ਬਹੁਤ ਸਾਰੇ ਪਿੰਡਾਂ ਦਾ ਮੰਦਾ ਹਾਲ
ਪੁਲਸ ਦੀ ਢਿੱਲੀ ਕਾਰਵਾਈ ਤੋਂ ਅੱਕੇ ਲੋਕ ਹੀ ਅੱਗੇ ਆ ਰਹੇ ਨੇ
ਜਲੰਧਰ- ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀ ਬਰਬਾਦੀ ਪਿਛਲੀਆਂ ਪੰਜਾਬ ਚੋਣਾਂ ਚ ਸਿਖਰਲੇ ਮੁੱਦਿਆਂ ਚੋਂ ਇੱਕ ਸੀ, ਤੇ ਹੁਣ ਇਹ ਮੁੱਦਾ ਕਿਤੇ ਮੱਧਮ ਜਿਹਾ ਹੀ ਸੁਣਦਾ ਹੈ। ਵੈਸੇ ਤਾਂ ਸਾਰੇ ਹੀ ਪੰਜਾਬ ਦਾ ਬੁਰਾ ਹਾਲ ਹੈ ਪਰ ਆਪਾਂ ਸਮਰਾਲਾ ਹਲਕੇ ਦੇ ਪਿੰਡਾਂ ਦੀ ਗੱਲ ਕਰਦੇ ਹਾਂ, ਜਿੱਥੇ ਕੁਝ ਮੀਡੀਆ ਕਰਮੀਆਂ ਨੇ ਇੱਕ ਰਿਪੋਰਟ ਨਸ਼ਰ ਕੀਤੀ ਹੈ ਕਿ ਇੱਥੇ ਚਿੱਟੇ ਅਤੇ ਸਮੈਕ ਦੀ ਹੋਮ ਡਲਿਵਰੀ ਸ਼ਰੇਆਮ ਹੋਣ ਲੱਗੀ ਹੈ। ਪਿੰਡ ਪਪੜੋਦੀ , ਸ਼ਮਸ਼ਪੁਰ, ਬਿਜਲੀਪੁਰ, ਟੋਡਰਪੁਰ, ਘੁੰਗਰਾਲੀ ਸਿੱਖਾਂ, ਕੋਟਲਾ, , ਸਮੇਤ ਹਲਕੇ ਦੇ ਕਈ ਸਾਰੇ ਪਿੰਡ ਨਸ਼ੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਜਿੱਥੇ ਨਸ਼ੇ ਦੀ ਹੋਮ ਡਲਿਵਰੀ ਆਮ ਹੈ। ਪਿੰਡ ਪਪੜੌਦੀ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਵਿਚ ਇਕੱਠ ਕਰ ਕੇ ਇਹ ਵੀ ਫੈਸਲਾ ਲਿਆ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ, ਤਾਂ ਉਸਨੂੰ ਤੁਰੰਤ ਪੁਲਸ ਹਵਾਲੇ ਕੀਤਾ ਜਾਵੇਗਾ ਅਤੇ ਪਿੰਡ ਵੱਲੋਂ ਉਸਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ। ਪਿੰਡ ਸ਼ਮਸ਼ਪੁਰ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਨਸ਼ੇੜੀਆਂ ਵੱਲੋਂ ਪਿੰਡ ਦੇ ਖੇਡ ਮੈਦਾਨ ਨੂੰ ਹੀ ਆਪਣਾ ਅੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਖਿਡਾਰੀ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਖਦੇੜ ਦਿੱਤਾ ਗਿਆ। ਇਥੇ ਵੀ ਪੰਚਾਇਤ ਨੇ ਬਕਾਇਦਾ ਅਨਾਊਂਸਮੈਂਟ ਵੀ ਕਰਵਾ ਦਿੱਤੀ ਹੈ ਕਿ ਜਿਹੜਾ ਵੀ ਪਿੰਡ ਵਿਚ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਗਿਆ, ਉਸ ਨਾਲ਼ ਸਖਤੀ ਨਾਲ਼ ਪੇਸ਼ ਆਇਆ ਜਾਵੇਗਾ। ਇਥੇ ਵੀ ਬਹੁਤੇ ਨੌਜਵਾਨਾਂ ਨੂੰ ਪਹਿਲਾਂ ਮੁਫਤ ਵਿਚ ਨਸ਼ਾ ਦਿੱਤਾ ਗਿਆ ਅਤੇ ਜਦੋਂ ਉਹ ਨਸ਼ੇ ਦੇ ਆਦੀ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਚਾਰ ਪੁੜੀਆਂ ਦੀ ਡਲਿਵਰੀ ਕਰਨ ਪਿੱਛੇ ਇਕ ਪੁੜੀ ਮੁਫ਼ਤ ਦਿੱਤੀ ਜਾਂਦੀ ਹੈ। ਇਹਨਾਂ ਨਸ਼ੇੜੀਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹ ਨਸ਼ੇੜੀ ਤੋਂ ਨਸ਼ਾ ਸਪਲਾਇਰ ਬਣ ਗਏ। ਸਮਰਾਲੇ ਦੇ ਡੀ ਐਸ ਪੀ ਨਾਲ ਜਦ ਪੱਤਰਕਾਰਾਂ ਨੇ ਇਸ ਬਾਰੇ ਗੱਲ ਕੀਤੀ ਤਾਂ ਜਨਾਬ ਆਂਹਦੇ, ਸਾਡੇ ਧਿਆਨ ਚ ਇਹ ਮਾਮਲਾ ਅਜੇ ਤੱਕ ਆਇਆ ਨਹੀਂ, ਪਰ ਹੁਣ ਅਸੀਂ ਪੰਚਾਇਤਾਂ ਅਤੇ ਖੇਡ ਕਲੱਬਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਅਰੰਭਣ ਲਈ ਤਿਆਰ ਕਰਾਂਗੇ ਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਵੇਗੀ।
ਮੁਕਤਸਰ ਦੇ ਪਿੰਡ ਨੇ ਦੋ ਸਾਲਾਂ ਚ ਪਿੰਡ ਚੋਂ ਨਸ਼ਾ ਮੁਕਾਇਆ
ਨਸ਼ੇ ਦੀ ਸਮੱਸਿਆ ਇਕਾ ਦੁੱਕਾ ਪਿੰਡਾਂ ਕਸਬਿਆਂ ਦੀ ਨਹੀਂ ਸਾਰੇ ਪੰਜਾਬ ਚ ਇਸ ਦਾ ਕਹਿਰ ਹੈ, ਕਿਤੇ ਵੱਧ ਕਿਤੇ ਘੱਟ। ਕਈ ਥਾਵਾਂ ਤੇ ਲੋਕ ਨਸ਼ੇ ਦੇ ਖਿਲਾਫ ਆਪ ਹੀ ਡਟ ਰਹੇ ਹਨ। ਸਮਰਾਲਾ ਦੇ ਨਾਲ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਤੋਂ ਵੀ ਖਬਰ ਆਈ ਹੈ, ਜਿੱਥੇ 50 ਨੌਜਵਾਨਾਂ ਦੀ ਟੀਮ ਨੇ ਨਸ਼ੇ ਦੇ ਖਿਲਾਫ ਕ੍ਰਿਸ਼ਮਾ ਕਰ ਵਿਖਾਇਆ ਹੈ। ਇਕ ਸਮਾਂ ਸੀ ਜਦੋਂ 12 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ’ਚ ਪੁਲਿਸ ਟੀਮਾਂ ਨਸ਼ਾ ਤਸਕਰਾਂ ਨੂੰ ਫੜਨ ਲਈ ਸਵੇਰੇ-ਸ਼ਾਮ ਛਾਪਾ ਮਾਰਦੀਆਂ ਸਨ। ਤਸਕਰ ਫੜੇ ਵੀ ਜਾਂਦੇ ਸਨ, ਪਰ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਫਿਰ ਤਸਕਰੀ ਸ਼ੁਰੂ ਕਰ ਦਿੰਦੇ। ਵੱਡੀ ਗਿਣਤੀ ’ਚ ਨੌਜਵਾਨ ਤੇ ਬਜ਼ੁਰਗ ਨਸ਼ੇ ਦੀ ਲਪੇਟ ’ਚ ਆ ਚੁੱਕੇ ਸਨ। ਆਏ ਦਿਨ ਚਿੱਟਾ, ਅਫੀਮ, ਨਸ਼ੀਲੇ ਕੈਪਸੂਲ ਅਤੇ ਹੋਰ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ ਇੱਥੇ ਫੜੀਆਂ ਜਾਂਦੀਆਂ ਸਨ। ਨਸ਼ੇ ਤੇ ਅਪਰਾਧਕ ਘਟਨਾਵਾਂ ਕਾਰਨ ਪਿੰਡ ਦੂਰ-ਦੂਰ ਤਕ ਬਦਨਾਮ ਹੋ ਚੁੱਕਿਆ ਸੀ। ਔਰਤਾਂ ਤੇ ਬੱਚੀਆਂ ਸ਼ਾਮ ਸਮੇਂ ਘਰੋਂ ਬਾਹਰ ਨਿਕਲਣ ’ਤੇ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਸਨ।ਪਿੰਡ ਦੇ ਕੁਝ ਪੜ੍ਹੇ-ਲਿਖੇ ਨੌਜਵਾਨਾਂ ਨੂੰ ਇਹ ਗੱਲ ਚੁੱਭਦੀ ਸੀ। ਉਨ੍ਹਾਂ ਨੇ ਇਸ ਦਾਗ ਨੂੰ ਮਿਟਾਉਣ ਦਾ ਸੰਕਲਪ ਲਿਆ ਅਤੇ ਦੋ ਸਾਲ ’ਚ ਪਿੰਡ ਦੀ ਤਸਵੀਰ ਬਦਲ ਕੇ ਰੱਖ ਦਿੱਤੀ। ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ। ਤਿੰਨ ਮਹੀਨੇ ਤੋਂ ਇੱਥੋਂ ਦੀ ਪੁਲਿਸ ਚੌਕੀ ’ਚ ਨਸ਼ੇ ਨਾਲ ਜੁੜਿਆ ਕੋਈ ਵੀ ਕੇਸ ਦਰਜ ਨਹੀਂ ਹੋਇਆ। ਪਹਿਲਾਂ ਹਰ ਮਹੀਨੇ ਔਸਤਨ ਵੀਹ ਕੇਸ ਦਰਜ ਹੁੰਦੇ ਸਨ। ਪਿੰਡ ਦੇ ਨੌਜਵਾਨਾਂ ਨੇ 10 ਜੂਨ 2019 ਨੂੰ ਗੁਰਦੁਆਰਾ ਸਾਹਿਬ ’ਚ ਇਕੱਠੇ ਹੋ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਨਸ਼ਾ ਰੋਕੋ ਤੇ ਨਿਗਰਾਨੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਦਾ ਕੋਈ ਪ੍ਰਧਾਨ ਨਹੀਂ ਹੈ, ਸਾਰੇ ਹੀ ਮੈਂਬਰ ਹਨ। ਇਸ ਕਮੇਟੀ ਨੇ ਸਭ ਤੋਂ ਪਹਿਲਾਂ ਨਸ਼ੇ ਦੇ ਆਦੀ ਲੋਕਾਂ ਦੀ ਪਛਾਣ ਕੀਤੀ ਅਤੇ ਸਿਹਤ ਵਿਭਾਗ ਦੀ ਮਦਦ ਨਾਲ ਉਨ੍ਹਾਂ ਦੀ ਕੌਂਸਲਿੰਗ ਕੀਤੀ, ਤਾਂਕਿ ਉਹ ਇਲਾਜ ਲਈ ਤਿਆਰ ਹੋਣ। ਹੌਲੀ-ਹੌਲੀ ਲੋਕਾਂ ਦਾ ਸਹਿਯੋਗ ਮਿਲਣ ਲੱਗਿਆ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਇਸ ਲਈ ਸਥਾਨਕ ਪੰਚਾਇਤ ਦੀ ਮਦਦ ਨਾਲ ਪਿੰਡ ’ਚ ਮੈਡੀਕਲ ਕੈਂਪ ਲਾਏ ਗਏ। ਨਤੀਜਾ ਇਹ ਹੋਇਆ ਕਿ ਦੋ ਸਾਲਾਂ ’ਚ ਪਿੰਡ ਦੇ 85 ਨੌਜਵਾਨਾਂ ਅਤੇ 16 ਬਜ਼ੁਰਗ ਨੇ ਨਸ਼ਾ ਪੂਰੀ ਤਰ੍ਹਾਂ ਛੱਡ ਦਿੱਤਾ। ਨਸ਼ਾ ਤਸਕਰਾਂ ਨੂੰ ਪਿੰਡ ’ਚ ਵੜਨ ਤੋਂ ਰੋਕਣਾ ਇਸ ਕਮੇਟੀ ਲਈ ਵੱਡੀ ਚੁਣੌਤੀ ਸੀ। ਨੌਜਵਾਨਾਂ ਨੇ ਦਸ-ਦਸ ਦੀਆਂ ਟੋਲੀਆਂ ਬਣਾ ਕੇ ਦਿਨ-ਰਾਤ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਨੌਜਵਾਨ ਡਾਂਗਾਂ ਲੈ ਕੇ ਪਿੰਡ ਨੂੰ ਆਉਣ ਵਾਲੇ ਰਸਤਿਆਂ ’ਤੇ ਬੈਠ ਜਾਂਦੇ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਦੇ। ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਕ ਨਸ਼ਾ ਤਸਕਰ ਨੇ ਨਸ਼ਾ ਰੋਕੋ ਤੇ ਨਿਗਰਾਨੀ ਕਮੇਟੀ ਦੇ ਸਰਗਰਮ ਮੈਂਬਰ ਸਤਨਾਮ ਸਿੰਘ ਬੱਬਾ ਨੂੰ ਗੋਲ਼ੀ ਮਾਰ ਕੇ ਜ਼ਖਮੀ ਕਰ ਦਿੱਤਾ। ਨਸ਼ਾ ਤਸਕਰ ’ਤੇ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਹੋਇਆ, ਉਹ ਅੱਜ ਸਲਾਖਾਂ ਦੇ ਪਿੱਛੇ ਹੈ। 20 ਨਸ਼ਾ ਤਸਕਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਪਿੰਡ ਨੂੰ ਲਗਦੇ ਥਾਣਾ ਕੋਟਭਾਈ ਦੇ ਇੰਚਾਰਜ ਨਵਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਸਹਿਯੋਗ ਦਿੰਦੇ ਰਹਿਣਗੇ।
Comment here