ਸਿਆਸਤਖਬਰਾਂ

ਕੈਪਟਨ ਤੇ ਕਾਂਗਰਸੀਆਂ ਦਾ ਹੱਲਾ ਬੋਲ

ਹਰੀਸ਼ ਰਾਵਤ ਦੇ ਦੋਸ਼ਾਂ ਦਾ ਕੈਪਟਨ ਵਲੋਂ ਤਿੱਖਾ ਜੁਆਬ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨ ਦਿੱਤਾ ਹੈ, ਤਾਂ ਫਿਰ ਉਨ੍ਹਾਂ ਦਾ ਪਾਰਟੀ ’ਚ ਅਪਮਾਨ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਖੋਟਾ ਬਣਾਇਆ ਹੋਇਆ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਗਿਆ ਹੈ ਤਾਂ ਫਿਰ ਪਾਰਟੀ ’ਚ ਉਨ੍ਹਾਂ ਦਾ ਅਪਮਾਨ ਕਿਵੇਂ ਹੋ ਸਕਦਾ ਹੈ। ਹਰੀਸ਼ ਰਾਵਤ ਨੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਹਰ ਗੱਲਾਂ ਨੂੰ ਮੰਨਿਆ ਹੈ। ਕੈਪਟਨ ਨਾਲ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਜ਼ਲਾਲਤ ਵਾਲਾ ਸਲੂਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਮਾਂ ਸੋਨੀਆ ਗਾਂਧੀ ਦੇ ਨਾਲ ਖੜ੍ਹੇ ਹੋਣ ਦਾ ਸੀ ਅਤੇ ਸੰਕਟ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਖ ਹੋਏ ਹਨ।  ਕੈਪਟਨ ਦੇ ਅਸਤੀਫ਼ਾ ਦੇਣ ਵਾਲੇ ਦਿਨ ਬੁਲਾਈ ਗਈ ਵਿਧਾਇਕ ਦਲ ਦੀ ਮੀਟਿੰਗ ਸਬੰਧੀ ਬੋਲਦੇ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਸੋਚ ਸਮਝ ਕੇ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਸੀ ਅਤੇ ਇਸ ਬੈਠਕ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੀਟਿੰਗ ’ਚ ਲਿਜਾਣ ਲਈ ਕੈਪਟਨ ਨਾਲ ਤਿੰਨ ਵਾਰ ਗੱਲਬਾਤ ਵੀ ਕੀਤੀ ਗਈ ਪਰ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੀ ਮੀਟਿੰਗ ’ਚ ਆਉਣ ਤੋਂ ਸਿੱਧੇ ਤੌਰ ’ਤੇ ਇਨਕਾਰ ਕਰ ਦਿੱਤਾ ਸੀ।

ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਠੋਕਵਾਂ ਜਵਾਬ ਦਿੱਤਾ ਹੈ। ਕੈਪਟਨ ਨੇ ਰਾਵਤ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਕਾਂਗਰਸ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਰਾਵਤ ਦੱਸਣ ਕੇ ਉਨ੍ਹਾਂ ਨੂੰ ਪਹਿਲਾਂ ਮੈਨੂੰ ਪਾਰਟੀ ਦੇ ਰੁਖ ਤੋਂ ਗੁਮਰਾਹ ਕਿਉਂ ਕੀਤਾ। ਕੈਪਟਨ ਨੇ ਰਾਵਤ ਦੇ ਉਸ ਬਿਆਨ ਨੂੰ ਝੂਠ ਕਰਾਰ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਸੀ. ਐੱਲ. ਪੀ. ਮੀਟਿੰਗ ਤੋਂ ਪਹਿਲਾਂ ਤਿੰਨ ਫੋਨ ਕੀਤੇ ਸਨ। ਕੈਪਟਨ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਰਾਵਤ ਝੂਠ ਕਿਉਂ ਬੋਲ ਰਹੇ ਹਨ। ਜਦਿਕ ਫੋਨ ਕਰਨ ਦੀਆਂ ਗੱਲਾਂ ਸਿਰਫ ਬਕਵਾਸ ਅਤੇ ਬੇਬੁਨਿਆਦ ਤੋਂ ਇਲਾਵਾ ਹੋਰ ਕੁੱਝ ਨਹੀਂ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਵਿਚ ਤਾਨਾਸ਼ਾਹੀ ਦੀ ਇਜਾਜ਼ਤ ਕਿਉਂ ਦਿੱਤੀ ਗਈ। ਇਹੋ ਕਾਰਣ ਹੈ ਕਿ ਪਾਰਟੀ ਅੱਜ ਪੰਜਾਬ ਵਿਚ ਬੈਕਫੁੱਟ ’ਤੇ ਹੈ।

