ਸਾਹਿਤਕ ਸੱਥ

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ ।
ਰਿਸ਼ਤਿਆਂ ਦੀ ਭੀੜ ‘ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ ।
ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ,
ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ ।
ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ,
ਤੇਰੇ ਆਂਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ ।
ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ ‘ਚੋਂ,
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ ।
ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ,
ਜਦ ਤਿਰੀ ਮਿੱਟੀ ‘ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ ।
ਜ਼ਿੰਦਗੀ ਦੇ ਹਰ ਪੜਾ, ਹਰ ਮੋੜ ‘ਤੇ ਹਰ ਪੈਰ ‘ਤੇ,
ਜਦ ਉਦਾਸੀ ਵਿਚ ਕਦੇ ਵੀ ਦਿਨ ਧੁਖੇ ਤਾਂ ਖ਼ਤ ਲਿਖੀਂ ।
ਮਹਿਫ਼ਲਾਂ ਵਿੱਚ, ਚਾਰ ਯਾਰੀ ਵਿੱਚ, ਕਿਸੇ ਉਤਸਵ ‘ਚ ਵੀ,
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ ।
ਸ਼ਹਿਰ, ਪਰਬਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ,
ਕਿਸ ਤਰ੍ਹਾਂ ਲੱਗੇ, ਜੇ ਹੁਣ ਗੁਜ਼ਰੇ ਕਦੇ ਤਾਂ ਖ਼ਤ ਲਿਖੀਂ ।
ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ,
ਸਹਿ-ਸੁਭਾ ਵੀ ਪਰ ਕਦੇ ਜੇ ਅੱਖ ਭਰੇ ਤਾਂ ਖ਼ਤ ਲਿਖੀਂ ।
ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆਂ ਸੀ ਕਦੇ,
ਹੁਣ ਕਦੇ ‘ਜਗਤਾਰ’ ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ ।

ਡਾ ਜਗਤਾਰ

Comment here