ਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਕੈਨੇਡਾ ਬਾਰੇ ਪ੍ਰਭਾਵਾਂ ਤੇ ਸੱਚ ’ਚ ਪਾੜਾ ਘਟਾਉਣ ਦੀ ਲੋੜ

-ਡਾ. ਸਵਰਾਜ ਸਿੰਘ
ਇਹ ਗੱਲ ਕਿਸੇ ਤੋਂ ਛੁਪੀ ਨਹੀਂ ਕਿ ਪ੍ਰਵਾਸ ਅੱਜ ਸਾਮਰਾਜੀ ਦੇਸਾਂ ਦੀ ਮਜ਼ਬੂਰੀ ਬਣ ਚੁੱਕਾ ਹੈ। ਇਸਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ ਕਿ ਸਾਮਰਾਜੀ ਦੇਸਾਂ ਵਿੱਚ ਘੱਟ ਰਿਹਾ ਫਰਟਲਿਟੀ ਰੇਟ (ਬੱਚੇ ਪੈਦਾ ਕਰਨ ਦੀ ਦਰ) ਦੂਜਾ ਵਸੋਂ ਦਾ ਬੁੱਢੇ ਹੋਣਾ (ਏਜਿੰਗ ਆਫ ਪੋਪੂਲੇਸ਼ਨ)। ਸਾਮਰਾਜੀ ਦੇਸਾਂ ਵਿੱਚ ਵੀ ਸਭ ਤੋਂ ਵੱਧ ਗੰਭੀਰ ਸਮੱਸਿਆ ਕੈਨੇਡਾ ਦੀ ਹੈ। ਕਿਉਂਕਿ ਕੈਨੇਡਾ ਖੇਤਰਫਲ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਦੇਸ ਹੈ ਅਤੇ ਇਸਦੀ ਵਸੋਂ ਬਹੁੁਤ ਹੀ ਘੱਟ ਸੰਘਣੀ ਹੈ। ਕੈਨੇਡਾ ਦੀ ਵਸੋਂ ਸਾਢੇ ਤਿੰਨ ਕਰੋੜ ਦੇ ਨੇੜੇ ਹੈ ਅਤੇ ਕੈਨੇਡਾ ਨੂੰ ਆਪਣਾ ਕੰਮਕਾਜ ਚਲਾਉਣ ਲਈ ਘੱਟੋ ਘੱਟ 1% ਵਸੋ (ਡੇਢ ਲੱਖ) ਹਰ ਸਾਲ ਬਾਹਰੋਂ ਲਿਆਉਣੀ ਪੈਂਦੀ ਹੈ। ਪ੍ਰੰਤੂ ਇਸ ਲੋੜ ਦੇ ਨਾਲ ਨਾਲ ਪ੍ਰਵਾਸ ਦੇ ਮਾਮਲੇ ਵਿੱਚ ਇਕ ਹੋਰ ਨਵਾਂ ਵਰਤਾਰਾ ਵੀ ਸ਼ਾਮਲ ਹੋ ਗਿਆ ਹੈ। ਉਹ ਹੈ ਸਾਮਰਾਜੀ ਲੁੱਟ ਦਾ।
ਕੈਨੇਡਾ ਨਾ ਸਿਰਫ ਆਪਣੀ ਲੋੜ ਲਈ ਨੌਜਵਾਨ ਪੰਜਾਬ ਤੋਂ ਲੈ ਕੇ ਜਾ ਰਿਹਾ ਹੈ, ਸਗੋਂ ਵੱਡੇ ਪੱਧਰ ਤੇ ਸਰਮਾਇਆ ਵੀ ਪੰਜਾਬ ਵਿਚੋਂ ਕੈਨੇਡਾ ਜਾ ਰਿਹਾ ਹੈ। ਜ਼ਾਹਿਰ ਹੈ ਕਿ ਕੈਨੇਡਾ ਦੀ ਸਰਕਾਰ ਹਰ ਹੀਲੇ ਨਾਲ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਲੱਗੀ ਹੋਈ ਹੈ। ਪ੍ਰੰਤੂ ਇਸਦੇ ਨਾਲ ਹੀ ਪੰਜਾਬ ਵਿੱਚ ਇਕ ਪੂਰੀ ਧਿਰ ਇਸ ਲੁਟ ਦੀ ਭਾਈਵਾਲ ਬਣ ਚੁੱਕੀ ਹੈ। ਇਸ ਵਿਚ 15000 ਤੋਂ ਵੱਧ ਆਈਲੈਟ ਸੈਂਟਰ, ਇਮੀਗਰੇਸ਼ਨ ਏਜੰਟ, ਇਮੀਗ੍ਰੇਸ਼ਨ ਕਨਸਲਟਂੈਟਸ, ਟਰੇਵਲ ਏਜੰਟ ਅਤੇ ਕਲਾਕਾਰ ਆਦਿ ਸ਼ਾਮਲ ਹਨ। ਬਹੁਤ ਸਾਰੇ ਪੰਜਾਬੀ ਕਲਾਕਾਰ ਜਾ ਤਾਂ ਪੱਕੇ ਤੌਰ ਉਤੇ ਕੈਨੇਡਾ ਵਿੱਚ ਰਹਿ ਰਹੇ ਹਨ ਜਾਂ ਆਪਣਾ ਜ਼ਿਆਦਾ ਸਮਾਂ ਉਥੇ ਗੁਜ਼ਾਰਨ ਲੱਗ ਪਏ ਹਨ। ਪੰਜਾਬੀ ਫਿਲਮ ਵਿੱਚ ਵੀ ਕੈਨੇਡਾ ਦੀ ਪ੍ਰਤੀਨਿਧਤਾ ਵੱਧਦੀ ਜਾ ਰਹੀ ਹੈ। ਪਹਿਲਾ ਫਿਲਮ ਦੀ ਕਹਾਣੀ ਜ਼ਿਆਦਾਤਰ ਪੰਜਾਬ ਵਿੱਚ ਅਧਾਰਿਤ ਹੁੰਦੀ ਸੀ ਤੇ ਕੁਝ ਸੀਨ ਕੈਨੇਡਾ ਦੇ ਹੁੰਦੇ ਸਨ। ਫਿਰ ਫਿਫਟੀ-ਫਿਫਟੀ ਫਾਰਮੁੂਲਾ ਆ ਗਿਆ। ਅੱਧੀ ਕਹਾਣੀ ਪੰਜਾਬ ਵਿਚ ਅਤੇ ਅੱਧੀ ਕੈਨੇਡਾ ਵਿੱਚ। ਪ੍ਰੰਤੂ ਹੁਣ ਅਜਿਹੀਆਂ ਫਿਲਮਾਂ ਵੀ ਬਣਨ ਲੱਗ ਪਈਆਂ ਹਨ ਜੋ ਕਿ ਪੂਰੀਆਂ ਦੀਆਂ ਪੂਰੀਆਂ ਹੀ ਕੈਨੇਡਾ ਵਿੱਚ ਬਣ ਰਹੀਆਂ ਹਨ। ਹੁਣੇ ਹੁਣੇ ਇਕ ਫਿਲਮ ਹੌਂਸਲਾ ਰੱਖ ਇਕ ਅਜਿਹੀ ਫਿਲਮ ਹੈ ਜੋ ਬਹੁਤ ਹਰਮਨਪਿਆਰੀ ਹੋ ਰਹੀ ਹੈ। ਨਾ ਸਿਰਫ ਇਹ ਫਿਲਮ ਕੈਨੇਡਾ ਵਿੱਚ ਬਣੀ ਹੈ, ਸਗੋਂ ਜੋ ਪੰਜਾਬੀਆਂ ਦਾ ਕੈਨੇਡਾ ਵਿੱਚ ਜੀਵਨ ਦਿਖਾਇਆ ਗਿਆ ਹੈ, ਉਹ ਸੱਚ ਤੋਂ ਬਹੁੁਤ ਦੂਰ ਹੈ। ਫਿਲਮ ਇਹ ਪ੍ਰਭਾਵ ਦਿੰਦੀ ਹੈ ਕਿ ਉਥੇ ਲੋਕ ਬਹੁਤ ਉੱਚੇ ਪੱਧਰ (ਸਟੈਡਰਡ) ਦਾ ਜੀਵਨ ਬਿਤਾ ਰਹੇ ਹਨ, ਜਿਹੜਾ ਕਿ ਕੈਨੇਡਾ ਦੇ ਸਭ ਤੋਂ ਉਪਰਲੇ ਵਰਗ ਦਾ ਜੀਵਨ ਹੈ।
