ਖੰਨਾ- ਇੱਕ ਹੋਰ ਪੰਜਾਬੀ ਨੌਜਵਾਨ ਕਨੇਡਾ ਭੇਜੀ ਪਤਨੀ ਦੇ ਕਥਿਤ ਧੋਖੇ ਦਾ ਸ਼ਿਕਾਰ ਹੋ ਕੇ ਜਾਨ ਗਵਾ ਗਿਆ। ਸਮਰਾਲਾ ਦੇ ਪਿੰਡ ਗੋਸਲਾਂ ਦੇ ਨੌਜਵਾਨ ਨੇ ਕੈਨੇਡਾ ‘ਚ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੈਨੇਡਾ ਰਹਿੰਦੀ ਪਤਨੀ ਉਹਨਾਂ ਦੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਜਿਸ ਕਰਕੇ ਉਹਨਾਂ ਦੇ ਲੜਕੇ ਨੇ ਇਹ ਕਦਮ ਚੁੱਕਿਆ। ਪੁਲਿਸ ਵੱਲੋਂ ਫਿਲਹਾਲ ਲੜਕੀ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਨੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਦੇ ਸਬੂਤਾਂ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਗਗਨਦੀਪ ਸਿੰਘ (22) ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ ‘ਚੋਂ ਸੇਵਾਮੁਕਤ ਹੋਏ ਸਨ, ਤਾਂ ਉਹ ਸਕੂਲ ‘ਚ ਕਾਗਜੀ ਕਾਰਵਾਈ ਲਈ ਗਏ ਸੀ। ਮਗਰੋਂ ਉਹਨਾਂ ਦੀ ਨੂੰਹ ਦੇ ਪਿਤਾ ਦਾ ਫੋਨ ਆਇਆ ਕਿ ਗਗਨਦੀਪ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ। ਜਦੋਂ ਉਹਨਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਵੀ ਗਗਨਦੀਪ ਨੇ ਨਾ ਚੁੱਕਿਆ। ਉਹ ਤੁਰੰਤ ਘਰ ਪਹੁੰਚਿਆ ਤਾਂ ਦੇਖਿਆ ਕਿ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਗਗਨਦੀਪ ਨੇ ਇਹ ਖੁਦਕੁਸ਼ੀ ਮੋਬਾਈਲ ‘ਤੇ ਆਪਣੀ ਪਤਨੀ ਨਾਲ ਗੱਲਬਾਤ ਮਗਰੋਂ ਕੀਤੀ। ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਸੀ। ਹੁਣ ਜੁਲਾਈ ‘ਚ ਉਸਦੀ ਫਾਈਲ ਕੈਨੇਡਾ ਲਾਈ ਜਾਣੀ ਸੀ। ਕੈਨੇਡਾ ਰਹਿੰਦੀ ਨੂੰਹ ਉਸਦੇ ਮੁੰਡੇ ਕੋਲੋਂ ਮੋਬਾਈਲ ਤੇ ਹੋਰ ਸਮਾਨ ਮੰਗ ਕਰ ਰਹੀ ਸੀ। ਇਸਤੋਂ ਦੁਖੀ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਭੈਣ ਕਿਰਨਦੀਪ ਕੌਰ ਅਤੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਸਤੰਬਰ 2021 ‘ਚ ਗਗਨਦੀਪ ਦੀ ਪਤਨੀ ਸਿਮਰਨਜੀਤ ਕੌਰ ਕੈਨੇਡਾ ਗਈ ਸੀ। ਵਿਆਹ ਤੋਂ ਲੈ ਕੇ ਕੈਨੇਡਾ ਤਕ ਦਾ ਸਾਰਾ ਖਰਚ ਉਹਨਾਂ ਵੱਲੋਂ ਕੀਤਾ ਗਿਆ। ਕੈਨੇਡਾ ਜਾ ਕੇ ਵੀ ਸਿਮਰਨਜੀਤ ਕੌਰ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਰਹੀ। ਜਿਸਤੋਂ ਦੁਖੀ ਹੋ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਸੀ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਗਗਨਦੀਪ ਦੇ ਪਰਿਵਾਰ ਕੋਲੋਂ ਸਬੂਤ ਮੰਗੇ ਗਏ ਹਨ ਤੇ ਮੋਬਾਈਲ ਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
Comment here