ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕੈਫੇ ਨੇ ਰੂਸੀ ਸਲਾਦ ਮੈਨਿਊ ਚੋਂ ਹਟਾਇਆ

ਕੀਵ-ਰੂਸ ਵਲੋਂ ਯੂਕਰੇਨ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।  ਰੂਸ ਅਤੇ ਯੂਕਰੇਨ ਵਿਚਾਲੇ ਲੜਾਈ ਵਧਦੀ ਹੀ ਜਾ ਰਹੀ ਹੈ। ਯੂਕਰੇਨ ਵਿੱਚ ਕਈ ਮਾਸੂਮ ਲੋਕ ਜਾਨ ਗਵਾ ਚੁੱਕੇ ਹਨ। ਰੂਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਹਰ ਪਾਸੇ ਇਸ ਦੀ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਕੇਰਲ ਦੇ ਇੱਕ ਕੈਫੇ ਨੇ ਰੂਸ ਦਾ ਵਿਰੋਧ ਕੀਤਾ ਹੈ। ਇਸ ਕੈਫੇ ਦੇ ਵਿਰੋਧ ਦਾ ਤਰੀਕਾ ਬਹੁਤ ਵੱਖਰਾ ਹੈ। ਯੂਕਰੇਨ ਦਾ ਸਮਰਥਨ ਕਰਦੇ ਹੋਏ ਇਸ ਕੈਫੇ ਨੇ ਆਪਣੇ ਮੇਨੂ ਤੋਂ ਰੂਸੀ ਸਲਾਦ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦਾ ਵਿਰੋਧ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫੋਰਟ ਕੋਚੀ ਵਿੱਚ ਕਾਸ਼ੀ ਆਰਟ ਕੈਫੇ ਅਤੇ ਗੈਲਰੀ ਦੇ ਬਾਹਰ ਇੱਕ ਬੋਰਡ ਲਗਾਇਆ ਗਿਆ ਹੈ। ਜਿਸ ਵਿੱਚ ਲਿਖਿਆ ਹੈ – ਯੂਕਰੇਨ ਦੇ ਲੋਕਾਂ ਦੇ ਨਾਲ ਇੱਕਜੁੱਟਤਾ ਵਿੱਚ, ਅਸੀਂ ਆਪਣੇ ਮੇਨੂ ਤੋਂ ਰੂਸੀ ਸਲਾਦ ਨੂੰ ਹਟਾ ਦਿੱਤਾ ਹੈ। ਕੈਫੇ ਦੇ ਮਾਲਕ ਐਡਗਰ ਪਿੰਟੋ ਨੇ ਦੱਸਿਆ ਕਿ ਇਹ ਜੰਗ ਦੀ ਨਿੰਦਾ ਕਰਨ ਦਾ ਤਰੀਕਾ ਹੈ। ਕੈਫ਼ੇ ਦੇ ਮਾਲਕ ਨੇ ਦੱਸਿਆ ਕਿ ਇਹ ਕਿਸੇ ਕਿਸਮ ਦਾ ਪ੍ਰਚਾਰ ਨਹੀਂ ਬਲਕਿ ਇਸ ਜੰਗ ਨੂੰ ਨਾਂਹ ਕਹਿਣ ਦਾ ਮੇਰਾ ਤਰੀਕਾ ਹੈ। ਉਨ੍ਹਾਂ ਕਿਹਾ ਕੋਈ ਵੀ ਯੁੱਧ ਇਨਸਾਨੀਅਤ ਤੋਂ ਵੱਡਾ ਨਹੀਂ ਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਲਾ ਪ੍ਰੇਮੀ ਹੋਣ ਦੇ ਨਾਤੇ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੇ ਕੋਲ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ ਦਾ ਇਹ ਇੱਕੋ ਇੱਕ ਤਰੀਕਾ ਸੀ। ਦੁਨੀਆ ਭਰ ਦੇ ਲੋਕ ਰੂਸ ਨੂੰ ਸਬਕ ਸਿਖਾਉਣ ਲਈ ਕਈ ਚੀਜ਼ਾਂ ‘ਤੇ ਪਾਬੰਦੀ ਲਗਾ ਰਹੇ ਹਨ। ਇਸ ਦੇ ਨਾਲ ਹੀ ਕੇਰਲ ਦੇ ਇਸ ਕੈਫੇ ਦਾ ਵਿਰੋਧ ਕਰਨ ਦਾ ਤਰੀਕਾ ਕਾਫੀ ਅਨੋਖਾ ਦੱਸਿਆ ਜਾ ਰਿਹਾ ਹੈ, ਜੋ ਇਨ੍ਹੀਂ ਦਿਨੀਂ ਚਰਚਾ ‘ਚ ਹੈ।

Comment here