ਹੁਣ ਨਹੀਂ ਲੱਗਣਗੇ ਇੱਥੇ ਧਰਨੇ, ਰੈਲੀਆਂ ਮੁਜਾ਼ਹਰਿਆਂ ਦੀ ਥਾਂ ਬਦਲੂ
ਪਟਿਆਲਾ- ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਪੂਰੇ ਸੂਬੇ ਦੇ ਹੀ ਨਹੀਂ ਪਟਿਆਲਾ ਦੇ ਵੀ ਖਾਸ ਕਰਕੇ ਸਿਆਸੀ ਹਾਲਾਤ ਬਦਲ ਜਾਣਗੇ। ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਪਟਿਆਲਾ ’ਚ ਵੱਡੇ ਪੱਧਰ ’ਤੇ ਧਰਨੇ ਲੱਗ ਰਹੇ ਹਨ। ਕਿਸਾਨ, ਮਜ਼ਦੂਰ, ਮੁਲਾਜ਼ਮ, ਹਰ ਵਰਗ ਪਟਿਆਲਾ ’ਚ ਧਰਨੇ ਲਾਈ ਬੈਠਾ ਹੈ। ਅਧਿਆਪਕਾਂ, ਪੀ. ਆਰ. ਟੀ. ਸੀ. ਕਰਮਚਾਰੀਆਂ, ਡੇਲੀਵੇਜ਼ ਕਾਮਿਆਂ ਨੇ ਜਗ੍ਹਾ-ਜਗ੍ਹਾ ’ਤੇ ਪੱਕੇ ਧਰਨੇ ਲਾਏ ਹੋਏ ਹਨ। ਸ਼ਹਿਰ ਦੇ ਸਮੁੱਚੇ ਪ੍ਰਮੁੱਖ ਰਸਤੇ ਅਤੇ ਕੈ. ਅਮਰਿੰਦਰ ਸਿੰਘ ਦੇ ਮਹਿਲ ਨੂੰ ਜਾਣ ਵਾਲੀਆਂ ਸਮੁੱਚੀਆਂ ਸੜਕਾਂ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਪਟਿਆਲਾ ਸ਼ਹਿਰ ਦੇ ਲੋਕ ਇਨ੍ਹਾਂ ਧਰਨਿਆਂ ਅਤੇ ਬੰਦ ਕੀਤੇ ਗਏ ਰਸਤਿਆਂ ਤੋਂ ਬੇਹੱਦ ਦੁਖੀ ਹਨ। ਜਿਸ ਰਸਤੇ ਨੂੰ ਤੈਅ ਕਰਨ ’ਚ 10 ਮਿੰਟ ਲੱਗਦੇ ਹਨ, ਇਨ੍ਹਾਂ ਧਰਨਿਆਂ ਕਾਰਨ ਅਤੇ ਬਲਾਕ ਕੀਤੇ ਗਏ ਰਸਤਿਆਂ ਕਾਰਨ ਉਸ ਰਸਤੇ ਨੂੰ ਤੈਅ ਕਰਨ ਵਿਚ 2-2 ਘੰਟੇ ਲੱਗ ਰਹੇ ਹਨ। ਲੋਕਾਂ ਨੂੰ 15-15 ਕਿਲੋਮੀਟਰ ਘੁੰਮ ਕੇ ਸ਼ਹਿਰ ’ਚ ਆਉਣਾ ਪੈਂਦਾ ਹੈ। ਸ਼ਹਿਰ ਦੀ ਪ੍ਰਮੁੱਖ ਸੜਕ ਮਾਲ ਰੋਡ, ਬੱਸ ਸਟੈਂਡ ਰੋਡ, ਰਾਜਪੁਰਾ ਰੋਡ, ਪਾਸੀ ਰੋਡ, ਸਰਹਿੰਦ ਰੋਡ, ਠੀਕਰੀ ਵਾਲਾ ਚੌਕ, ਵਾਈ. ਪੀ. ਐੱਸ. ਚੌਕ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਰੋਸ ਮਾਰਚ, ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਲੋਕ ਇਨ੍ਹਾਂ ਧਰਨਿਆਂ ਤੋਂ ਬੇਹੱਦ ਦੁਖੀ ਅਤੇ ਪਰੇਸ਼ਾਨ ਹਨ। ਕਈ ਵਾਰ ਲੋਕਾਂ ਦੇ ਮੂੰਹੋਂ ਸੁਣਿਆ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਨੂੰ ਕੋਈ ਫਾਇਦਾ ਹੋਇਆ ਜਾਂ ਨਹੀਂ ਪਰ ਲੋਕ ਪ੍ਰੇਸ਼ਾਨ ਬਹੁਤ ਹੋ ਰਹੇ ਹਨ। ਲੋਕਾਂ ਨੂੰ ਉਮੀਦ ਹੈ ਕਿ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਇਹ ਧਰਨੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਦੇ ਸ਼ਹਿਰ ’ਚ ਸ਼ਿਫਟ ਹੋ ਜਾਣਗੇ ਅਤੇ ਪਟਿਆਲਾ ਦੇ ਲੋਕਾਂ ਨੂੰ ਰਾਹਤ ਮਿਲੇਗੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਦੇ ਕਾਂਗਰਸੀ ਲੀਡਰਾਂ ’ਤੇ ਮੋਤੀ ਮਹਿਲ ਦਾ ਵਿਸ਼ੇਸ਼ ਆਸ਼ੀਰਵਾਦ ਸੀ। ਜ਼ਿਲੇ ਦੇ 8 ਵਿਧਾਨ ਸਭਾ ਹਲਕਿਆਂ ’ਚੋਂ 7 ’ਤੇ ਕਾਂਗਰਸ ਪਾਰਟੀ ਕਾਬਿਜ਼ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਖੁਦ ਪਟਿਆਲਾ ਸ਼ਹਿਰ ਤੋਂ ਵਿਧਾਇਕ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਹਨ। ਦੂਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨਾਭਾ ਹਲਕੇ ਤੋਂ ਵਿਧਾਇਕ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਲਾਲ ਸਿੰਘ ਮੰਡੀ ਬੋਰਡ ਦੇ ਚੇਅਰਮੈਨ ਹਨ। ਡੇਢ ਦਰਜ਼ਨ ਦੇ ਲਗਭਗ ਕਾਂਗਰਸੀ ਆਗੂ ਚੇਅਰਮੈਨ ਜਾਂ ਵਾਈਸ ਚੇਅਰਮੈਨ ਹਨ। ਕੈਪਟਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇਨ੍ਹਾਂ ਦੇ ਭਵਿੱਖ ’ਤੇ ਵੀ ਤਲਵਾਰ ਲਟਕ ਗਈ ਹੈ। ਸਰਕਾਰ ’ਚ ਜੋ ‘ਦਬਕਾ’ ਇਨ੍ਹਾਂ ਆਗੂਆਂ ਦਾ ਸੀ, ਕੈਪਟਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਉਨ੍ਹਾਂ ਦੀ ਪੁੱਛ-ਪ੍ਰਤੀਤ ਘੱਟ ਜਾਵੇਗੀ ਅਤੇ ਕਈਆਂ ਦੀਆਂ ਕੁਰਸੀਆਂ ਵੀ ਖੋਹੀਆਂ ਜਾਣਗੀਆਂ। ਮੁੱਖ ਮੰਤਰੀ ਨਿਵਾਸ ਮੋਤੀ ਮਹਿਲ ਤੋਂ ਪੁਲਸ ਕਰਮਚਾਰੀ ਜਾਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਢੇ 4 ਸਾਲਾਂ ਤੋਂ ਵੱਡੀ ਗਿਣਤੀ ’ਚ ਪੰਜਾਬ ਪੁਲਸ ਦੇ ਮੁਲਾਜ਼ਮ ਮੋਤੀ ਮਹਿਲ ਦੀ ਸੁਰੱਖਿਅਤ ’ਚ ਤਾਇਨਾਤ ਹਨ। ਲਗਭਗ 35 ਏਕਡ਼ ’ਚ ਬਣੇ ਨਿਊ ਮੋਤੀ ਮਹਿਲ ਦੇ ਚਾਰੋਂ ਪਾਸੇ ਸੈਂਕਡ਼ੇ ਪੁਲਸ ਕਰਮਚਾਰੀ ਤਾਇਨਾਤ ਸਨ।
Comment here