ਓਧਰ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਦੇ ਪਾਰਟੀ ਛੱਡਣ ਦੇ ਫ਼ੈਸਲੇ ਨੂੰ ਉਨ੍ਹਾਂ ਦਾ ਨਿੱਜੀ ਫ਼ੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ 40 ਸਾਲ ਕਾਂਗਰਸ ਵਿਚ ਰਹੇ ਹਨ ਅਤੇ ਜੇ ਹੁਣ ਉਨ੍ਹਾਂ ਕਾਂਗਰਸ ਛੱਡਣ ਦਾ ਮੰਨ ਬਣਾ ਹੀ ਲਿਆ ਹੈ ਤਾਂ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਅਤੇ ਇਸ ’ਤੇ ਹਾਈਕਮਾਨ ਟਿੱਪਣੀ ਕਰਨ ਨੂੰ ਬਹੁਤੀ ਤਵੱਜੋ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਉਹ ਕਾਂਗਰਸੀ ਹਨ ਉਹ ਸਿਰਫ ਬਟਾਲਾ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਆਗੂ ਹਨ। ਪੰਜਾਬ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ’ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਕੁੱਝ ਮੁੱਦੇ ਸਨ ਜਿਨ੍ਹਾਂ ਨੂੰ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵਿਚਾਲੇ ਮੀਟਿੰਗ ਹੋਈ ਸੀ ਅਤੇ ਇਸ ਮੀਟਿੰਗ ਵਿਚ 80 ਤੋਂ 90 ਫ਼ੀਸਦੀ ਮੁੱਦੇ ਹੱਲ ਕਰ ਲਏ ਗਏ ਹਨ ਅਤੇ ਜੇਕਰ ਕੋਈ ਮੁੱਦਾ ਰਹਿ ਗਿਆ ਤਾਂ ਉਸ ਨੂੰ ਬਾਅਦ ਵਿਚ ਹੱਲ ਕਰ ਲਿਆ ਜਾਵੇਗਾ।  ਜਦੋਂ ਪੱਤਰਕਾਰਾਂ ਵਲੋਂ ਚਰਨਜੀਤ ਚੰਨੀ ਸਰਕਾਰ ਵਲੋਂ ਉਨ੍ਹਾਂ ਦੇ ਧੜੇ ਦੇ ਦੋ ਚੇਅਰਮੈਨ ਬਦਲੇ ਜਾਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਿਆਸਤ ਹੈ, ਇਸ ਵਿਚ ਕੁੱਝ ਵੀ ਹੋ ਸਕਦਾ ਹੈ। ਬਾਜਵਾ ਨੇ ਕਿਹਾ ਹੋ ਸਕਦਾ ਹੈ ਬਦਲੇ ਗਏ ਚੇਅਰਮੈਨਾਂ ਨੂੰ ਹੋਰ ਵੱਡੇ ਅਹੁਦੇ ਦੇ ਦਿੱਤੇ ਜਾਣ ਅਤੇ ਉਹ ਜ਼ਿਲ੍ਹਾ ਪੱਧਰੀ ਸਿਆਸਤ ਤੋਂ ਉੱਠ ਕੇ ਸੂਬਾ ਪੱਧਰ ’ਤੇ ਨਿਯੁਕਤ ਕਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਤਾਂ ਚੇਅਰਮੈਨੀ ਕੀ ਚੀਜ਼ ਹੈ। ਪਰ ਚੰਨੀ ਤੇ ਸਿਧੂ ਬਾਰੇ ਬਹੁਤੇ ਸਵਾਲਾਂ ਦਾ ਜੁਆਬ ਦੇਣ ਤੋਂ ਬਾਜਵਾ ਬਚਦੇ ਰਹੇ।

Comment here