ਸਿਆਸਤਖਬਰਾਂ

ਕੈਪਟਨ ਅਮਰਿੰਦਰ ਸਿੰਘ ਨਵੀਂ ਸਿਆਸੀ ਪਾਰੀ ਖੇਡਣ ਨੂੰ ਤਿਆਰ

* ਨਵੀਂ ਪਾਰਟੀ ਬਨਾਉਣ ਦਾ ਕੀਤਾ ਐਲਾਨ 

ਕਰ ਸਕਦੇ ਨੇ ਭਾਜਪਾ ਨਾਲ ਗੱਠਜੋੜ 

ਕਾਂਗਰਸੀ ਵਿਧਾਇਕਾਂ ਨੇ ਕੈਪਟਨ ਨੂੰ ਘੇਰਿਆ
ਜਲੰਧਰ-ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਭਾਜਪਾ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਆਸਵੰਦ ਹਨ। ਹਾਲਾਂਕਿ ਇਹ ਉਦੋਂ ਸੰਭਵ ਹੋਵੇਗਾ ਜੇ ਖੇਤੀ ਅੰਦੋਲਨ ਦਾ ਹੱਲ ਕਿਸਾਨਾਂ ਦੇ ਹਿੱਤ ’ਚ ਕੀਤਾ ਜਾਂਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਉਹ ਕਾਂਗਰਸ  ਛੱਡ ਕੇ ਨਵੀਂ ਪਾਰਟੀ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਮੁੱਦਾ ਸੁਲਝਾ ਲਿਆ ਜਾਂਦਾ ਹੈ ਤਾਂ ਵਿਧਾਨ ਸਭਾ ਚੋਣਾਂ ’ਚ ਬੀਜੇਪੀ ਨਾਲ ਗਠਜੋੜ ਹੋ ਸਕਦਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਤੋਂ ਵੱਖ ਹੋਏ ਸਮਾਨ ਵਿਚਾਰਧਾਰਾ ਵਾਲੇ ਆਗੂਆਂ ਦੀਆਂ ਪਾਰਟੀਆਂ ਜਿਵੇਂ ਢੀਂਡਸਾ ਅਤੇ ਬ੍ਰਹਮਪੁਰਾ ਗੁੱਟਾਂ ਦੇ ਨਾਲ ਵੀ ਗਠਜੋੜ ਦੀ ਰਾਹ ਤਲਾਸ਼ੀ ਜਾ ਸਕਦੀ ਹੈ। ਇਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਟਵੀਟ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਲਿਖਿਆ ,‘‘ ਪੰਜਾਬ ਦੇ ਭਵਿੱਖ ਦੀ ਲੜਾਈ ਜਾਰੀ ਹੈ। ਮੈਂ ਜਲਦ ਹੀ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ ਕਰਾਂਗਾ, ਜੋ ਪੰਜਾਬ, ਉਸ ਦੇ ਲੋਕਾਂ ਤੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰੇਗੀ, ਜੋ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ।’’
ਕੈਪਟਨ ਦੀ ਕਾਰਗੁਜ਼ਾਰੀ ’ਤੇ ਸਵਾਲ
ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾਪ੍ਰਸਤ ਅਤੇ ਗੱਦਾਰ ਕਰਾਰ ਦਿੱਤਾ ਹੈ, ਉਥੇ ਹੀ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਂਝ ਵੀ ਕੈਪਟਨ ਨੇ ਅਕਾਲੀ ਦਲ ਅਤੇ ਭਾਜਪਾ ਨਾਲ ਮਿਲ ਕੇ ਹੀ 4 ਸਾਲ ਸਰਕਾਰ ਚਲਾਈ ਹੈ। ਉਨ੍ਹਾਂ ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ।  ਉਨ੍ਹਾਂ ਟਵੀਟ ਵਿਚ ਆਖਿਆ ਕਿ ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ। ਦਿਲ ਦੀ ਗੱਲ ਆਖਰ ਜ਼ੁਬਾਨ ’ਤੇ ਆ ਹੀ ਜਾਂਤੀ ਹੈ। 4 ਸਾਲ ਅਕਾਲੀ ਦਲ ਅਤੇ ਭਾਜਪਾ ਨਾਲ ਮਿਲ ਕੇ ਹੀ ਤਾਂ ਤੁਸੀਂ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ। ਹੁਣ ਆਪਣੀ ਨਵੀਂ ਪਾਰਟੀ ਵਿਚ ਆਪਣੇ ਭਤੀਜੇ (ਬਾਦਲ) ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ। ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਦੀ ਸਾਂਝ ਜੋ ਅੰਦਰਖਾਤੇ ਚੱਲ ਰਹੀ ਸੀ ਉਹ ਹੁਣ ਜੱਗ ਜ਼ਾਹਿਰ ਹੋ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਤੇ ਬੀਜੇਪੀ ਦੀ ਪੈਦਾ ਕੀਤੀ ਹੋਈ ਸਮੱਸਿਆ ਤਿੰਨ ਖੇਤੀ ਕਾਨੂੰਨ ਹਨ ਜਿਸ ਦਾ ਖਮਿਆਜ਼ਾ ਪਿਛਲੇ ਇੱਕ ਸਾਲ ਤੋਂ ਕਿਸਾਨ ਭੁਗਤ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ 650 ਕਿਸਾਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ? ਕੀ ਕੈਪਟਨ ਅਮਰਿੰਦਰ ਸਿੰਘ ਇਸ ਦੇ ਜ਼ਿੰਮੇਵਾਰ ਨਹੀਂ ? ਅੰਦੋਲਨ ਨੂੰ ਬਦਨਾਮ ਕਰਨਾ ਬੀਜੇਪੀ ਦੀ ਸਾਜ਼ਿਸ਼ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲਾਗੂ ਕੀਤਾ ਅਤੇ ਬਾਦਲ ਪਰਿਵਾਰ ਨੇ ਸਮਰਥਨ ਦਿੱਤਾ।
ਰਣਜੀਤ ਸਿੰਘ ਬ੍ਰਹਮਪੁਰਾ ਦਾ ਦੋ ਟੁੱਕ ’ਚ ਜਵਾਬ
ਬੀਜੇਪੀ ਨਾਲ ਗਠਜੋੜ ਕਰਨ ਦੇ ਫ਼ੈਸਲੇ ’ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਦੋ ਟੁੱਕ ਜਵਾਬ ਦਿੱਤਾ ਗਿਆ ਹੈ। ਬ੍ਰਹਮਪੁਰਾ ਨੇ ਕਿਹਾ ਕਿ ਕੈਪਟਨ ਨਾਲ ਨਾ ਤਾਂ ਉਨ੍ਹਾਂ ਦੀ ਕਦੇ ਮੁਲਾਕਾਤ ਹੋਈ ਹੈ ਨਾ ਹੀ ਉਹ ਨਾ ਹੀ ਉਨ੍ਹਾਂ ਦੀ ਕਦੇ ਫੋਨ ’ਤੇ ਗੱਲਬਾਤ ਹੋਈ ਹੈ। ਕੈਪਟਨ ਇਕ ਤਰਫ਼ਾ ਗੱਲ ਕਰਦੇ ਹਨ, ਜਿਸ ਦਾ ਸਾਡੇ ਨਾਲ ਕੋਈ ਸਬੰਧ ਨਹੀਂ। ਬ੍ਰਹਮਪੁਰਾ ਨੇ ਕਿਹਾ ਕਿ ਉਹ ਬੀਜੇਪੀ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਨਹੀਂ ਰੱਖਣਗੇ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਰਕਾਰਾਂ ਮਾਈ-ਬਾਪ ਹੁੰਦੀਆਂ ਹਨ। ਉਨ੍ਹਾਂ ਨੂੰ ਇਸ ਮਸਲੇ ਦਾ ਜਲਦੀ ਤੋਂ ਜਲਦੀ ਹਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਕੋਈ ਵੱਡੀ ਗੱਲ ਨਹੀਂ। ਜਦੋਂ ਕਦੇ ਸਮਾਂ ਆਵੇਗਾ, ਉਹ ਕਿਸਾਨਾਂ ਨਾਲ ਬੈਠ ਕੇ ਇਸ ਸਬੰਧ ਗੱਲ ਕਰਨ ਅਤੇ ਫਿਰ ਕੋਈ ਫ਼ੈਸਲਾ ਲੈਣ। ਦੂਜੇ ਪਾਸੇ ਚੀਮਾ ਵਲੋਂ ਕੀਤੇ ਗਏ ਬਿਆਨ ਦੀ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੀਜੇਪੀ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਨੇ ਇਕ ਵਾਰ ਵੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਹ ਅਜਿਹੇ ਬਿਆਨ ਅਕਾਲੀਆਂ ਦੇ ਕਹਿਣ ’ਤੇ ਦੇ ਰਹੇ ਹਨ।
ਕੀ ਬੋਲੇ ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਕਈ ਪਾਰਟੀਆਂ ਬਣਦੀਆਂ ਅਤੇ ਟੁੱਟਦੀਆਂ ਵੀ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਆਪਣੀ ਪਾਰਟੀ ਬਣਾਉਣ ਦਾ ਹੱਕ ਹੈ, ਇਸ ’ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਥੇ ਹੀ ਸਮਝੌਤਾ ’ਤੇ ਬੋਲਦੇ ਹੋਏ ਕਿਹਾ ਕਿ ਇਸ ’ਤੇ ਪਾਰਟੀ ਨੇ ਫ਼ੈਸਲਾ ਕਰਨਾ ਹੁੰਦਾ ਹੈ, ਕੋਈ ਨਿੱਜੀ ਤੌਰ ’ਤੇ ਫ਼ੈਸਲਾ ਨਹੀਂ ਕਰਦਾ ਹੈ। ਸਾਡਾ ਸਭ ਤੋਂ ਵੱਡਾ ਮੁੱਦਾ ਕਿਸਾਨ ਨੂੰ ਅੰਦੋਲਨ ਲੈ ਕੇ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਲ ਆਉਣ ਦੇ ਸੱਦੇ ’ਤੇ ਬੋਲਦੇ ਹੋਏ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨਾਲ ਮੇਰੀ ਕੋਈ ਵੀ ਆਫੀਸ਼ਅਲ ਤੌਰ ’ਤੇ ਗੱਲਬਾਤ ਨਹੀਂ ਹੋਈ ਹੈ।

Comment here