ਟੋਰਾਂਟੋ-ਸਿਗਰਟਨੋਸ਼ੀ ਕਾਰਨ ਸਿਹਤ ਤੇ ਮਾੜਾ ਅਸਰ ਪੈਦਾ ਹੈ। ਪਰ ਫਿਰ ਵੀ ਲੋਕ ਇਸ ਨੂੰ ਛੱਡਣ ਲਈ ਤਿਆਰ ਨਹੀ ਹੁੰਦੇ। ਹੁਣ ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਜਾ ਰਿਹਾ ਹੈ, ਜਿੱਥੇ ਹਰੇਕ ਸਿਗਰਟ ‘ਤੇ ਸਿਹਤ ਸਬੰਧੀ ਚਿਤਾਵਨੀ ਲਿਖਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਤੰਬਾਕੂ ਉਤਪਾਦਾਂ ਦੀ ਪੈਕਿੰਗ ‘ਤੇ ਚਿਤਾਵਨੀ ਦੇ ਰੂਪ ਵਿਚ ਇਕ ਗ੍ਰਾਫਿਕ ਚਿੱਤਰ ਲਗਾਉਣ ਦੀ ਨੀਤੀ ਲਾਗੂ ਕੀਤੀ ਗਈ ਸੀ। ਦੋ ਦਹਾਕੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਨੀਤੀ ਨੂੰ ਦੁਨੀਆ ਭਰ ਵਿਚ ਅਪਣਾਇਆ ਗਿਆ ਹੈ।
ਮਾਨਸਿਕ ਸਿਹਤ ਮੰਤਰੀ ਕੈਰੋਲਿਨ ਬੇਨੇਟ ਨੇ ਸ਼ੁੱਕਰਵਾਰ ਨੂੰ ਆਯੋਜਿਤ ਇਕ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ, ‘ਸਾਨੂੰ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨਾ ਪਵੇਗਾ ਕਿ ਇਨ੍ਹਾਂ ਸੰਦੇਸ਼ਾਂ ਦਾ ਪ੍ਰਭਾਵ ਘੱਟ ਹੋ ਗਿਆ ਹੈ। ਹਰ ਤੰਬਾਕੂ ਉਤਪਾਦ ‘ਤੇ ਸਿਹਤ ਸਬੰਧੀ ਚਿਤਾਵਨੀ ਲਿਖ ਕੇ ਯਕੀਨੀ ਕੀਤਾ ਜਾ ਸਕੇਗਾ ਕਿ ਇਹ ਜ਼ਰੂਰੀ ਸੰਦੇਸ਼ ਹਰੇਕ ਵਿਅਕਤੀ ਤੱਕ ਪੁੱਜੇ, ਜਿਸ ਵਿਚ ਉਹ ਨੌਜਵਾਨ ਵੀ ਸ਼ਾਮਲ ਹਨ, ਜੋ ਇਕ ਵਾਰ ਵਿਚ ਇਕ ਸਿਗਰਟ ਲੈਂਦੇ ਹਨ ਅਤੇ ਪੈਕੇਟ ‘ਤੇ ਲਿਖੀ ਚਿਤਾਵਨੀ ਨਹੀਂ ਦੇਖ ਪਾਉਂਦੇ।’
ਇਸ ਪ੍ਰਸਤਾਵ ‘ਤੇ ਸ਼ਨੀਵਾਰ ਤੋਂ ਚਰਚਾ ਹੋਵੇਗੀ ਅਤੇ ਸਰਕਾਰ ਨੂੰ ਲੱਗਦਾ ਹੈ ਕਿ 2023 ਦੇ ਅੰਤ ਤੱਕ ਇਹ ਨਿਯਮ ਲਾਗੂ ਕੀਤਾ ਜਾ ਸਕੇਗਾ। ਬੇਨੇਟ ਨੇ ਦੱਸਿਆ ਕਿ ਹਰੇਕ ਸਿਗਰਟ ‘ਤੇ ‘ਹਰ ਕਸ਼ ‘ਚ ਜ਼ਹਿਰ ਹੈ’ ਸੰਦੇਸ਼ ਲਿਖਣ ਦਾ ਪ੍ਰਸਤਾਵ ਹੈ। ਹਾਲਾਂਕਿ ਇਸ ਵਿਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਇਹ ਆਉਣ ਵਾਲੇ ਸਮੇਂ ਵਿਚ ਕਿੰਨਾ ਚਿਰ ਲਾਗੂ ਰਹਿੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।
Comment here