦਾ ਸੀ ਕਿ ਅੱਜ ‘ਸਾਬ੍ਹ ਦਾ ਮੂਡ’ ਅਪਸੈੱਟ ਹੈ। ਉਸਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਲਗ ਗਿਆ ਸੀ ਕਿ ਭਾਵੇਂ ਉਹ ਆਪਣੀ ਇੱਛਾ ਜ਼ਾਹਰ ਨਹੀਂ ਹੋਣ ਦਿੰਦਾ ਪਰ ਅਜਿਹੇ ਸਮੇਂ ਉਸਦਾ ਸਾਹਬ ਸਿਰਫ਼ ਮਨਜੀਤ ਦੀਆਂ ਗੱਲਾਂ ਪਸੰਦ ਕਰਦਾ। ਡਰਾਈਵਰ ਨੂੰ ਹੁਣ ਤੱਕ ਇਹ ਵੀ ਪਤਾ ਲੱਗ ਹੀ ਗਿਆ ਸੀ ਕਿ ਜਦੋਂ ਉਸਦਾ ਕੋਈ ਰਿਸਦਾ ਜਖ਼ਮ ਵਗ ਤੁਰਦਾ ਸੀ ਤਾਂ ਸਾਹਬ ‘ਕੋਈ ਹੋਰ ਗੱਲ ਸੁਣਾ’ ਕਹਿ ਕੇ ਗੱਲ ਦਾ ਵਿਸ਼ਾ ਬਦਲਣ ਲਈ ਕਹਿ ਦਿੰਦਾ ਸੀ।
“…ਸਾਹਬ ਜੀ ਜਿੰਨਾ ਚਿਰ ਦੀ ਵਿਆਹੀ ਆ…ਮੈਂ ਨਹੀਂ ਹੱਸਦੀ ਦੇਖੀ ਕਦੇ। ਬੱਸ ਗੁੰਮ-ਸੁੰਮ ਜਈ ਤੁਰੀ ਫਿਰੂ। ਹੋਰ ਦੱਸਾਂ ਜੀ…ਜਦੋਂ ਦੀ ਵਿਆਹੀ ਆਈ, ਬੱਸ ਪੰਜ-ਸੱਤ ਵਾਰ ਈ ਗਈ ਹੋਊ ਪੇਕੇ। ਪਿੱਛੇ ਜਿਹੇ ਉਹਦੀ ਮਾਂ ਮਰਗੀ। ਮਾਸਟਰ ਵੀ ਗਿਆ। ਇਥੋਂ ਹੋਰ ਬੰਦੇ ਵੀ ਗਏ…ਮੈਂ ਵੀ ਗਿਆ ਸੀ ਸ਼ਰੀਕਾਚਾਰੀ ਨਾਤੇ…ਪਰ ਇਹ ਨਹੀਂ ਗਈ ਮਾਂ ਦੀ ਧੀ। ਕਹਿੰਦੀ ‘ਮੈਂ ਉਹਦੀ ਲੱਗਦੀ ਈ ਕੀ ਸੀ?’ ਬੱਸ ਜੀ ਜਿਵੇਂ ਸਹੁਰੀ ਦਾ ‘ਮੋਹ ਭੰਗ’ ਈ ਹੋਇਆ ਵਿਐ ਪੇਕਿਆਂ ਕੰਨਿਓ।” ਇੱਕ ਵਾਰ ਕਿਧਰੇ ਜਾਂਦਿਆਂ ਰਸਤੇ ‘ਚ ਡਰਾਈਵਰ ਨੇ ਉਸਨੂੰ ਦੱਸਿਆ ਸੀ।
