ਸਿਆਸਤਖਬਰਾਂ

ਕੈਪਟਨ ਲਈ ਮੁਸ਼ਕਲ ਦੌਰ, ਨਹੀਂ ਰੁਕ ਰਿਹਾ ਪਾਰਟੀ ਚ ਵਿਰੋਧ

ਵਿਧਾਇਕਾਂ, ਮੰਤਰੀਆਂ ਨੇ ਹਾਈਕਮਾਂਡ ਨੂੰ ਲਿਖੀ ਸ਼ਿਕਾਇਤ ਚਿੱਠੀ

 ਚੰਡੀਗੜ੍ਹ –ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਮੁਸ਼ਕਲ ਦੌਰ ਚੱਲ ਰਿਹਾ ਹੈ, ਨਵਜੋਤ ਸਿਧੂ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਲਗਦਾ ਸੀ ਕਿ ਹਾਲਾਤ ਕੁਝ ਠੀਕ ਹੋ ਜਾਣਗੇ, ਪਰ ਅਜਿਹਾ ਨਹੀਂ ਹੋ ਰਿਹਾ। ਅੱਜ ਕੈਪਟਨ ਹਾਈਕਮਾਂਡ ਸੋਨੀਆ ਗਾਂਧੀ ਨੂੰ ਮਿਲ ਰਹੇ ਹਨ, ਮੰਤਰੀ ਮੰਡਲ ਚ ਫੇਰ ਬਦਲ ਦੀ ਗੱਲ ਕਰਨਗੇ, ਨਵਜੋਤ ਸਿਧੂ ਵਲੋਂ ਲਗਾਤਾਰ ਸਰਕਾਰ ਖਿਲਾਫ ਕੀਤੀ ਜਾ ਰਹੀ ਉਂਗਲ ਬਾਰੇ ਵੀ ਚਰਚਾ ਹੋ ਸਕਦੀ ਹੈ, ਪਰ ਇਸ ਤੋਂ ਪਹਿਲਾਂ ਕੈਪਟਨ ਦੇ ਰਾਹ ਚ ਇਕ ਲੈਟਰ ਪਟਾਕਾ ਆ ਵੱਜਿਆ ਹੈ।  ਸੋਨੀਆ ਤੇ ਕੈਪਟਨ ਦੀ ਬੈਠਕ ਤੋਂ ਪਹਿਲਾਂ ਪੰਜ ਮੰਤਰੀਅਂ ਤੇ ਕੁਝ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਆਪਣੀ ਹੀ ਸਰਕਾਰ ਖਿਲਾਫ਼ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ ‘ਤੇ ਕੋਈ ਕੰਮ ਨਹੀਂ ਕਰ ਰਹੇ ਹਨ। ਸੋਨੀਆ ਗਾਂਧੀ ਨੂੰ ਲਿਖੇ ਇਸ ਪੱਤਰ ‘ਤੇ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ , ਸੁਖਬਿੰਦਰ ਸਿਘ ਸਰਕਾਰੀਆ , ਸੁਖਜਿੰਦਰ ਸਿੰਘ ਰੰਧਾਵਾ , ਚਰਨਜੀਤ ਸਿੰਘ ਚੰਨੀ  ਤੇ ਰਜ਼ੀਆ ਸੁਲਤਾਨਾ  ਦੇ ਦਸਤਖ਼ਤ ਹਨ। ਦੱਸ ਦੇਈਏ ਕਿ ਇਹ ਪੰਜੋਂ ਮੰਤਰੀ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਮੁਖ਼ਾਲਫਤ ਕਰਦੇ ਰਹੇ ਹਨ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੂੰ ਭੇਜੇ ਪੱਤਰ ਵਿਚ ਕਾਂਗਰਸੀ ਵਿਧਾਇਕਾਂ ‘ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਦਸਤਖ਼ਤ ਹਨ। ਕਾਂਗਰਸੀ ਸੂਤਰਾਂ ਅਨੁਸਾਰ ਇਹ ਪੱਤਰ ਇਸ ਲਈ ਲਿਖਿਆ ਗਿਆ ਹੈ ਤਾਂ ਜੋ ਸੀਐੱਮ ਕੈਪਟਨ ਅਮਰਿੰਦਰ ਸਿੰਘ ਜੇਕਰ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਪੰਜ ਮੰਤਰੀਆਂ ‘ਚੋਂ ਕਿਸੇ ਨੂੰ ਵੀ ਮੰਤਰੀ ਮੰਡਲ ਤੋਂ ਬਾਹਰ ਕਰਨ ਸਬੰਧੀ ਚਰਚਾ ਕਰੀਏ ਤਾਂ ਇਹ ਪੱਤਰ ਕਾਊਂਟਰ ਅਟੈਕ ਦੇ ਰੂਪ ‘ਚ ਕੰਮ ਆ ਸਕੇ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ ਪਾਰਟੀ ਹਾਈ ਕਮਾਨ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ ਸਬੰਧੀ ਗੰਭੀਰ ਨਹੀਂ ਹਨ। ਸੀਐੱਮ ਕੈਪਟਨ ਅਮਰਿੰਦਰ ਸਿੰਘ ਇਸ ਏਜੰਡੇ ‘ਤੇ ਕੋਈ ਕੰਮ ਨਹੀਂ ਕਰ ਰਹੇ ਹਨ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨੂੰ ਲਿਖੇ ਗਏ ਇਸ ਪੱਤਰ ਸਬੰਧੀ ਤਿੰਨ ਦਿਨਾਂ ਤੋਂ ਕਵਾਇਦ ਚੱਲ ਰਹੀ ਸੀ। ਕੋਸ਼ਿਸ਼ ਸੀ ਕਿ ਇਸ ਪੱਤਰ ‘ਤੇ ਕਰੀਬ 50 ਵਿਧਾਇਕਾਂ ਦੇ ਦਸਤਖ਼ਤ ਕਰਵਾਏ ਜਾਣ, ਪਰ ਕਈ ਵਿਧਾਇਕਾਂ ਦੇ ਚੰਡੀਗੜ੍ਹ ‘ਚ ਮੌਜੂਦ ਨਾ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਅਜਿਹੀ ਸਥਿਤੀ ਨੂੰ ਕੈਪਟਨ ਕਿਵੇਂ ਕਾਊਂਟਰ ਕਰਦੇ ਹਨ, ਉਡੀਕਿਆ ਜਾ ਰਿਹਾ ਹੈ।

Comment here