ਨਵੀਂ ਦਿੱਲੀ-ਭਾਰਤ ਵਿਚ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਨੈਸ਼ਨਲ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਕ ਕੈਨੇਡੀਅਨ ਅੱਤਵਾਦੀ ਵਿਰੁੱਧ ਪਾਕਿਸਤਾਨ ਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਪ੍ਰਬੰਧ ਕਰਕੇ ਇਕ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ। ਐੱਨ. ਆਈ. ਏ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਰਦੀਪ ਸਿੰਘ ਨਿੱਝਰ, ਮੂਲ ਰੂਪ ਵਿਚ ਜਲੰਧਰ ਦਾ ਵਸਨੀਕ ਅਤੇ ਵਰਤਮਾਨ ਵਿਚ ਕੈਨੇਡਾ ਦੇ ਸਰੀ ਵਿਚ ਰਹਿ ਰਿਹਾ ਹੈ, ਦੇ ਖਿਲਾਫ ਭਾਰਤੀ ਦੰਡਾਵਲੀ (ਆਈ. ਪੀ. ਸੀ.) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਗਈ ਸੀ।
ਇਹ ਮਾਮਲਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਨਿੱਝਰ ਅਤੇ ਹੋਰਾਂ ਦੁਆਰਾ ਭਾਰਤ ਵਿਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਨਾਲ ਸਬੰਧਤ ਹੈ। ਅਧਿਕਾਰੀ ਨੇ ਦੱਸਿਆ ਕਿ ਨਿੱਝਰ ਪੰਜਾਬ ਵਿਚ ਮਿੱਥੇ ਕਤਲਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਹਮਦਰਦਾਂ ਦਾ ਇਕ ਨੈਟਵਰਕ ਵਿਕਸਤ ਕਰਕੇ ਵੱਖ-ਵੱਖ ਮਨੀ ਟ੍ਰਾਂਸਫਰ ਸਰਵਿਸ ਸਕੀਮ (ਐੱਮ. ਟੀ. ਐੱਸ. ਐੱਸ.) ਸੇਵਾਵਾਂ ਅਤੇ ਹਵਾਲਾ ਚੈਨਲਾਂ ਰਾਹੀਂ ਭਾਰਤ ਨੂੰ ਪੈਸੇ ਭੇਜਦਾ ਸੀ। ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਨਿੱਝਰ ਪਾਕਿਸਤਾਨ ਵਿਚ ਰਹਿੰਦੇ ਸਹਿਯੋਗੀਆਂ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਨਿੱਝਰ ‘ਸਿੱਖਸ ਫਾਰ ਜਸਟਿਸ’ ਨਾਲ ਵੀ ਜੁੜਿਆ ਹੋਇਆ ਹੈ ਅਤੇ ਵੱਖਰੇ ਖਾਲਿਸਤਾਨ ਦੇ ਹੱਕ ’ਚ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿੱਝਰ ਸੋਸ਼ਲ ਮੀਡੀਆ ’ਤੇ ਪੋਸਟਾਂ, ਆਡੀਓਜ਼, ਵੀਡੀਓਜ਼ ਸਮੇਤ ਵੱਖ-ਵੱਖ ਸੰਦੇਸ਼ਾਂ ਰਾਹੀਂ ਸਿੱਖਾਂ ਵਿਚ ਵੱਖਵਾਦੀ ਭਾਵਨਾਵਾਂ ਨੂੰ ਭੜਕਾਉਣ, ਭਾਰਤ ਸਰਕਾਰ ਵਿਰੁੱਧ ਅੰਦੋਲਨ ਕਰਨ ਅਤੇ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ। ਨਿੱਝਰ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ‘ਅੱਤਵਾਦੀ’ ਐਲਾਨਿਆ ਗਿਆ ਹੈ।
Comment here