ਹਰ ਵਾਰ ਗੱਲਾਂ ਸੁਣ ਕੇ ਹਰਿੰਦਰ ਦਾ ਜੀਅ ਕੀਤਾ ਸੀ ਭੱਜ ਕੇ ਮਨਜੀਤ ਕੋਲ ਜਾ ਪਹੁੰਚੇ। ਉਹ ਸੋਚਦਾ, ਮਨਜੀਤ ਉਸਨੂੰ ਵੇਖਦਿਆਂ ਹੀ ਧਾਹ ਮਾਰ ਕੇ ਨਾਲ ਚਿੰਬੜ ਜਾਊ। ਫੇਰ ਕਿੰਨਾ ਚਿਰ ਰੋਂਦੀ ਲਹੂ। ਉਸਨੂੰ ਚੁੱਪ ਕਰਾਉਂਦਾ-ਕਰਾਉਂਦਾ ਉਹ ਆਪ ਵੀ ਰੋਣ ਲੱਗ ਜਾਊ। ਆਖਰ ਦੋਵਾਂ ਦੇ ਅੱਥਰੂ ਮੁੱਕ ਜਾਣਗੇ। ਉਹ ਉਸਨੰ ਹੱਸਣ ਲਈ ਆਖੇਗਾ। ਉਸਨੂੰ ਖੁਸ਼ ਕਰਨ ਲਈ ਮਨਜੀਤ ਓਪਰੀ ਜਿਹੀ ਹਾਸੀ ਹੱਸੇਗੀ। ਪਰ ਉਸਦੀ ਇਹ ਢੂਠੀ-ਮੂਠੀ ਹਾਸੀ ਨਾਲ ਉਹ ਸੰਤੁਸ਼ਟ ਨਾ ਹੋਊ। ਉਹ ਮਨਜੀਤ ਦਾ ਹੱਥ ਫੜ, ਚੀਚੀ ਮੂੰਹ ‘ਚ ਪਾ ਜ਼ੋਰ ਦੀ ਦੰਦੀ ਵੱਢੇਗਾ। ਉਹ ਹਲਕੀ ਜਿਹੀ ਚੀਕ ਮਾਰ-ਉੱਚੀ ਹੱਸੇਗੀ ਤੇ ਉਹ ਕਿੰਨਾ ਚਿਰ ਈ ਹੱਸਦੇ ਰਹਿਣਗੇ ਦੇ ਫਿਰ ਉਦਾਸ ਹੋ ਜਾਣਗੇ। ਉਹ ਅਜਿਹੇ ਖ਼ਿਆਲਾਂ ਵਿੱਚ ਬਰੁਤ ਦੂਰ ਨਿਕਲ ਜਾਂਦਾ।
“…ਜਨਾਬ ਜੀ! ਦਿਲ ਤਾਂ ਨ੍ਹੀਂ ਸੀ ਮੰਨਦਾ ਦੱਸਣ ਨੂੰ ਪਰ ਰਹਿ ਵੀ ਨ੍ਹੀਂ ਹੁੰਦਾ। ਸਾਰੇ ਰਲ਼-ਮਿਲ ਕੇ ਜੂਨ ਵਰੋਲਦੇ ਐ ਜੀ ਮਨਜੀਤ ਦੀ। ਨਿਰੀ ਗਊ ਆ ਵਿਚਾਰੀ। ਦੱਸਦਿਆਂ ਸ਼ਰਮ ਆਉਂਦੀ ਆ ਜਨਾਬ! ਵਿਚਾਰੀ ‘ਤੇ ਦੂਸ਼ਣਾਂ ਲਾਉਂਦੇ…।” ਇੱਕ ਵਾਰ ਡਰਾਈਵਰ ਨੇ ਦੱਸਣਾ ਸ਼ੁਰੂ ਕੀਤਾ ਸੀ। ਹਰਿੰਦਰ ਗਹੁ ਨਾਲ ਡਰਾਈਵਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕਿਆ ਸੀ ਜਿਵੇਂ ਕਹਿਣਾ ਚਾਹੁੰਦਾ ਹੋਵੇ, “ਮੈਨੂੰ ਪਤੈ। ਇੰਜ ਤਾਂ ਹੋਣਾ ਈ ਸੀ।”
“…ਚਾਲ ਚੱਲਣ ‘ਤੇ ਦੋਸ਼ ਲਾਉਂਦੇ ਵਿਚਾਰੀ ਦੇ। ਅਖੇ ਤੇਰੇ ਸਰਬੰਧ ਸੀ ਵਿਆਹ ਤੋਂ ਪਹਿਲਾਂ ਕਿਸੇ ਨਾਲ…ਤੇਰੇ ਮਾਪਿਆਂ ਨੇ ਧੋਖਾ ਕੀਤਾ। ਬੱਸ ਸਾਹਬ ਜੀ! ਚੌਵੀ ਘੰਟੇ ਤਾਅਨੇ-ਮਿਹਣੇ ਮਾਰਦੇ ਰਹਿੰਦੇ…ਜੀਣਾ ਦੁੱਭਰ ਆ ਜੀ। ਐਹੇ ਜੇ ਮਾਹੌਲ ‘ਚ ਰਹਿਣਾ ਸੌਖਾ ਕਿਤੇ ? ਇਹ ਜਿਉਣ ਕੋਈ ਜਿਉਣ ਥੋੜੈ ਆ ਜੀ।” ਡਰਾਈਵਰ ਦੀ ਗੱਲ ਸੁਣ ਕੇ ਹਰਿੰਦਰ ਦਾ ਚਿਹਰਾ ਤਣ ਗਿਆ ਸੀ। ਇੱਕ ਵਾਰ ਤਾਂ ਉਹ ਗੁੱਸੇ ਨਾਲ਼ ਭਰ ਗਿਆ।
“…ਮਾਸਟਰਾ ਸਾਡੇ ਸਬੰਧ ਵਿਆਹ ਤੋਂ ਪਹਿਲਾਂ ਹੀ ਨਹੀਂ ਸਨ…ਹੁਣ ਵੀ ਹੈਨ। ਕੀ ਸਮਝਦੈਂ…ਮਨਜੀਤ ਨੂੰ ਮੇਰੇ ਤੋਂ ਦੂਰ ਕਰ ਕੇ ਸਾਡੇ ਸਬੰਧ ਤੋੜ ਦਿੱਤੇ ਈ…ਨਹੀਂ ਇਹ ਭਰਮ ਐ। ਮਨਜੀਤ ਅਜੇ ਵੀ ਮੇਰੀ ਆ।” ਉਹਨੇ ਆਪਣੇ ਵਲੋਂ ਜਿਵੇਂ ਲਲਕਾਰਾ ਮਾਰ ਕੇ ਕਿਹਾ ਸੀ, ਪਰ ਆਵਾਜ਼ ਤਾਂ ਉਸਦੇ ਸੰਘੋਂ ਬਾਹਰ ਹੀ ਨਹੀਂ ਸੀ ਨਿਕਲੀ। ਡਰਾਈਵਰ ਨੇ ਉਸਦੇ ਬਦਲੇ ਤੇਵਰ ਦੇਖ ਲਏ ਸਨ।
ਉਹ ਅਕਸਰ ਸੋਚਦਾ–ਕਿੰਨਾ ਚੰਗਾ ਹੋਵੇ ਉਹ ਮਨਜੀਤ ਨਾਲੋਂ ਟੁੱਟ ਜਾਵੇ। ਉਸਦੀ ਪੰਦਰਾਂ ਵਰ੍ਹਿਆਂ ਦੀ ਭਟਕਣਾ ਤਾਂ ਖ਼ਤਮ ਹੋ ਜਾਵੇ। ਇੰਜ ਉਹ ਕਿੰਨਾ ਚਿਰ ਤੱਕ ਭਟਕਦਾ ਰਹੇਗਾ? ਪਰ ਇਉਂ ਮਨਜੀਤ ਨਾਲੋਂ ਕਿਵੇਂ ਟੁੱਟਿਆ ਜਾ ਸਕਦਾ। ਇਹ ਆਪਣੇ ਵੱਸ ਥੋੜਾ ? ਕਾਸ਼! ਮਨਜੀਤ ਨਾਲ ਸਜਾਏ ਸਾਰੇ ਸੁਪਨੇ ਸੱਚ ਹੋ ਗਏ ਹੁੰਦੇ।