ਇਹ ਫਿਲਮ ਸੰਘਣੀ ਪੰਜਾਬੀ ਵਸੋਂ ਦੇ ਸ਼ਹਿਰ ਵੈਨਕੂਵਰ ਵਿੱਚ ਜ਼ਿਆਦਾਤਰ ਸ਼ੂਟ ਕੀਤੀ ਗਈ ਹੈ। ਕੁਝ ਸੀਨ ਵੈਨਕੂਵਰ ਦੇ ਸਟੈਨਲੇ ਪਾਰਕ ਵਿੱਚ ਲਏ ਗਏ ਹਨ। ਇਹ ਇਕ ਪਬਲਿਕ ਪਾਰਕ ਹੈ, ਜਿੱਥੇ ਹਰ ਕੋਈ ਜਾ ਸਕਦਾ ਹੈ ਅਤੇ ਲੱਗਪੱਗ ਹਰ ਪੰਜਾਬੀ ਜੋ ਵੈਨਕੂਵਰ ਇਲਾਕੇ ਵਿੱਚ ਘੁੰਮਣ ਜਾਂਦਾ ਹੈ ਜਾਂ ਉਥੇ ਵੱਸ ਰਿਹਾ ਹੈ, ਇਥੇ ਜਾਂਦਾ ਰਹਿੰਦਾ ਹੈ। ਪ੍ਰੰਤੂ ਇਸ ਪਾਰਕ ਦੇ ਨੇੜੇ ਹੀ ਇੰਗਲਿਸ਼ ਬੇਅ (ਸਮੁੰਦਰੀ ਇਲਾਕਾ) ਹੈ, ਜਿਸਦੇ ਕੰਢੇ ਉਤੇ ਬਹੁਤ ਹੀ ਮਹਿੰਗੇ ਮਕਾਨ ਹਨ, ਜਿਨ੍ਹਾਂ ਦੀ ਕੀਮਤ 50-60 ਮਿਲੀਅਨ ਡਾਲਰ ਅਰਥਾਤ ਕਈ ਸੌ ਕਰੋੜ ਰੁਪਿਆ ਤੱਕ ਜਾਂਦੀ ਹੈ। ਫਿਲਮ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਹੈ ਜਿਵੇਂ ਬਹੁਤ ਸਾਰੇ ਪੰਜਾਬੀ ਅਜਿਹੇ ਘਰਾਂ ਵਿੱਚ ਰਹਿੰਦੇ ਹੋਣ। ਭਾਵੇਂ ਇਹ ਗੱਲ ਠੀਕ ਹੈ ਕਿ ਕੁਝ ਬਹੁਤ ਚਿਰ ਪਹਿਲਾਂ ਗਏ ਪੰਜਾਬੀ ਹੁਣ ਬਹੁਤ ਅਮੀਰ ਹੋ ਗਏ ਹਨ, ਪ੍ਰੰਤੂ ਇਨ੍ਹਾਂ ਦੀ ਗਿਣਤੀ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੈ। ਬਹੁਤ ਅਮੀਰਾਂ ਦੀ ਸ਼੍ਰੇਣੀ ਵਿੱਚ ਵੱਧ ਤੋਂ ਵੱਧ 1% ਪੰਜਾਬੀ ਹੋ ਸਕਦੇ ਹਨ। ਪ੍ਰੰਤੂ ਇੰਗਲਿਸ਼ ਬੇਅ ਦੇ ਮਹਿੰਗੇ ਘਰਾਂ ਵਿੱਚ ਰਹਿਣ ਵਾਲੇ ਪੰਜਾਬੀ ਜਿਨ੍ਹਾਂ ਨੂੰ ਸੁਪਰ ਰਿਚ ਕਿਹਾ ਜਾ ਸਕਦਾ ਹੈ, ਹਜ਼ਾਰਾਂ ਵਿਚੋਂ ਵੀ ਇਕ ਲੱਭਣਾ ਮੁਸ਼ਕਿਲ ਹੈ।
ਇੰਗਲਿਸ਼ ਬੇਅ ਦੇ ਕੰਢੇ ਉਤੇ ਬਣੇ ਘਰ ਸ਼ਾਇਦ ਕੈਨੇਡਾ ਵਿੱਚ ਸਭ ਤੋਂ ਮਹਿੰਗੇ ਹਨ। ਪਾਣੀ ਦੇ ਕੰਢੇ ਤੋਂ ਥੋੜ੍ਹਾ ਹੱਟ ਕੇ ਇਸ ਇਲਾਕੇ ਵਿੱਚ ਬਹੁਤ ਵਧੀਆ ਰੈਸਟੋਰੈਂਟ ਵੀ ਦੇਖਣ ਨੂੰ ਮਿਲਦੇ ਹਨ। ਲੱਗਪੱਗ ਸੰਸਾਰ ਦੇ ਹਰ ਦੇਸ ਦੇ ਵਧੀਆਂ ਤੋਂ ਵਧੀਆ ਰੈਸਟੋਰੇਂਟ ਇਸ ਇਲਾਕੇ ਵਿੱਚ ਮਿਲ ਜਾਣਗੇ। ਇੱਥੇ ਇਕ ਬਹੁਤ ਹੀ ਵਧੀਆ ਮਸ਼ਹੂਰ ਚੀਨੀ ਰੈਸਟੋਰੈਂਟ ਸੀ, ਜਿੱਥੇ ਅਸੀਂ ਅਕਸਰ ਡਿਨਰ ਖਾਣ ਜਾਂਦੇ ਸੀ। ਇਸ ਲਈ ਇਸ ਇਲਾਕੇ ਵਿੱਚ ਮੈਨੂੰ ਬਹੁਤ ਵਾਰੀ ਜਾਣ ਦਾ ਮੌਕਾ ਮਿਲਿਆ। ਇਹ ਰੈਸਟੋਰੈਂਟ ਵੈਸਟ ਬਰਾਡ ਵੇਅ ਸਟਰੀਟ ਉਤੇ ਸੀ, ਜਿਥੇ ਬਹੁਤ ਸਾਰੇ ਵਧੀਆ ਤੇ ਮਹਿੰਗੇ ਰੈਸਟੋਰੈਂਟ ਹਨ। ਇੰਗਲਿਸ਼ ਬੇਅ ਦੇ ਕੰਢੇ ਉਤੇ ਬਣੇ ਮਹਿੰਗੇ ਘਰਾਂ ਵਿੱਚ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ, ਮੈਨੂੰ ਤਾਂ ਇਸ ਇਲਾਕੇ ਦੇ ਮਹਿੰਗੇ ਰੈਸਟੋਰੈਂਟ ਵਿੱਚ ਵੀ ਬਹੁਤ ਹੀ ਘੱਟ ਪੰਜਾਬੀ ਦੇਖਣ ਨੂੰ ਮਿਲੇ।
ਅੱਜ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ 7 ਲੱਖ ਦੇ ਕਰੀਬ ਹੈ। ਹਰ ਸਾਲ ਇਕ ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਜੇ ਇਕ ਦੋ ਪੰਜਾਬੀ ਇਸ ਮਹਿੰਗੇ ਇਲਾਕੇ ਵਿੱਚ ਰਹਿੰਦੇ ਵੀ ਹੋਣ ਤਾਂ ਲੱਖਾਂ ਦੀ ਗਿਣਤੀ ਅਤਿ ਦਰਜੇ ਦੀ ਗਰੀਬੀ ਵਾਲਾ ਜੀਵਨ ਗੁਜ਼ਾਰ ਰਹੀ ਹੈ। ਕੈਨੇਡਾ ਦੇ ਜੀਵਨ ਪੱਧਰ (ਲਿਵਿੰਗ ਸਟੈਡਰਡ) ਅਨੁਸਾਰ ਇਹ ਨਵੇਂ ਵਿਦਿਆਰਥੀ ਇਕ ਬੇਸਮੈਂਟ ਵਿੱਚ 20 ਦੇ ਕਰੀਬ ਵੀ ਰਹਿ ਰਹੇ ਹਨ। ਇੰਨਾ ਹੀ ਨਹੀਂ ਨਵੇਂ ਜਾ ਰਹੇ ਪੰਜਾਬੀਆਂ ਲਈ ਇਕ ਸਾਧਾਰਣ ਘਰ ਖਰੀਦਣਾ ਵੀ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਇਕ ਸਤਿਕਾਰਿਤ ਪੱਤਰਕਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਤੇ ਨੂੰਹ ਕੈਨੇਡਾ ਵਿੱਚ ਰਹਿ ਰਹੇ ਹਨ। ਦੋਨਾਂ ਕੋਲ ਚੰਗੀਆਂ ਨੌਕਰੀਆਂ ਹਨ। ਪ੍ਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀਆਂ ਤਨਖਾਹਾਂ ਨਾਲ ਤਾਂ ਉਹ ਸਾਰੀ ਉਮਰ ਕੈਨੇਡਾ ਵਿਚ ਘਰ ਨਹੀਂ ਖਰੀਦ ਸਕਦੇ। ਜਿਉਂ ਜਿਉਂ ਨਵੇਂ ਪੰਜਾਬੀ ਵੱਡੀ ਗਿਣਤੀ ਵਿੱਚ ਕੈਨੇਡਾ ਆ ਰਹੇ ਹਨ, ਤਿਉਂ ਤਿਉਂ ਕੁਲ ਵਸੋਂ ਦੇ ਅਨੁਪਾਤ ਵਿੱਚ ਗਰੀਬਾਂ ਦੀ ਗਿਣਤੀ ਵਿੱਚ ਵਾਧਾ ਹੋਈ ਜਾਏਗਾ। ਨਾ ਸਿਰਫ਼ ਇਨ੍ਹਾਂ ਦੇ ਘਰ ਖਰੀਦਣ ਦੀ ਸਮਰੱਥਾ ਘਟੀ ਜਾਏਗੀ, ਸਗੋਂ ਉਪਰਲੇ ਵਰਗ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ (ਅਪਵਰਡ ਮੋਬੀਲਿਟੀ) ਵੀ ਘਟੀ ਜਾਣਗੀਆਂ।
ਅੰਤ ਵਿੱਚ ਇਨ੍ਹਾਂ ਵਿਚੋਂ ਵੱਡੀ ਬਹੁਗਿਣਤੀ ਉਹ ਨੌਕਰੀਆਂ ਕਰਨ ਲਈ ਮਜ਼ਬੂਰ ਹੋ ਜਾਏਗੀ ਜੋ ਉਥੋਂ ਦੀ ਵਸੋਂ ਕਰਨਾ ਨਹੀਂ ਚਾਹੁੰਦੀ। ਇਨ੍ਹਾਂ ਵਿੱਚੋਂ ਕੁਝ ਇਹ ਹਨ, ਟਰੱਕ ਡਰਾਈਵਰ, ਜੈਨੀਟਰ (ਸਫਾਈ ਦਾ ਕੰਮ) ਸਿਕਉਰਿਟੀ ਗਾਰਡ, ਪੀਜ਼ਾ ਡਲਿਵਰੀ, ਨੈਨੀ, ਫਾਰਮ ਮਜ਼ਦੂਰੀ ਆਦਿ। ਜਿੱਥੇ ਸਾਡਾ ਇਕ ਪੰਜਾਬੀ ਬਹੁਤ ਕਾਮਯਾਬ ਅਤੇ ਅਮੀਰ ਬਿਜਨੈਸਮੈਨ ਬਣੇਗਾ, ਉਥੇ ਹਜ਼ਾਰਾਂ ਪੰਜਾਬੀ ਅਜਿਹੀਆਂ ਨੌਕਰੀਆਂ ਵਿੱਚ ਹੀ ਫਸੇ ਰਹਿਣਗੇ। ਇਹ ਗੱਲ ਠੀਕ ਹੈ ਕਿ ਇਨ੍ਹਾਂ ਨੌਕਰੀਆਂ ਵਿੱਚ ਮਿਲਣ ਵਾਲੀ ਤਨਖਾਹ ਪੰਜਾਬ ਵਿੱਚ ਮਿਲਣ ਵਾਲੀ ਤਨਖਾਹ ਨਾਲੋਂ ਬਹੁਤ ਜ਼ਿਆਦਾ ਹੈ, ਪਰੰਤੂ ਉਥੇ ਵਸੇ ਪੰਜਾਬੀਆਂ ਦਾ ਸਾਮਾਜਿਕ ਰੁਤਬਾ ਉਸ ਸਾਮਾਜ ਦੇ ਪੈਮਾਨਿਆਂ ਨਾਲ ਮਿਣਿਆ ਜਾਏਗਾ ਅਤੇ ਪੰਜਾਬੀਆਂ ਦੀ ਵੱਡੀ ਗਿਣਤੀ ਦੇ ਪੈਮਾਨਿਆਂ ਨਾਲ ਮਿਣਿਆ ਜਾਏਗਾ ਅਤੇ ਪੰਜਾਬੀਆਂ ਦੀ ਵੱਡੀ ਗਿਣਤੀ ਉਥੋਂ ਅਨੁਸਾਰ ਲੋਅ ਪੇਇੰਗ ਜੌਬਸ (ਉਹ ਨੌਕਰੀਆਂ ਜਿਨ੍ਹਾਂ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾਂਦਾ) ਤੱਕ ਸੀਮਤ ਰਹੇਗੀ। ਅਜਿਹੇ ਭਾਈਚਾਰੇ ਨੂੰ ਜਿਸਦੀ ਜ਼ਿਆਦਾ ਗਿਣਤੀ ਅਜਿਹੀਆਂ ਨੌਕਰੀਆਂ ਕਰਦੀ ਹੈ, ਅੰਡਰ ਕਲਾਸ (ਹੇਠਲੀ ਸ਼੍ਰੇਣੀ) ਕਿਹਾ ਜਾਂਦਾ ਹੈ।
