ਚੰਡੀਗੜ-ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਕਾਂਗਰਸ ਵਿਚ ਚੱਲ ਰਹੇ ਅੱਜ ਤਖ਼ਤਾ ਪਲਟ ਦੇ ਘਟਨਾਕ੍ਰਮ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਭਗ 4.30 ਵਜੇ ਰਾਜਪਾਲ ਭਵਨ ਪਹੁੰਚੇ ਤੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਪ ਦਿੱਤਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ ਅਤੇ ਵਾਰ -ਵਾਰ “ਅਪਮਾਨ” ਕਰਨ ‘ਤੇ ਨਾਰਾਜ਼ਗੀ ਅਤੇ ਨਾਖੁਸ਼ੀ ਜ਼ਾਹਰ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਮਰਥਕ ਵਿਧਾਇਕਾਂ ਨਾਲ ਮੀਟਿੰਗ ਵਿੱਚ ਅਸਤੀਫਾ ਦੇਣ ਬਾਰੇ ਫੈਸਲਾ ਲਿਆ। ਹਾਈ ਕਮਾਨ ਵੱਲੋਂ ਕੈਪਟਨ ਉਤੇ ਅਸਤੀਫੇ ਲ਼ਈ ਦਬਾਅ ਬਣਾਇਆ ਸੀ।
ਕੀ ਕਿਹਾ ਕੈਪਟਨ ਨੇ-ਅਸਤੀਫ਼ਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਤੀਫ਼ਾ ਦੇਣ ਦਾ ਮੇਰਾ ਫ਼ੈਸਲਾ ਸਵੇਰੇ ਹੀ ਹੋ ਚੁੱਕਾ ਸੀ। ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਕਰਕੇ ਅਸਤੀਫ਼ੇ ਬਾਰੇ ਸਵੇਰੇ ਹੀ ਜਾਣਕਾਰੀ ਦੇ ਦਿੱਤੀ ਸੀ। ਕੈਪਟਨ ਨੇ ਕਿਹਾ ਕਿ ਦੋ ਮਹੀਨਿਆਂ ਵਿਚ ਤਿੰਨ ਵਾਰ ਅਜਿਹੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਪਹਿਲਾਂ ਉਨ੍ਹਾਂ ਨੂੰ ਦੋ ਵਾਰ ਦਿੱਲੀ ਬੁਲਾਇਆ ਗਿਆ ਅਤੇ ਹੁਣ ਉਨ੍ਹਾਂ ਨੂੰ ਬਿਨਾਂ ਭਰੋਸੇ ਵਿਚ ਲਏ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਇਸ ਤਰ੍ਹਾਂ ਉਹ ਬੇਇੱਜ਼ਤ ਮਹਿਸੂਸ ਕਰ ਰਹੇ ਹਨ। ਮੈਂ ਸਮਝਦਾ ਹਾਂ ਕਿ ਜੇਕਰ ਹਾਈਕਮਾਨ ਨੂੰ ਲੱਗਦਾ ਹੈ ਕਿ ਮੈਂ ਕੰਮ ਸਹੀ ਨਹੀਂ ਕੀਤਾ ਜਾਂ ਮੈਂ ਸਰਕਾਰ ਸਹੀ ਤਰ੍ਹਾਂ ਨਹੀਂ ਚਲਾ ਸਕਿਆ ਤਾਂ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡ ਰਿਹਾ ਹਾਂ। ਜਿਸ ’ਤੇ ਵੀ ਕਾਂਗਰਸ ਹਾਈਕਮਾਨ ਨੂੰ ਭਰੋਸਾ ਹੋਵੇ, ਉਹ ਉਸ ਨੂੰ ਮੁੱਖ ਮੰਤਰੀ ਬਣਾ ਦੇਵੇ। ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਆਖਿਆ ਹੈ ਕਿ ਉਨ੍ਹਾਂ ਦੇ ਸਿਆਸੀ ਬਦਲ ਖੁੱਲ੍ਹੇ ਹਨ। ਅਗਲੀ ਰਣਨੀਤੀ ਬਾਰੇ ਪੁੱਛੇ ਗਏ ਸਵਾਲ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਉਨ੍ਹਾਂ ਨੇ ਕੋਈ ਫ਼ੈਸਲਾ ਨਹੀਂ ਕੀਤਾ ਹੈ, ਉਨ੍ਹਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਨਗੇ ਅਤੇ ਇਸ ਤੋਂ ਬਾਅਦ ਹੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਅਸਲ ਵਿੱਚ ਕੈਪਟਨ ਤੋਂ ਨਾਰਾਜ਼ 40 ਵਿਧਾਇਕਾਂ ਦੇ ਪੱਤਰ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਕੱਲ ਹੀ ਵੱਡਾ ਫ਼ੈਸਲਾ ਲੈਂਦਿਆਂ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਅੱਧੀ ਰਾਤ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਸੀ। ਅਜੇ ਮਾਕਨ ਅਤੇ ਹਰੀਸ਼ ਰਾਵਤ ਨੂੰ ਵਿਧਾਇਕ ਦਲ ਦੀ ਬੈਠਕ ਲਈ ਆਬਜ਼ਰਵਰ ਬਣਾਇਆ ਗਿਆ ਅਤੇ ਦੋਵੇਂ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਵਿਚ ਸ਼ਮੂਲੀਅਤ ਕਰਨ ਦੀ ਡਿਊਟੀ ਲਗਾਈ ਗਈ। ਇਸ ਤਖ਼ਤ ਪਲਟ ਦੌਰਾਨ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਕੋਲ ਚਾਰ ਸਾਲਾਂ ਬਾਅਦ ਕਾਂਗਰਸ ਦਾ ਮੁੱਖ ਮੰਤਰੀ ਚੁਣਨ ਦਾ ਮੌਕਾ ਹੈ। ਯਾਨੀ ਮੁਸਤਫਾ ਨੇ ਅਮਰਿੰਦਰ ਸਿੰਘ ਦੇ ਕਾਂਗਰਸੀ ਹੋਣ ’ਤੇ ਸਿੱਧੇ ਤੌਰ ’ਤੇ ਸਵਾਲ ਚੁੱਕ ਦਿੱਤੇ। ਮੁਸਤਫਾ ਨੇ ਕਿਹਾ ਕਿ 2017 ਵਿਚ ਪੰਜਾਬ ਨੇ 80 ਵਿਧਾਇਕ ਕਾਂਗਰਸ ਨੂੰ ਦਿੱਤੇ। ਇਸ ਦੇ ਬਾਵਜੂਦ ਅੱਜ ਤੱਕ ਕਾਂਗਰਸੀ ਮੁੱਖ ਮੰਤਰੀ ਨਹੀਂ ਲੱਭੇ। ਤਕਰੀਬਨ ਸਾਢੇ ਚਾਰ ਸਾਲਾਂ ਤੱਕ ਕੈਪਟਨ ਨੇ ਪੰਜਾਬ ਅਤੇ ਪੰਜਾਬੀਅਤ ਦੇ ਦਰਦ ਨੂੰ ਦਿਲੋਂ ਨਹੀਂ ਸਮਝਿਆ। ਅਜਿਹੀ ਸਥਿਤੀ ਵਿਚ ਹੁਣ 80 ਵਿਚੋਂ 79 ਵਿਧਾਇਕਾਂ ਨੂੰ ਸਨਮਾਨ ਪ੍ਰਾਪਤ ਕਰਨ ਅਤੇ ਜਸ਼ਨ ਮਨਾਉਣ ਦਾ ਮੌਕਾ ਮਿਲ ਗਿਆ ਹੈ।
ਅਕਾਲੀ ਦਲ ਦਾ ਹੱਲਾ ਬੋਲ
ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀਆਂ ਅਟਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ‘ਤੇ ਹਮਲਾ ਬੋਲਿਆ ਹੈ। ਇਸ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਹੁਣ ਪਤਾ ਲੱਗਿਆ ਹੈ ਕਿ ਕੋਈ ਵੀ ਤਾਕਤ ਕਾਂਗਰਸ ਨੂੰ ਡੁੱਬਣ ਤੋਂ ਨਹੀਂ ਬਚਾ ਸਕਦੀ। ਇਸ ਲਈ ਵਾਰ-ਵਾਰ ਕੋਸ਼ਿਸ਼ ਹੁੰਦੀ ਹੈ ਕਿ ਕਦੀ ਪਾਰਟੀ ਦਾ ਪ੍ਰਧਾਨ ਤੇ ਕਦੀ ਪਾਰਟੀ ਦਾ ਸੀ.ਐੱਮ ਬਦਲ ਲਓ ਪਰ ਹੁਣ ਚੋਣਾਂ ਤਾਂ ਸਿਰ ’ਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਇਹ ਨਵਾਂ ਮੁੱਖ ਮੰਤਰੀ ਬਣਾ ਲੈਂਦੇ ਹਨ ਤਾਂ ਇਨ੍ਹਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਕੌਣ ਪੂਰੇ ਕਰੇਗਾ। ਕਾਂਗਰਸ ਸਰਕਾਰ ਨੂੰ ਹੁਣ ਬਸ ਇਸ ਗੱਲ ਦੀ ਹੋੜ ਲੱਗੀ ਹੋਈ ਹੈ ਕਿ ਜਦੋਂ ਤੱਕ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਅੱਗੇ ਕਰਾਂਗੇ ਤਾਂ 90 ਹਜ਼ਾਰ ਕਰੋੜ ਦੇ ਕਰਜ਼ਾ ਮਆਫ਼ੀ ਦਾ ਵਾਅਦਾ, ਘਰ-ਘਰ ਨੌਕਰੀ ਦਾ ਵਾਅਦਾ, 4 ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਅਤੇ ਗੁਟਕਾ ਸਾਹਿਬ ਦੀ ਕਸਮ ਵਰਗੇ ਮਾਮਲੇ ਸਾਹਮਣੇ ਆਉਂਦੇ ਰਹਿਣਗੇ। ਉਹ ਚਾਹੁੰਦੇ ਹਨ ਕਿ ਕਿਸੇ ਹੋਰ ਨੂੰ ਮੋਹਰਾ ਬਣਾ ਕੇ ਅੱਗੇ ਕੀਤਾ ਜਾਵੇ ਤੇ ਸਾਰਾ ਕੁੱਝ ਕੈਪਟਨ ਅਮਰਿੰਦਰ ਸਿੰਘ ਦੇ ਮੱਥੇ ਮੜਿਆ ਜਾਵੇ ਪਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਗਏ ਉਸ ਦੇ ਲਈ ਸੋਨੀਆ ਗਾਂਧੀ ਵੀ ਜ਼ਿੰਮੇਵਾਰ ਹਨ।
Comment here