“ਸਾਹਬ ਜੀ! ਥੋਨੂੰ ਸਹੀ ਗੱਲ ਦੱਸਾਂ, ਮਾਸਟਰ ਦੀ ਘਰ ਆਲੀ ਤਾਂ ਆਪਣੇ ਬੱਚਿਆਂ ਕਰਕੇ ਜਿਉਂ ਰਹੀ ਐ। ਜਨਾਬ, ਇੱਕ ਮੁੰਡਾ ਤੇ ਇੱਕ ਬੱਚੀ ਆ। ਮੁੰਡਾ ਹੋਣਾ ਕੋਈ ਤੇਰਾਂ-ਚੌਂਦਾਂ ਸਾਲਾਂ ਦਾ। ਹਰਮਨ ਨਾਉਂ ਆ ਜੀ ਉਹਦਾ।” ਹਰਿੰਦਰ ਦੇ ਦਿਲ ਵਿੱਚ ਜਿਵੇਂ ਕਿਸੇ ਨੇ ਬਰਛੀ ਖੋਭ ਦਿੱਤੀ ਹੋਵੇ। ਉਹ ਬਹੁਤ ਦੂਰ ਪਿਛਾਂਹ ਪਰਤ ਗਿਆ। ਉਹ ਤੇ ਮਨਜੀਤ ਕਾਲਜ ਹੋਸਟਲ ਦੇ ਲਾਅਨ ਵਿੱਚ ਮਖਮਲੀ ਘਾਹ ਉੱਤੇ ਇੱਕ ਦੂਜੇ ਦੇ ਸਾਹਮਣੇ ਬੈਠੇ ਸਨ।
“…ਹਰਿੰਦਰ ਆਪਾਂ ਆਪਣੇ ਬੱਚੇ ਦਾ ਨਾਂ ਪਤਾ ਕੀ ਰੱਖਾਂਗੇ ?” ਮਨਜੀਤ ਨੇ ਬਹੁਤ ਹੀ ਗੰਭੀਰ ਹੋ ਕੇ ਕਿਹਾ ਸੀ।
“ਸੰਦੀਪ, ਦਲੀਪ, ਰਵਿੰਦਰ-ਸਵਿੰਦਰ,ਪਿੱਪਲ-ਬੋਹੜ ਕੁੱਝ ਵੀ ? ਜਦੋਂ ਬੱਚਾ ਹੋਊ ਦੇਖੀ ਜਾਊ। ਐਵੇਂ ਖਾਹ-ਮਖਾਹ ਹੁਣੇ ਕਿਉਂ ਬਰਡਨ ਪਾਈਏ ਆਪਣੇ ਆਪ ‘ਤੇ।” ਉਸਨੇ ਗੱਲ ਨੂੰ ਮਜ਼ਾਕ ਵਿੱਚ ਪਾਉਣਾ ਚਾਹਿਆ ਸੀ।
“…ਹਿੰਦ! ਹਰ ਵਕਤ ਮਜ਼ਾਕ ਠੀਕ ਨਈਂ ਹੁੰਦਾ। ਮੈਂ ਸੀਰੀਅਸਲੀ ਕਹਿ ਰਹੀ ਆਂ।” ਉਹ ਪਿਘਲ ਕੇ ਵਹਿ ਤੁਰੀ ਸੀ।
“…ਅੱਛਾ ਬਾਬਿਓ ! ਗਲਤੀ ਹੋਗੀ…ਤੂੰ ਈ ਦੱਸਦੇ ਕੀ ਨਾਂ ਰੱਖਾਂਗੇ…।” ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ। ਦਰਅਸਲ ਉਸਨੇ ਮਨਜੀਤ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ।
“…ਹਰਮਨ ! ਹਰਿੰਦਰ ਤੋਂ ਹਰ ਅਤੇ ਮਨਜੀਤ ਤੋਂ ਮਨ। ਦੋਵੇਂ ਜੋੜ ਕੇ ਬਣ ਜਾਊ ਹਰਮਨ। ਕਿਉਂ ਠੀਕ ਐ ਨਾ…?” ਮਨਜੀਤ ਦਾ ਮਾਸੂਮ ਚਿਹਰਾ ਖਿੜ ਗਿਆ ਸੀ।
“…ਵਾਹ ਕਿਆ ਬਾਤ…ਕਾਸ਼! ਐਸਾ ਹੀ ਹੋਵੇ!” ਮਨਜੀਤ ਦੀ ਗੱਲ ਨਾਲ ਉਹ ਵੀ ਖਿੜ ਉਠਿਆ ਸੀ। ਦੋਵੇਂ ਕਿੰਨਾ ਚਿਰ ਹੱਸਦੇ ਰਹੇ ਸਨ। ਫਿਰ ਉਹ ਜਦੋਂ ਵੀ ਮਿਲਦੇ ਮਜ਼ਾਕ ਵਿੱਚ ਪੁੱਛ ਲਿਆ ਕਰਦਾ ਸੀ… ਕੀ ਹਾਲ ਐ ਵਈ ਆਪਣੇ ਹਰਮਨ ਸਿਹੁੰ ਦਾ?…ਤੇ ਜੁਆਬ ਵਿੱਚ ਮਨਜੀਤ ਪਲਕਾਂ ਨੀਵੀਆਂ ਕਰ ਲੈਂਦੀ। ਉਸਦਾ ਗੁਲਾਬੀ ਰੰਗ ਹੋਰ ਗੂੜ੍ਹੀ ਸੂਹੀ ਭਾਅ ਮਾਰਨ ਲੱਗ ਪੈਂਦਾ।
“…ਸਾਹਬ ਜੀ! ਇੱਕ ਦਿਨ ਮਾਸਟਰ…।” ਡਰਾਈਵਰ ਦੀ ਆਵਾਜ਼ ਨਾਲ ਹਰਿੰਦਰ ਦੇ ਖ਼ਿਆਲਾਂ ਦੀ ਲੜੀ ਟੁੱਟੀ।
“…ਦਲੀਪ ਸਿੰਘ…।” ਉਸਨੇ ਡਰਾਈਵਰ ਦੀ ਗੱਲ ਵਿਚਾਲਿਓਂ ਟੋਕ ਕੇ ਕਿਹਾ ਸੀ।
“ ਜੀ ਸਾਹਬ!”
“ …ਤੂੰ ਕਿਹਾ ਸੀ…ਮਾਸਟਰ ਸਕੂਲ ‘ਚ ਵੀ ਪੀਤੀ ਰੱਖਦਾ ?” ਹਰਿੰਦਰ ਨੇ ਪਹਿਲੀ ਵਾਰ ਮਾਸਟਰ ਸਬੰਧੀ ਕੋਈ ਸੁਆਲ ਕੀਤਾ ਸੀ ਵਰਨਾ ਉਹ ਸਿਰਫ਼ ਉਹਨਾਂ ਦੀਆਂ ਗੱਲਾਂ ਸੁਣਦਾ ਈ ਰਹਿੰਦਾ ਸੀ।
“…ਤੂੰ ਇਹ ਵੀ ਕਿਹਾ ਸੀ ਕਿ ਉਹ ਸਕੂਲ ਘੱਟ ਵੱਧ ਈ ਵੜਦਾ?”