ਪ੍ਰੰਤੂ ਪੰਜਾਬੀਆਂ ਨਾ ਦੁਖਾਂਤ ਇਥੇ ਹੀ ਖਤਮ ਨਹੀਂ ਹੁੰਦਾ। ਅੰਡਰ ਕਲਾਸ ਵਿੱਚ ਨਾ ਸਿਰਫ ਅਜਿਹੀਆਂ ਨੌਕਰੀਆਂ ਸ਼ਾਮਲ ਹਨ, ਸਗੋਂ ਇਕ ਹੋਰ ਅੰਸ਼ ਵੀ ਸ਼ਾਮਲ ਹੁੰਦਾ ਹੈ, ਜਿਸਨੂੰ ਲੰਪਨ ਐਲੀਮੈਂਟ ਜਾਂ ਮੰਦਾ ਅੰਸ਼ ਕਿਹਾ ਜਾਂਦਾ ਹੈ। ਇਸ ਵਿੱਚ ਗੈਂਗਸ, ਡਰੱਗ ਡੀਲਰਜ਼ ਤੇ ਵੇਸਵਾਵਾਂ ਆਦਿ ਸ਼ਾਮਲ ਹੁੰਦੇ ਹਨ। ਕਿਸੇ ਵੀ ਦੇਸ ਵਿੱਚ ਅੰਡਰ ਕਲਾਸ ਦਾ ਅੰਦਾਜ਼ਾ, ਉਥੋਂ ਦੇ ਜੁਰਮ ਤੇ ਹਿੰਸਾ ਦੇ ਅੰਕੜਿਆਂ ਵਿੱਚ ਉਸ ਭਾਈਚਾਰੇ ਦੀ ਗਿਣਤੀ ਤੋਂ ਵੀ ਲਗਾਇਆ ਜਾਂਦਾ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ 2% ਦੇ ਲੱਗਪੱਗ ਹੈ। ਪ੍ਰੰਤੂ ਜ਼ੁਰਮ ਤੇ ਹਿੰਸਾ ਵਿੱਚ ਸਾਡੀ ਗਿਣਤੀ 20% ਤੋਂ ਵੀ ਜ਼ਿਆਦਾ ਹੈ। ਜੇ ਅਸੀਂ ਹੇਠਲੀ ਸ਼੍ਰੇਣੀ ਦੇ ਸੂਚਕ ਦੇਖੀਏ ਤਾਂ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਇਕ ਅੰਡਰ ਕਲਾਸ ਬਣਨ ਦੇ ਲੱਗਪੱਗ ਸਾਰੇ ਮਾਪਦੰਡ ਪੂਰੇ ਕਰ ਚੁੱਕਾ ਹੈ।
ਕਿਸੇ ਵੀ ਭਾਈਚਾਰੇ ਦਾ ਸਮਾਜਿਕ ਸਥਾਨ ਇਹ ਤੱਥ ਨਿਰਧਾਰਿਤ ਕਰਦਾ ਹੈ ਕਿ ਉਸਦੀ ਬਹੁਗਿਣਤੀ ਦਾ ਸਮਾਜਿਕ ਸਥਾਨ ਕੀ ਹੈ, ਨਾ ਕਿ ਇਕ ਘੱਟ ਗਿਣਤੀ ਸ਼੍ਰੇਸ਼ਠ ਵਰਗ ਦਾ। ਉਦਾਹਰਣ ਵਜੋਂ ਅਸੀਂ ਅਮਰੀਕਾ ਵਿੱਚ ਕਾਲੇ ਲੋਕਾਂ ਅਤੇ ਭਾਰਤ ਵਿੱਚ ਦਲਿਤ ਭਾਈਚਾਰੇ ਦਾ ਸਮਾਜਿਕ ਸਥਾਨ ਦੇਖ ਸਕਦੇ ਹਾਂ। ਕਾਲੇ ਲੋਕਾਂ ਵਿੱਚ ਕੁਝ ਲੋਕ ਬਹੁਤ ਅਮੀਰ ਹਨ। ਵੱਡੀਆਂ ਵੱਡੀਆਂ ਰਾਜਨੀਤਕ ਪੁਜੀਸ਼ਨਾਂ ਉਤੇ ਪਹੁੰਚੇ ਹੋਏ ਹਨ ਅਤੇ ਕਈ ਸਫਲ ਹਾਲੀਵੁੱਡ ਐਕਟਰ ਵੀ ਹਨ, ਪ੍ਰੰਤੂ ਫਿਰ ਵੀ ਉਹ ਇਕ ਅੰਡਰ ਕਲਾਸ ਹੈ। ਇਸੇ ਤਰ੍ਹਾਂ ਭਾਰਤ ਵਿੱਚ ਦਲਿਤ ਭਾਈਚਾਰੇ ਵਿੱਚ ਵੀ ਕੁਝ ਲੋਕ ਵੱਡੀਆਂ ਵੱਡੀਆਂ ਰਾਜਨੀਤਕ ਪੁਜੀਸ਼ਨਾਂ ਉਤੇ ਪਹੁੰਚੇ ਹਨ ਅਤੇ ਵੱਡੀਆਂ ਨੌਕਰੀਆਂ ਵੀ ਕਰਦੇ ਹਨ ਅਤੇ ਕੁਝ ਕੋਲ ਚੰਗੇ ਪੈਸੇ ਵੀ ਹਨ, ਪ੍ਰੰਤੂ ਫਿਰ ਵੀ ਸਮੁੱਚੇ ਤੌਰ ਉਤੇ ਦਲਿਤ ਭਾਈਚਾਰੇ ਨੂੰ ਅੰਡਰ ਕਲਾਸ ਹੀ ਕਿਹਾ ਜਾ ਸਕਦਾ ਹੈ।
ਨਾ ਸਿਰਫ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਭਵਿੱਖ ਬਹੁਤ ਵਧੀਆ ਨਜ਼ਰ ਨਹੀਂ ਆ ਰਿਹਾ, ਸਗੋਂ ਪ੍ਰਵਾਸ ਸਮੁੱਚੇ ਤੌਰ ਉਤੇ ਪੰਜਾਬੀਆਂ ਦਾ ਸਮਾਜਿਕ ਦਰਜਾ ਥੱਲੇ ਲਿਆ ਰਿਹਾ ਹੈ। ਇਸਦਾ ਮੁੱਖ ਕਾਰਨ ਪੰਜਾਬੀਆਂ ਵਿੱਚ ਉਚੇਰੀ ਵਿਦਿਆ ਦੇ ਰੁਝਾਨ ਦਾ ਘਟਣਾ ਹੈ। ਅਜੋਕੇ ਸੰਸਾਰ ਵਿੱਚ ਕਿਸੇ ਵੀ ਭਾਈਚਾਰੇ ਦਾ ਭਵਿੱਖ ਉਚੇਰੀ ਵਿਦਿਆ ਨਾਲ ਜੁੜਿਆ ਹੋਇਆ ਹੈ। ਪ੍ਰਵਾਸ ਨੇ ਪੰਜਾਬੀਆਂ ਵਿੱਚ ਉਚੇਰੀ ਵਿਦਿਆ ਦਾ ਬਹੁਤ ਨੁਕਸਾਨ ਕੀਤਾ ਹੈ। 10+2 ਕਰਨ ਤੋਂ ਬਾਅਦ ਹੁਣ ਆਈਲੈਟਸ ਕਰਕੇ ਕੈਨੇਡਾ ਜਾਣ ਦਾ ਰੁਝਾਨ ਪ੍ਰਬਲ ਹੈ। ਇਹ ਗੱਲ ਪੰਜਾਬੀਆਂ ਵਿਚ ਉਚੇਰੀ ਵਿਦਿਆ ਲਈ ਘਾਤਕ ਸਿੱਧ ਹੋ ਰਹੀ ਹੈ। ਬਹੁਤ ਸਾਰੇ ਕਾਲਜ ਪੰਜਾਬ ਵਿੱਚ ਬੰਦ ਹੋਣ ਕਿਨਾਰੇ ਪਹੁੰਚ ਗਏ ਹਨ। ਇਸੇ ਤਰ੍ਹਾਂ ਯੂਨੀਵਰਸਿਟੀਆਂ ਵਿੱਚ ਵੀ ਕਈ ਕੋਰਸਾਂ ਲਈ ਉਮੀਦਵਾਰ ਨਹੀਂ ਲੱਭ ਰਹੇ ਹਨ। ਅਜਿਹੀ ਸਥਿਤੀ ਸਮੁੱਚੇ ਤੌਰ ਉਤੇ ਵਿਦਿਆ ਦੇ ਪੱਧਰ ਨੂੰ ਥੱਲੇ ਲਿਜਾਂਦੀ ਹੈ। ਪੰਜਾਬੀਆਂ ਦੀ ਹਰ ਤਰ੍ਹਾਂ ਦੀਆਂ ਉੱਚ ਪੱਧਰੀ ਨੌਕਰੀਆਂ ਭਾਵੇਂ ਉਹ ਸਿਵਲ ਦੀਆਂ ਹੋਣ ਜਾਂ ਫ਼ੌਜ ਦੀਆਂ, ਪ੍ਰਤੀਨਿਧਤਾ ਲਗਾਤਾਰ ਘਟੀ ਜਾ ਰਹੀ ਹੈ।
ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਲਈ ਨੰਬਰ ਇਕ ਪੇਸ਼ਾ ਟਰੱਕ ਡਰਾਈਵਿੰਗ ਦਾ ਬਣ ਚੁੱਕਾ ਹੈ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿੱਚ ਪੰਜਾਬੀਆਂ ਤੋਂ ਸਿਵਾਅ ਕੋਈ ਹੋਰ ਭਾਈਚਾਰਾ ਇਹ ਪੇਸ਼ਾ ਅਪਣਾਉਣ ਨੂੰ ਤਿਆਰ ਨਹੀਂ। ਅਮਰੀਕਾ ਵਿੱਚ ਹੋਏ ਸਰਵੇਖਣ ਇਹ ਹੀ ਦੱਸਦੇ ਹਨ। ਕੈਨੇਡਾ ਵਿੱਚ ਟਰੱਕ ਡਰਾਈਵਰਾਂ ਲਈ ਬਹੁਤ ਵੱਡੀ ਤਨਖਾਹ ਅਤੇ ਹੋਰ ਸਹੂਲਤਾਂ ਐਡਰਵਟਾਈਜ਼ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਫਿਰ ਵੀ ਨਵੇਂ ਆਏ ਪੰਜਾਬੀਆਂ ਤੋਂ ਸਿਵਾਅ ਹੋਰ ਕੋਈ ਇਹ ਪੇਸ਼ਾ ਨਹੀਂ ਅਪਣਾਉਣਾ ਚਾਹੁੰਦਾ। ਹੁਣੇ ਹੁਣੇ ਇੰਗਲੈਂਡ ਤੋਂ ਖਬਰ ਆਈ ਹੈ ਕਿ ਉਸਨੂੰ ਇਕ ਲੱਖ ਟਰੱਕ ਡਰਾਈਵਰ ਬਹੁਤ ਜ਼ਰੂਰੀ ਚਾਹੀਦੇ ਹਨ। ਜ਼ਾਹਿਰ ਹੈ ਕਿ ਕੁਝ ਸਾਲਾਂ ਵਿੱਚ ਹੀ ਪੰਜਾਬੀਆਂ ਦੀ ਮੁੱਖ ਪਹਿਚਾਣ ਟਰੱਕ ਡਰਾਈਵਰਾਂ ਵਜੋਂ ਹੋਣ ਜਾ ਰਹੀ ਹੈ। ਪੱਛਮੀ ਸਰਮਾਏਦਾਰੀ ਦਾ ਸੰਕਟ ਹੋਰ ਡੂੰਘਾ ਹੋਣ ਅਤੇ ਵੱਡੀ ਗਿਣਤੀ ਵਿੱਚ ਸਿਰਫ 10+2 ਪੜ੍ਹੇ ਨੌਜਵਾਨਾਂ ਦੇ ਪ੍ਰਵਾਸ ਨਾਲ ਪੰਜਾਬੀਆਂ ਦਾ ਭਵਿੱਖ ਕੈਨੇਡਾ ਵਿੱਚ ਹੋਰ ਧੁੰਧਲਾ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਪ੍ਰਵਾਸ ਨਾ ਸਿਰਫ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨਾਂ ਨੂੰ ਕੈਨੇਡਾ ਦੀ ਹੇਠਲੀ ਸ਼੍ਰੇਣੀ ਵੱਲ ਧੱਕ ਰਹੀ ਹੈ, ਸਗੋਂ ਪੰਜਾਬ ਨੂੰ ਵੀ ਲੱਗਪੱਗ ਮੁਕੰਮਲ ਅਸਥਿਰਤਾ ਤੇ ਨਾਬਰਾਬਰੀ ਵੱਲ ਧੱਕ ਰਿਹਾ ਹੈ। ਲੋੜ ਹੈ ਕੈਨੇਡਾ ਦਾ ਪੂਰਾ ਸੱਚ ਸਾਹਮਣੇ ਲਿਆਉਣ ਦੀ।

Comment here