“…ਜੀ ਜਨਾਬ!” ਡਰਾਈਵਰ ਦਾ ਸੰਘ ਖੁਸ਼ਕ ਹੋ ਗਿਆ।
“ ਹੂੰ !” ਹਰਿੰਦਰ ਕਿੰਨਾ ਚਿਰ ਚੁੱਪ ਰਿਹਾ। ਡਰਾਈਵਰ ਉਸਦੇ ਚਿਹਰੇ ਦੇ ਪਲ-ਪਲ ਬਦਲਦੇ ਰੰਗਾਂ ਨੂੰ ਦੇਖਦਾ ਰਿਹਾ।
“ਗੱਡੀ ਢਾਹਾਂ ਨੂੰ ਲੈ ਚੱਲ!” ਉਸਦੀ ਆਵਾਜ਼ ਕਰੜਾਈ ਨਾਲ ਭਰੀ ਹੋਈ ਸੀ, ਜਿਹੜੀ ਅੱਜ ਤੱਕ ਡਰਾਈਵਰ ਦਲੀਪ ਸਿੰਘ ਨੇ ਨਹੀਂ ਸੀ ਤੱਕੀ।
“…ਨਾਲੇ ਹੁਣ ਕੋਈ ਗੱਲਬਾਤ ਨਾ ਕਰੀਂ। ਚੁੱਪ-ਚਾਪ ਦੱਬੀ ਚੱਲ।” ਹੋਰ ਕੁਝ ਕਹਿਣਾ ਹਰਿੰਦਰ ਨੇ ਯੋਗ ਨਹੀਂ ਸੀ ਸਮਝਿਆ। ਢਾਹਾਂ ਉਹਨਾਂ ਨੇ ਕਿਥੇ ਜਾਣਾ ਹੈ, ਡਰਾਈਵਰ ਨੇ ਪੁੱਛਣ ਦੀ ਹਿੰਮਤ ਨਹੀਂ ਸੀ ਕੀਤੀ। ਉਹ ਢਾਹਾਂ ਨੂੰ ਚੱਲ ਪਏ ਸਨ।
ਹਰਿੰਦਰ ਵਾਪਰ ਜਾਣ ਵਾਲੀਆਂ ਘਟਨਾਵਾਂ ਦੀ ਹੀ ਕਲਪਨਾ ਕਰਨ ਲੱਗਾ– -ਉਹ ਜਾਂਦਿਆਂ ਸਾਰ ਸਕੂਲ ਚੈੱਕ ਕਰੇਗਾ। ਸੌ ਫੀਸਦੀ ਮਾਸਟਰ ਸਕੂਲੋਂ ਗੈਰ-ਹਾਜ਼ਰ ਹੋਵੇਗਾ। ਜੇਕਰ ਹਾਜ਼ਰ ਵੀ ਹੋਇਆ ਤਾਂ ਸ਼ਰਾਬੀ ਹਾਲਤ ਵਿਚ ਹੋਊ। ਜੇਕਰ ਗੈਰ ਹਾਜ਼ਰ ਹੋਇਆ ਤਾਂ ਗ਼ੈਰਹਾਜ਼ਰੀ ਲਾ ਡਿਊਟੀ ਤੋਂ ਕੁਤਾਹੀ ਕਰਨ ਦੇ ਜ਼ੁਰਮ ‘ਚ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਸਿੱਖਿਆ ਮਹਿਕਮੇ ਨੂੰ ਲਿਖੇਗਾ। ਜੇਕਰ ਮਾਸਟਰ ਨੇ ਸ਼ਰਾਬ ਪੀਤੀ ਹੋਈ ਤਾਂ ਉਸਦਾ ਮੈਡੀਕਲ ਕਰਵਾ ਕੇ ਮੁਅੱਤਲ ਕਰਨਾ ਹੋਰ ਵੀ ਆਸਾਨ ਹੋਊ। ਮਾਸਟਰ ਦੀ ਮੁਅੱਤਲੀ ਨਾਲ ਇੱਕ ਵਾਰੀ ਤਾਂ ਸਾਰਾ ਪਿੰਡ ਹਿੱਲ ਜਾਊ। ਫੇਰ ਮਾਸਟਰ, ਦਲੀਪ ਸਿੰਘ ਡਰਾਈਵਰ ਰਾਹੀਂ ਉਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੇਗਾ। ਮਿਲਣ ‘ਤੇ ਉਹ ਮਾਸਟਰ ਦੀ ਬੇਇਜ਼ਤੀ ਕਰੇਗਾ ਤੇ ਮਨਜੀਤ ਨੂੰ ਤੰਗ ਨਾ ਕਰਨ ਦੀ ਚੇਤਾਵਨੀ ਦੇਊ। ਮਨਜੀਤ ਨੂੰ ਡਰਾਈਵਰ ਤੋਂ ਇਹ ਪਤਾ ਲੱਗ ਜਾਊ ਕਿ ਮਾਸਟਰ ਖ਼ਿਲਾਫ਼ ਰਿਪੋਰਟ ਕਰਨ ਵਾਲਾ ਐਸ.ਡੀ.ਐਮ ਉਹਨਾਂ ਦਾ ਹੀ ਕੋਈ ਜਾਣੂ ਹੈ। ਸ਼ਾਇਦ ਮਨਜੀਤ ਨੂੰ ਵੀ ਪਤਾ ਈ ਹੋਵੇ ਕਿ ਉਸਦਾ ਹਿੰਦ ਇੱਥੇ ਪੂਰੀ ਸਬ-ਡਿਵੀਜ਼ਨ ਦਾ ਮਾਲਕ ਹੈ। ਉਸਨੂੰ ਵੀ ਤਾਂ ਮਨਜੀਤ ਬਾਰੇ ਸਾਰੀ ਰਿਪੋਰਟ ਮਿਲਦੀ ਹੀ ਰਹਿੰਦੀ ਹੈ, ਉਸੇ ਤਰ੍ਹਾਂ ਮਨਜੀਤ ਵੀ ਕਿਸੇ ਨਾ ਕਿਸੇ ਤਰੀਕੇ ਉਸ ਬਾਰੇ ਜਾਣਕਾਰੀ ਰੱਖਦੀ ਹੋਵੇਗੀ। ਜੇ ਪਹਿਲਾਂ ਪਤਾ ਨਾ ਵੀ ਹੋਇਆ, ਹੁਣ ਤਾਂ ਲੱਗ ਹੀ ਜਾਊ। ਜਦੋਂ ਮਨਜੀਤ ਨੂੰ ਪਤਾ ਲੱਗਿਆ ਉਹ ਮਿਲਣ ਜਰੂਰ ਆਏਗੀ। ਇਸੇ ਬਹਾਨੇ ਉਹ ਆਪਣੀ ਮਨਜੀਤ ਨੂੰ ਵਰ੍ਹਿਆਂ ਬਾਅਦ ਮਿਲ ਸਕੇਗਾ। ਉਸ ਕੋਲ ਰੋ-ਰੋ ਕੇ ਪੰਦਰਾਂ ਸਾਲਾਂ ਤੋਂ ਦਿਲ ‘ਤੇ ਪਿਆ ਬੋਝ ਹਲਕਾ ਕਰ ਲਵੇਗਾ। ਪਰ ਮਨਜੀਤ ਇਸ ਘਟਨਾ ਨਾਲ ਕਿੰਨੀ ਦੁਖੀ ਹੋਵੇਗੀ ? ਉਸ ਦੇ ਸੁਭਾਅ ਬਾਰੇ ਤਾਂ ਪਤਾ ਈ ਹੈ। ਉਸ ਨੇ ਆਉਂਦਿਆਂ ਹੀ ਲਾਲ ਅੱਖਾਂ ਕੱਢ ਕੇ ਪੈ ਨਿਕਲਣਾ ਹੈ, “ਤੇਰੀ ਹਿੰਮਤ ਕਿਵੇਂ ਪਈ ਮੇਰੇ ‘ਤੇ ਵਾਰ ਕਰਨ ਦੀ…ਕੀ ਸਮਝਦੈਂ ਤੂੰ ਆਪਣੇ ਆਪ ਨੂੰ ? ਅਫ਼ਸਰ ਬਣ ਗਿਐਂ ਤਾਂ ਇਹਦਾ ਮਤਲਬ ਨਈਂ…ਮੇਰੇ ਜੁਆਕਾਂ ਦੇ ਮੂੰਹੋਂ ਰੋਟੀ ਖੋਹ ਲਵੇਂ। ਮੈਤੋਂ ਬਦਲਾ ਲੈਣ ਦਾ ਹੋਰ ਢੰਗ ਨ੍ਹੀਂ ਥਿਆਇਆ ਤੈਨੂੰ ?” ਉਹ ਬਿਫ਼ਰੀ ਸ਼ੇਰਨੀ ਵਾਂਗ ਦਹਾੜੇਗੀ। ਉਹ ਜਦੋਂ ਕਦੇ ਗੁੱਸੇ ‘ਚ ਆਉਂਦੀ ਸੀ, ਇੰਜ ਈ ਕਰਦੀ ਹੁੰਦੀ ਸੀ। ਮਨਜੀਤ ਅੱਗੇ ਉਸ ਤੋਂ ਕੋਈ ਜੁਆਬ ਵੀ ਨਹੀਓਂ ਦਿੱਤਾ ਜਾਣਾ।
ਸਾਰੇ ਸਫਰ ਦੌਰਾਨ ਹਰਿੰਦਰ ਘਟਨਾ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਬਾਰੇ ਹੀ ਊਲ-ਜਲੂਲ ਸੋਚਦਾ ਰਿਹਾ ਸੀ।
ਐਸ.ਡੀ.ਐਮ. ਦੇ ਅਚਾਨਕ ਸਕੂਲ ਚੈੱਕ ਆ ਕਰਨ ‘ਤੇ ਸਾਰੇ ਸਟਾਫ਼ ਨੂੰ ਭਾਜੜਾਂ ਪੈ ਗਈਆਂ। ਹਰਿੰਦਰ ਨੇ ਅਧਿਆਪਕ ਹਾਜ਼ਰੀ ਰਜਿਸਟਰ ਮੰਗਵਾ ਕੇ ਚੈੱਕ ਕੀਤਾ। ਸ਼ਰਾਬੀ ਮਾਸਟਰ ਸੱਚਮੁੱਚ ਗ਼ੈਰ ਹਾਜ਼ਰ ਸੀ। ਉਸਦੀ ਹਾਜ਼ਰੀ ਵਾਲਾ ਖਾਨਾ ਖਾਲੀ-ਖਾਲੀ ਝਾਕ ਰਿਹਾ ਸੀ। ਹਰਿੰਦਰ ਨੇ ਗਹੁ ਨਾਲ ਖਾਲੀ ਖਾਨੇ ਵੱਲ ਦੇਖਿਆ। ਕੁੱਝ ਚਿਰ ਸੋਚਿਆ ਤੇ ਰਜਿਸਟਰ ‘ਤੇ ਲਿਖ ਦਿੱਤਾ, “ਸਾਰੇ ਅਧਿਆਪਕ ਹਾਜ਼ਰ ਪਾਏ ਗਏ।” ਉਸਨੇ ਰਸਮੀ ਤੌਰ ‘ਤੇ ਕਾਹਲੀ-ਕਾਹਲੀ ਸਕੂਲ ਦਾ ਮੁਆਇਨਾ ਕੀਤਾ ਤੇ ਹਵਾ ਵਾਂਗ ਸਕੂਲ ‘ਚੋਂ ਨਿਕਲ ਤੁਰਿਆ।
“…ਸਾਹਬ ਜੀ! ਸ਼ਰਾਬੀ ਮਾਸਟਰ ਅੱਜ ਵੀ ਸਕੂਲੋਂ ਗ਼ੈਰ ਹਾਜ਼ਰ ਸੀ।” ਡਰਾਈਵਰ ਨੇ ਹਰਿੰਦਰ ਦੀ ਚੁੱਪ ਤੋੜਨੀ ਚਾਹੀ ਸੀ।
“…ਕੋਈ ਹੋਰ ਗੱਲ ਸੁਣਾ।” ਆਖਦਿਆਂ ਹਰਿੰਦਰ ਨੇ ਠੰਡਾ ਸਾਹ ਭਰਿਆ। ਉਹ ਹੁਣ ਆਪਣੇ-ਆਪ ਨੂੰ ਹਲਕਾ ਜਿਹਾ ਮਹਿਸੂਸ ਕਰ ਰਿਹਾ ਸੀ।

-ਗੁਰਮੀਤ ਕੜਿਆਲਵੀ

Comment here