ਅੱਗੇ ਵਧਣ ਦੇ ਮੌਕਿਆਂ ਦੀ ਭਾਲ ਕਰਨੀ ਤੇ ਫਿਰ ਉੱਥੇ ਜਾ ਵਸਣਾ ਮੁੱਢ ਕਦੀਮ ਤੋਂ ਪੰਜਾਬੀਆਂ ਦੇ ਸੁਭਾਅ ਦਾ ਅੰਗ ਰਿਹਾ ਹੈ। ਪੰਜਾਬੀ ਸਦੀਆਂ ਤੋਂ ਦੂਰ ਦੁਰਾਡੇ ਦੇ ਦੇਸ਼ਾਂ ਵਿਚ ਜਾਂਦੇ ਰਹੇ ਹਨ। ਕੁਝ ਸਾਲ ਮਿਹਨਤ ਕਰਕੇ ਕਈ ਵਤਨ ਪਰਤ ਆਉਂਦੇ ਰਹੇ ਤੇ ਕੁਝ ਉੱਥੇ ਹੀ ਪੱਕਾ ਵਸੇਬਾ ਕਰ ਲੈਂਦੇ ਰਹੇ। ਪਰ ਕੁਝ ਸਾਲਾਂ ਤੋਂ ਤਾਂ ਪੰਜਾਬੀਆਂ ਦੇ ਮਨ ਵਿਚ ਵਿਦੇਸ਼ੀ ਕੀੜਾ ਘਰ ਕਰ ਗਿਆ ਹੈ। ਪਿੰਡਾਂ ਤੇ ਸ਼ਹਿਰਾਂ ਦੀ ਹਰ ਗਲੀ ਅਤੇ ਮੁੱਖ ਸੜਕਾਂ ਦੇ ਹਰ ਚੌਰਾਹੇ ’ਤੇ ਲੱਗੇ ਆਈਲੈਟਸ ਅਤੇ ਵੀਜੇ ਦੀਆਂ ਗਾਰੰਟੀਆਂ ਵਾਲੇ ਵੱਡੇ ਵੱਡੇ ਬੋਰਡ ਪੜ੍ਹਕੇ ਇੰਜ ਲੱਗਦਾ ਹੈ ਜਿਵੇਂ ਵਿਦੇਸ਼ ਜਾ ਕੇ ਵਸਣਾ ਹੀ ਪੰਜਾਬੀਆਂ ਦਾ ਉਦੇਸ਼ ਤੇ ਰੀਝ ਬਣ ਗਿਆ ਹੋਏ। ਬਹੁਤੇ ਪੰਜਾਬੀਆਂ ਦੇ ਦਿਮਾਗ਼ ਵਿਚ ਪਰਵਾਸ ਦਾ ਕੀੜਾ ਖਾਰਸ਼ ਕਰਦਾ ਰਹਿੰਦਾ ਹੈ।ਮੈਂ ਖੁਦ ਕਈ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹਾਂ। ਜਦੋਂ ਵੀ ਪੰਜਾਬ ਫੇਰਾ ਲਾਉਂਦਾ ਹਾਂ ਤਾਂ ਪੰਜਾਬੀਆਂ ਵਿਚ ਵਧਦੇ ਕੈਨੇਡਾ ਦੇ ਰੁਝਾਨ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਜਿਹੀ ਕਿਹੜੀ ਗੱਲ ਹੈ, ਜਿਸ ਕਾਰਨ ਪੰਜਾਬੀ ਇੱਥੇ ਪਹੁੰਚਣ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ । ਇਸ ਸਵਾਲ ਦਾ ਹਰ ਕੋਈ ਸਿੱਧਾ ਪੱਧਰਾ ਜਿਹਾ ਜਵਾਬ ਰੁਜ਼ਗਾਰ ਦੇ ਨਾਂ ਮੜ੍ਹਕੇ ਤਸੱਲੀ ਜਿਹੀ ਕਰ ਲੈਂਦਾ ਹੈ, ਪਰ ਇਸ ਦੀਆਂ ਪਰਤਾਂ ਵਿਚ ਹੋਰ ਬਹੁਤ ਸਾਰੇ ਕਾਰਨ ਹਨ, ਜਿਸ ਬਾਰੇ ਚਰਚਾ ਬਹੁਤ ਘੱਟ ਹੁੰਦੀ ਹੈ। ਆਪਾਂ ਇੱਥੇ ਇਨ੍ਹਾਂ ਕਾਰਨਾਂ ਬਾਰੇ ਚਰਚਾ ਕਰਾਂਗੇ।ਇਸ ਵਿਚਾਰ ਚਰਚਾ ਦੀ ਸ਼ੁਰੂਆਤ ਮੁੱਖ ਕਾਰਨ ਰੁਜ਼ਗਾਰ ਤੋਂ ਕਰਨੀ ਬਣਦੀ ਹੈ। ਕੈਨੇਡਾ ਵਿਚ ਰੁਜ਼ਗਾਰ ਦੇ ਵਿਸ਼ਾਲ ਮੌਕੇ ਹੋਣ ਕਾਰਨ ਇੱਥੇ ਹਰ ਕਿਸੇ ਲਈ ਕੰਮ ਬਣਿਆ ਰਹਿੰਦਾ ਹੈ। ਇੱਥੇ ਬੇਰੁਜ਼ਗਾਰੀ ਦਰ 6 ਫੀਸਦੀ ਦੇ ਆਸ ਪਾਸ ਟਿਕੀ ਰਹਿੰਦੀ ਹੈ। ਇਹ 6 ਫੀਸਦੀ ਉਹ ਬੇਰੁਜ਼ਗਾਰ ਹਨ, ਜਿਨ੍ਹਾਂ ਨੂੰ ਹੱਡ ਹਰਾਮੀ ਕਹਿਣ ਤੋਂ ਸੰਕੋਚ ਕਰਨਾ ਸੱਚ ਤੋਂ ਮੂੰਹ ਮੋੜਨ ਵਾਲੀ ਗੱਲ ਹੋਵੇਗੀ। ਬੇਸ਼ੱਕ ਸਾਡੇ ਲੋਕਾਂ ਨੂੰ ਮਨਪਸੰਦ ਰੁਜ਼ਗਾਰ ਹਾਸਲ ਕਰਨ ਲਈ ਕੁਝ ਸਾਲ ਲੱਗ ਜਾਂਦੇ ਹਨ, ਪਰ ਕੰਮ ਕਰਨ ਵਾਲੇ ਬੇਰੁਜ਼ਗਾਰ ਨਹੀਂ ਫਿਰਦੇ। ਕਾਮਿਆਂ ਨੂੰ ਮਹੀਨੇ ਦੀ ਥਾਂ ਪ੍ਰਤੀ ਘੰਟੇ ਦੇ ਹਿਸਾਬ ਹਰ ਦੋ ਹਫ਼ਤੇ ਬਾਅਦ ਤਨਖਾਹ ਮਿਲਦੀ ਹੈ। ਪ੍ਰਤੀ ਘੰਟਾ ਘੱਟੋ ਘੱਟ ਉਜਰਤ ਸਰਕਾਰ ਵੱਲੋਂ ਤੈਅ ਹੋਣ ਕਾਰਨ ਸ਼ੋਸ਼ਣ ਦੀਆਂ ਸੰਭਾਵਨਾਵਾਂ ਨਾਂਮਾਤਰ ਹਨ। ਅੱਜਕੱਲ੍ਹ ਘੱਟੋ ਘੱਟ ਪ੍ਰਤੀ ਘੰਟਾ ਉਜਰਤ ਸੂਬੇ ਅਨੁਸਾਰ 14 ਤੋਂ 16 ਡਾਲਰ ਹੈ। ਤਨਖਾਹ ਦੀ ਅਦਾਇਗੀ ਸਿਰਫ਼ ਚੈੱਕਾਂ ਰਾਹੀਂ ਹੁੰਦੀ ਹੈ। ਹਰੇਕ ਚੈੱਕ ਦੇ ਨਾਲ ਉਸ ਤਨਖਾਹ ਦਾ ਸਾਰਾ ਵੇਰਵਾ ਯਾਨੀ ਲਾਏ ਘੰਟੇ, ਕਟੌਤੀਆਂ ਆਦਿ ਸਭ ਲਿਖਿਆ ਹੁੰਦਾ। ਇੱਥੋਂ ਤਕ ਕਿ ਉਸ ਸਾਲ ਵਿਚ ਉਸ ਫਰਮ ਤੋਂ ਕੀਤੀ ਕੁੱਲ ਕਮਾਈ ਤੇ ਕਟੌਤੀਆਂ ਦਾ ਵੇਰਵਾ ਵੀ ਹੁੰਦਾ ਹੈ। ਤਬਰਬੇ ਦੇ ਆਧਾਰ ’ਤੇ ਚੰਗਾ ਕੰਮ ਕਰਨ ਵਾਲਿਆਂ ਦੀ ਮੰਗ ਅਕਸਰ ਬਣੀ ਰਹਿੰਦੀ ਹੈ। ਮਿਹਨਤੀ ਲੋਕ ਓਵਰਟਾਈਮ ਜਾਂ ਦੋ ਦੋ ਸ਼ਿਫਟਾਂ ਵਿਚ ਕੰਮ ਕਰਨ ਤੋਂ ਝਿਜਕਦੇ ਨਹੀਂ। ਬੇਸ਼ੱਕ ਜ਼ਰੂਰੀ ਸੇਵਾਵਾਂ ਤਾਂ ਸਾਰੇ ਦਿਨ ਖੁੱਲ੍ਹਦੀਆਂ ਹਨ, ਪਰ ਆਮ ਕੰਮ ਸੋਮਵਾਰ ਤੋਂ ਸ਼ਨਿਚਰਵਾਰ ਤਕ ਚੱਲਦੇ ਹਨ। ਕਾਮੇ ਦੀ ਆਪਣੀ ਘਾਟ ਨਾ ਹੋਵੇ ਤਾਂ ਉਸ ਦੀ ਰਕਮ ਨੱਪ ਲੈਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਵੇਜ ਬੋਰਡ ਦੇ ਸਖ਼ਤ ਡੰਡੇ ਦਾ ਡਰ ਬਣਿਆ ਰਹਿੰਦਾ ਹੈ। ਡੇਟਾ ਵਿਭਾਗ ਹਰ ਮਹੀਨੇ ਬੇਰੁਜ਼ਗਾਰੀ ਦਰਾਂ ਜਨਤਕ ਕਰਦਾ ਹੈ। ਕਿਸੇ ਮਹੀਨੇ ਹੋਇਆ ਇਕ ਫੀਸਦ ਵਾਧਾ ਸਰਕਾਰਾਂ ਨੂੰ ਵਕਤ ਪਾ ਦਿੰਦਾ। ਵਿਸ਼ੇਸ਼ ਗੱਲ ਜੋ ਆਪਣੇ ਪੰਜਾਬੀਆਂ ਨੂੰ ਜ਼ਿਆਦਾ ਪਸੰਦ ਹੈ ਕਿ ਉਹ ਹੈ ਕੰਮ ਵਿਚ ਊਚ ਨੀਚ ਨਾ ਹੋਣਾ। ਘਰਾਂ ਦੀ ਉਸਾਰੀ ਜਾਂ ਸਫ਼ਾਈਆਂ ਵਾਲੇ ਭਾਰੇ ਕੰਮ ਕਰਨ ਵਾਲੇ ਲੋਕ ਬੈਂਕ ਮੁਲਾਜ਼ਮਾਂ ਤੋਂ ਜ਼ਿਆਦਾ ਕਮਾ ਲੈਂਦੇ ਹਨ। ਹਰੇਕ ਛੋਟੇ ਵੱਡੇ ਕੰਮ ਦੇ ਯੋਗ ਹੋਣ ਲਈ ਮੁੱਢਲੀ ਸਿਖਲਾਈ ਤੋਂ ਬਾਅਦ ਟੈਸਟ ਪਾਸ ਕਰਕੇ ਲਾਇਸੈਂਸ ਲੈਣਾ ਲਾਜ਼ਮੀ ਹੈ। ਵਿਕਸਤ ਦੇਸ਼ਾਂ ਦਾ ਅਗਲਾ ਗੁਣ ਹੈ ਸਿਸਟਮ, ਅਨੁਸ਼ਾਸਨ ਤੇ ਉਸ ਦਾ ਪਾਲਣ। ਹਰ ਕੰਮ ਦੇ ਕੰਟਰੋਲ ਲਈ ਦਫ਼ਤਰ ਤਾਂ ਹਨ, ਪਰ ਉੱਥੇ ਜਾ ਕੇ ਕੰਮ ਕਰਾਉਣ ਦਾ ਰੁਝਾਨ ਘੱਟ ਹੈ। ਆਨਲਾਈਨ ਸਿਸਟਮ ਕਾਰਨ ਦਫ਼ਤਰੀ ਗੇੜੇ ਨਹੀਂ ਮਾਰਨੇ ਪੈਂਦੇ। ਆਮ ਕਰਕੇ ਅਗਾਊਂ ਸਮਾਂ ਤੈਅ ਹੋ ਜਾਂਦਾ ਹੋਣ ਕਾਰਨ ਲੰਮੀਆਂ ਕਤਾਰਾਂ ਵਿਚ ਨਹੀਂ ਲੱਗਣਾ ਪੈਂਦਾ। ਰਾਜਨੀਤਕ ਤੌਰ ’ਤੇ ਅੰਦਰਖਾਤੇ, ਪਰ ਬਹੁਤ ਡਰਕੇ ਲਿਹਾਜ ਪਾਲ ਲਏ ਜਾਂਦੇ ਹਨ। ਪਰ ਆਮ ਕੰਮ ਕਰਾਉਣ ਲਈ ਰਿਸ਼ਵਤ ਬਾਰੇ ਸੋਚਣਾ ਹੀ ਗ਼ਲਤ ਹੈ। ਪੁਲੀਸ ਕਿਸੇ ਨਾਲ ਵਧੀਕੀ ਨਹੀਂ ਕਰਦੀ, ਦੋਸ਼ੀ ਫੜਨ ਤੋਂ ਪਹਿਲਾਂ ਉਸ ਦੇ ਅਪਰਾਧ ਦੇ ਸਬੂਤ ਇਕੱਠੇ ਕੀਤੇ ਜਾਂਦੇ ਹਨ ਤਾਂ ਕਿ ਅਦਾਲਤ ਵਿਚ ਉਹ ਛੁੱਟ ਨਾ ਜਾਏ। ਪੁਲੀਸ ਅਪਰਾਧੀ ਦੀ ਨੀਅਤ ਦੀਆਂ ਤਹਿਆਂ ਫਰੋਲਦੀ ਹੈ। ਹਾਲਾਤ ਕਾਰਨ ਤਾਂ ਕੁਝ ਲਿਹਾਜ ਦੀ ਗੁੰਜਾਇਸ਼ ਮੰਨ ਸਕਦੇ ਹਾਂ, ਪਰ ਸਿਫਾਰਸ਼ੀ ਲਿਹਾਜ ਦਾ ਧੂੰਆਂ ਕਦੇ ਬਾਹਰ ਨਹੀਂ ਆਉਂਦਾ। ਅਪਰਾਧਕ ਮਾਮਲਿਆਂ ਦੀ ਅਦਾਲਤੀ ਸਫਲਤਾ 95 ਫੀਸਦ ਦੇ ਆਸ ਪਾਸ ਰਹਿੰਦੀ ਹੈ। ਪੁੱਛਗਿੱਛ ਵਿਚੋਂ ਸੱਚ ਉਗਲਵਾਉਣ ਦੇ ਮਨੋਵਿਗਿਆਨਕ ਢੰਗ ਆਪਣਾਏ ਜਾਂਦੇ ਹਨ। ਸ਼ੱਕ ਦੇ ਆਧਾਰ ’ਤੇ ਫੜਿਆ ਜਾਣ ਵਾਲਾ ਹਜ਼ਾਰਾਂ ਵਿਚੋਂ ਇਕ ਹੁੰਦਾ, ਜਿਸ ਨੂੰ ਉਸ ਦੀ ਮਾਨਸਿਕ ਪੀੜ, ਮਾਣਹਾਨੀ ਅਤੇ ਆਰਥਿਕਤਾ ਦੇ ਨੁਕਸਾਨ ਅਨੁਸਾਰ ਮੁਆਵਜ਼ਾ ਮਿਲਦਾ ਹੈ। ਮੁਆਵਜ਼ਾ ਕੇਸਾਂ ਵਿਚ ਵਕੀਲ ਅਗਾਊਂ ਫੀਸ ਨਹੀਂ ਲੈਂਦੇ ਤੇ ਮਿਲਣ ਵਾਲੇ ਮੁਆਵਜ਼ੇ ਵਿਚੋਂ ਪਹਿਲਾਂ ਤੈਅਸ਼ੁਦਾ ਹਿੱਸਾ ਲੈਂਦੇ ਹਨ ਜੋ ਕਿ 10 ਤੋਂ 30 ਫੀਸਦੀ ਤਕ ਹੁੰਦਾ ਹੈ। ਕਾਨੂੰਨ ਇਸ ਦੀ ਆਗਿਆ ਦਿੰਦਾ ਹੈ। ਮਨੁੱਖੀ ਹੱਕਾਂ ਦੀ ਅਲੰਬਰਦਾਰੀ ਲਈ ਆਲਮੀ ਪੱਧਰ ’ਤੇ ਕੈਨੇਡਾ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ। ਇਹ ਨਹੀਂ ਕਿ ਇੱਥੇ ਕਿਸੇ ਨਾਲ ਧੱਕਾ ਨਹੀਂ ਹੁੰਦਾ, ਪਰ ਦੇਰ ਅਵੇਰ ਧਾਕੜ ਨੂੰ ਪਛਤਾਉਣਾ ਪੈਂਦਾ। ਕੈਨੇਡਾ ਵਿਚ ਉੱਤਮ ਦਰਜੇ ਦੀਆਂ ਸਿਹਤ ਸੇਵਾਵਾਂ ਮੁਫ਼ਤ ਵਰਗੀਆਂ ਹਨ। ਡਾਕਟਰ ਕੋਲ ਫੇਰਾ (ਵਿਜਟਿੰਗ) ਫੀਸ, ਲੈਬਾਰਟਰੀ ਜਾਂਚ, ਐਂਬੂਲੈਂਸ, ਅਪਰੇਸ਼ਨ ਆਦਿ ਸਮੇਤ ਹਸਪਤਾਲ ਦੀਆਂ ਸੇਵਾਵਾਂ ਮੁਫ਼ਤ ਹਨ। ਕੁਝ ਰਾਜਾਂ ਵਿਚ ਤਾਂ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਵੀ ਮੁਫ਼ਤ ਹਨ। ਹੰਗਾਮੀ ਸਥਿਤੀ ਵਿਚ ਫੋਨ ਕਰਨ ’ਤੇ ਨੇੜਲੇ ਸਥਾਨ ਤੋਂ ਐਂਬੂਲੈਂਸ 5-10 ਮਿੰਟ ਵਿਚ ਮਰੀਜ਼ ਕੋਲ ਪਹੁੰਚ ਜਾਂਦੀ ਹੈ। ਐਂਬੂਲੈਂਸਾਂ ਵਿਚ ਡਾਕਟਰ, ਨਰਸ ਅਤੇ ਮੁੱਢਲੇ ਇਲਾਜ ਦੇ ਪ੍ਰਬੰਧ ਹੁੰਦੇ ਹਨ ਤਾਂ ਕਿ ਹਸਪਤਾਲ ਤਕ ਦੇ ਰਸਤੇ ਵਿਚ ਮਰੀਜ਼ ਨੂੰ ਸੰਭਾਲਿਆ ਜਾ ਸਕੇ। ਦੂਰ ਦੁਰਾਡੇ ਦੇ ਖੇਤਰਾਂ ਵਿਚਲੇ ਮਰੀਜ਼ਾਂ ਜਾਂ ਸੜਕ ਹਾਦਸਿਆਂ ਦੇ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਹਵਾਈ ਐਂਬੂਲੈਂਸ ਵਰਤਣ ਵਿਚ ਕੋਈ ਸੰਕੋਚ ਨਹੀਂ ਕੀਤਾ ਜਾਂਦਾ। ਮਨੁੱਖੀ ਜਾਨ ਬਚਾਉਣ ਖਾਤਰ ਕੀਤੇ ਯਤਨਾਂ ਦੌਰਾਨ ਨਿਯਮ ਅਕਸਰ ਅਣਗੌਲੇ ਹੋ ਜਾਂਦੇ ਹਨ। ਭੀੜ ਦੀ ਹਾਲਤ ਵਿਚ ਗੰਭੀਰ ਮਰੀਜ਼ਾਂ ਦੇ ਇਲਾਜ ਨੂੰ ਪਹਿਲ ਦਿੱਤੀ ਜਾਂਦੀ ਹੈ।ਹਰੇਕ ਨੂੰ ਪੜ੍ਹਨ ਦੇ ਹੱਕ ਤਹਿਤ ਬਾਰ੍ਹਵੀਂ ਜਮਾਤ ਤਕ ਕਿਸੇ ਤੋਂ ਫੀਸ ਜਾਂ ਹੋਰ ਖ਼ਰਚੇ ਨਹੀਂ ਲਏ ਜਾਂਦੇ। ਆਮ ਕਰਕੇ ਕੈਨੇਡਾ ਵਿਚ ਦੋ ਪੜਾਵੀ ਸਕੂਲ ਹਨ। ਪਹਿਲੀ ਤੋਂ ਛੇਵੀਂ ਤਕ ਐਲੀਮੈਂਟਰੀ ਤੇ 7ਵੀਂ ਤੋਂ 12ਵੀਂ ਤਕ ਸੈਕੰਡਰੀ ਸਕੂਲ। ਐਲੀਮੈਂਟਰੀ ਜਮਾਤਾਂ ਵਿਚ ਬੱਚਿਆਂ ਨੂੰ ਸਮਾਜਿਕ, ਵਿਵਹਾਰਕ ਅਤੇ ਅਨੁਸ਼ਾਸਨ ਪਾਲਣ ਵਿਚ ਪਰਿਪੱਕ ਕਰਨ ਲਈ ਪੜ੍ਹਾਈ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸੈਕੰਡਰੀ ਜਮਾਤਾਂ ਵਿਚ ਬੱਚਿਆਂ ਦੀ ਰੁਚੀ ਅਤੇ ਰੁਝਾਨ ਨੂੰ ਵੇਖਦੇ ਹੋਏ ਉਸੇ ਅਨੁਸਾਰ ਵਿਸ਼ਿਆਂ ਦੀ ਚੋਣ ਕਰਵਾਕੇ ਪੜ੍ਹਾਏ ਜਾਂਦੇ ਹਨ। ਕਾਲਜਾਂ ਵਿਚ ਜਮਾਤਾਂ ਦੀ ਗਿਣਤੀ ਦੀ ਥਾਂ ਕਿੱਤਾ ਮੁੱਖੀ ਡਿਪਲੋਮਾ ਜਾਂ ਡਿਗਰੀਆਂ ਦੀ ਵਿਵਸਥਾ ਹੈ। ਖੋਜ ਕਾਰਜਾਂ ’ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਬਹੁਤੇ ਕਾਲਜ ਤੇ ਯੂਨੀਵਰਸਿਟੀਆਂ ਸਰਕਾਰੀ ਮਦਦ ਨਾਲ ਨਿੱਜੀ ਅਦਾਰੇ ਚਲਾ ਰਹੇ ਹਨ। ਮਾਪਿਆਂ ਨੂੰ ਉੱਥੇ ਫੀਸ ਭਰਨੀ ਪੈਂਦੀ ਹੈ। ਵਿਦਿਅਕ ਕਰਜ਼ੇ ਲੈਣ ਮੌਕੇ ਸਰਕਾਰ ਗਾਰੰਟੀ ਲੈ ਕੇ ਮਦਦ ਕਰਦੀ ਹੈ ਤੇ ਬੈਂਕ ਇਸ ਵਾਸਤੇ ਪ੍ਰਤੀਬੱਧ ਹਨ। ਕਿਊਬਕ ਸੂਬੇ ਤੋਂ ਇਲਾਵਾ ਸਾਰੇ ਕੈਨੇਡਾ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ। ਕਿਊਬਕ ਵਿਚ ਫਰੈਂਚ ਪਹਿਲੇ ਨੰਬਰ ’ਤੇ ਹੈ। ਹੋਰ ਮਾਂ ਬੋਲੀ ਵਾਲੇ ਬੱਚਿਆਂ ਦੀ ਜਮਾਤ ਵਿਚ ਚੌਥਾਈ ਗਿਣਤੀ ਹੋਵੇ ਤਾਂ ਤੀਜੀ ਜਮਾਤ ਤੋਂ ਉਸ ਭਾਸ਼ਾ ਦੀ ਪੜ੍ਹਾਈ ਕਰਾਉਣ ਦੀ ਵਿਵਸਥਾ ਹੈ। ਪੰਜਾਬੀਆਂ ਦੀ ਗਿਣਤੀ ਵਾਲੇ ਕਈ ਸ਼ਹਿਰਾਂ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾਂਦੀ ਹੈ। ਕੁਝ ਨਿੱਜੀ ਸਕੂਲ ਹਨ, ਜਿੱਥੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੇ ਨਾਲ ਨਾਲ ਮਾਂ ਬੋਲੀ ਦਾ ਬੋਧ ਸ਼ੁਰੂ ਹੋ ਜਾਂਦਾ ਹੈ। ਪਰ ਉੱਥੇ ਫੀਸ ਦੇਣੀ ਪੈਂਦੀ ਹੈ।ਬੱਚਿਆਂ ਦੀ ਸੰਭਾਲ ਜੱਚਾ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਹਰ ਜਣੇਪੇ ਮੌਕੇ ਮਾਂ ਨੂੰ 6 ਅਤੇ ਪਿਤਾ ਨੂੰ ਚਾਰ ਮਹੀਨੇ ਤਨਖਾਹ ਸਮੇਤ ਛੁੱਟੀ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਬੱਚੇ ਦੀ ਚੰਗੀ ਸੰਭਾਲ ਹੋ ਸਕੇ। ਆਮਦਨ ਅਨੁਸਾਰ ਨਿਰਧਾਰਨ ਕਰਕੇ ਮਾਪਿਆਂ ਨੂੰ ਹਰੇਕ ਬੱਚੇ ਦੇ ਬਾਲਗ (18 ਸਾਲ) ਹੋਣ ਤਕ ਹਰੇਕ ਮਹੀਨੇ ਬੱਝਵੇਂ ਭੱਤੇ ਮਿਲਦੇ ਹਨ। ਇੱਥੇ ਪੈਦਾ ਹੋਇਆ ਹਰੇਕ ਬੱਚਾ ਆਪਣੀ ਸੰਭਾਲ ਪ੍ਰਤੀ ਮਾਪਿਆਂ ਦੇ ਨਾਲ ਨਾਲ ਸਰਕਾਰ ਨੂੰ ਵੀ ਜ਼ਿੰਮੇਵਾਰ ਬਣਾਉਂਦਾ ਹੈ। ਤਿੰਨ ਕੁ ਸਾਲ ਪਹਿਲਾਂ ਕਿਸੇ ਗੈਰ ਸਰਕਾਰੀ ਸੰਗਠਨ ਵੱਲੋਂ ਕੀਤੇ ਸਰਵੇਖਣ ਅਨੁਸਾਰ ਇੱਥੇ ਤਿੰਨ ਚੌਥਾਈ ਬੱਚੇ ਬਾਲਗ ਹੋਣ ਤਕ ਸਰਕਾਰ ਤੋਂ ਆਪਣੇ ਉੱਤੇ ਡੇਢ ਲੱਖ ਡਾਲਰ ਤੋਂ ਵੱਧ ਖ਼ਰਚਾ ਕਰਵਾ ਲੈਂਦੇ ਹਨ। ਕੁਝ ਸਮੀਖਿਅਕ ਇਸੇ ਕਾਰਨ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਅਤੇ ਪੱਕੇ ਹੋਣ ਦੇ ਮੌਕਿਆਂ ਨੂੰ ਦੂਰ ਅੰਦੇਸ਼ੀ ਮੰਨਦੇ ਹਨ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਭਾਰ ਬਣਨ ਦੀ ਥਾਂ ਵਿਦੇਸ਼ਾਂ ਵਿਚ ਪਲੇ ਪਲਾਏ ਨੌਜੁਆਨ ਤੇ ਮੁਟਿਆਰਾਂ ਕੈਨੇਡੀਅਨ ਆਰਥਿਕਤਾ ਦੇ ਵਾਧੇ ਵਿਚ ਭਾਗੀਦਾਰ ਬਣਦੇ ਹਨ। ਵਿਦਿਅਕ ਵੀਜਿਆਂ ’ਤੇ ਆਏ ਨੌਜੁਆਨ ਵੱਡੀ ਰਕਮ ਵੀ ਨਾਲ ਲੈ ਕੇ ਆਉਂਦੇ ਹਨ। ਪਿੱਛੇ ਜਿਹੇ ਆਵਾਸ ਮੰਤਰੀ ਨੇ ਜਨਤਕ ਤੌਰ ’ਤੇ ਮੰਨਿਆ ਸੀ ਕਿ ਵਿਦੇਸ਼ੀ ਵਿਦਿਆਰਥੀ ਕੈਨੇਡੀਅਨ ਆਰਥਿਕਤਾ ਵਿਚ ਥੰਮ੍ਹ ਹਨ।ਕੈਨੇਡਾ ਵਿਚ ਸਿਟੀ ਕੌਂਸਲਾਂ ਤੋਂ ਪਾਰਲੀਮੈਂਟ ਤਕ ਸਭ ਦੀ ਮਿਆਦ ਚਾਰ ਸਾਲ ਹੁੰਦੀ ਹੈ। ਦੇਸ਼ ਵਿਚ 10 ਸੂਬੇ ਤੇ 3 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ। ਕੇਂਦਰ ਸਰਕਾਰ ਦਾ ਸੂਬਾ ਸਰਕਾਰ ਦੇ ਮਾਮਲਿਆਂ ਵਿਚ ਅਤੇ ਸੂਬਾ ਸਰਕਾਰ ਦੀ ਸਿਟੀ ਕੌਂਸਲ ਮਾਮਲਿਆਂ ਵਿਚ ਬਹੁਤੀ ਦਖਲਅੰਦਾਜ਼ੀ ਨਹੀਂ ਹੁੰਦੀ। ਸਿਟੀ ਕੌਂਸਲਾਂ ਕੋਲ ਭਾਰਤੀ ਸੂਬੇ ਵਰਗੇ ਹੱਕ ਹੁੰਦੇ ਹਨ। ਹਰੇਕ ਸ਼ਹਿਰ ਕੋਲ ਆਪਣੀ ਪੁਲੀਸ ਹੁੰਦੀ ਹੈ। ਚੁਣਿਆ ਗਿਆ ਕੌਂਸਲ, ਵਿਧਾਇਕ ਜਾਂ ਸਾਂਸਦ ਹਲਕੇ ਦੇ ਲੋਕਾਂ ਨੂੰ ਜਵਾਬਦੇਹ ਹੁੰਦਾ ਹੈ। ਫਿਰਕੂ ਵਿਤਕਰਾ, ਨਫ਼ਰਤ ਫੈਲਾਊ ਬਿਆਨ, ਵਿਰੋਧੀ ਬਾਰੇ ਗ਼ਲਤ ਗੱਲ ਕਾਰਨ ਉਮੀਦਵਾਰ ਚੋਣ ਵਿਚੋਂ ਬਾਹਰ ਹੋ ਜਾਂਦੇ ਹਨ। ਪਿਛਲੇ ਸਾਲਾਂ ਵਿਚ ਸੋਸ਼ਲ ਮੀਡੀਆ ’ਤੇ ਇਸ ਦੀਆਂ ਪੋਸਟਾਂ ਕਾਰਨ ਤਿੰਨ ਵਿਧਾਇਕਾਂ ਤੇ ਦੋ ਸਾਂਸਦਾਂ ਨੂੰ ਅਸਤੀਫੇ ਦੇਣੇ ਪਏ। ਕੇਂਦਰੀ ਤੇ ਸੂਬਾਈ ਰਾਜਨੀਤਕ ਪਾਰਟੀਆਂ ਵੱਖ ਵੱਖ ਹਨ। ਇਕ ਦੂਜੇ ਨਾਲ ਸਿੰਗ ਫਸਾਉਣ ਦੀ ਨੌਬਤ ਨਹੀਂ ਆਉਂਦੀ। ਪਾਸੇ ਹੋਏ ਵੱਡੇ ਵੱਡੇ ਆਗੂ ਸਿਆਸਤ ਤੋਂ ਸੰਨਿਆਸ ਲੈਣ ਤੋਂ ਨਹੀਂ ਝਿਜਕਦੇ। ਹਾਂ, ਦਿਨੋਂ ਦਿਨ ਲੁਕਵੇਂ ਢੰਗ ਨਾਲ ਨਿਘਾਰ ਆਪਣੇ ਪੈਰ ਪਸਾਰ ਰਿਹਾ ਹੈ। ਇਹ ਜ਼ਰੂਰ ਹੈ ਕਿ ਮਾੜਾ ਠੱਪਾ ਸਿਆਸਤਦਾਨਾਂ ਨੂੰ ਬਹੁਤ ਮਹਿੰਗਾ ਪੈਂਦਾ ਹੈ ਤੇ ਬਹੁਤੀ ਵਾਰ ਮੈਦਾਨ ਵੀ ਛੱਡਣਾ ਪੈਂਦਾ ਹੈ ਤੇ ਬਾਅਦ ਵਿਚ ਲੋਕ ਵੀ ਮੂੰਹ ਨਹੀਂ ਲਾਉਂਦੇ। ਕੈਨੇਡਾ ਦੀ ਫੁਲਵਾੜੀ ਵਿਚ ਦੁਨੀਆ ਦੇ ਤਿੰਨ ਚੌਥਾਈ ਦੇਸ਼ਾਂ ਦੇ ਫੁੱਲ ਲੱਗੇ ਹੋਏ, ਯਾਨੀ ਲੋਕ ਵਸੇ ਹੋਏ ਹਨ। ਨਸਲੀ ਭੇਦਭਾਵ ਤੋਂ ਮੁਨਕਰ ਤਾਂ ਨਹੀਂ ਹੋਇਆ ਜਾ ਸਕਦਾ, ਪਰ ਸਰਕਾਰਾਂ ਉਨ੍ਹਾਂ ਨਾਂਮਾਤਰ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੀਆਂ ਹਨ ਤੇ ਅੱਗੇ ਤੋਂ ਉਂਜ ਨਾ ਹੋਵੇ, ਦੇ ਹੱਲ ਲੱਭੇ ਜਾਂਦੇ ਹਨ। ਬਜ਼ੁਰਗਾਂ ਲਈ ਬਹੁਤੇ ਥਾਈਂ ਵਿਸ਼ੇਸ਼ ਸਹੂਲਤਾਂ ਹਨ। ਸੇਵਾਮੁਕਤੀ ਉਮਰ 65 ਸਾਲ ਹੈ। ਉਸ ਤੋਂ ਬਾਅਦ ਦਰਮਿਆਨੇ ਰਹਿਣ ਸਹਿਣ ਦਾ ਖ਼ਰਚਾ ਪੂਰਾ ਕਰਦੀ ਬੁਢਾਪਾ ਪੈਨਸ਼ਨ ਲੱਗ ਜਾਂਦੀ ਹੈ। ਆਵਾਸੀਆਂ ਨੂੰ ਪੈਨਸ਼ਨਯੋਗ ਬਣਨ ਲਈ ਕੈਨੇਡਾ ਦੇ ਸਥਾਈ ਬਾਸ਼ਿੰਦੇ ਵਜੋਂ 10 ਸਾਲ ਪੂਰੇ ਕਰਨੇ ਜ਼ਰੂਰੀ ਹਨ।ਨਿਰਸੰਦੇਹ ਕੈਨੇਡਾ ਦੇ ਹਰ ਖੇਤਰ ਵਿਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਜੋਖ਼ਮ ਭਰੇ ਤੇ ਭਾਰੇ ਕੰਮਾਂ ਵਿਚ ਪੰਜਾਬੀਆਂ ਦੀ ਮਜ਼ਬੂਤ ਪਕੜ ਹੈ। ਅੱਗੇ ਵਧਣ ਦੀ ਇਸੇ ਆਦਤ ਕਾਰਨ ਸਿਆਸਤ ਅਤੇ ਵਪਾਰਾਂ ਵਿਚ ਪਏ ਪੰਜਾਬੀ ਸਿਸਟਮ ਨਾਲ ਛੇੜਖਾਨੀ ਜਾਂ ਭੰਨਤੋੜ ਕਰਨ ਵਾਲੇ ਰਾਹ ਪੈ ਜਾਂਦੇ ਹਨ। ਦੋ ਕੁ ਦਹਾਕਿਆਂ ਤੋਂ ਅਪਰਾਧਕ ਤੇ ਡਰੱਗ ਤਸਕਰੀ ਗਰੋਹਾਂ ਵਿਚ ਅੱਧੀ ਗਿਣਤੀ ਪੰਜਾਬੀ ਨੌਜੁਆਨਾਂ ਦੀ ਆਮ ਗੱਲ ਹੈ। ਚੋਣਾਂ ਦੌਰਾਨ ਪੰਜਾਬੀ ਉਮੀਦਵਾਰਾਂ ਵਾਲੇ ਹਲਕੇ ਦਾ ਚੋਣ ਦ੍ਰਿਸ਼ ਹੋਰਾਂ ਤੋਂ ਕਾਫ਼ੀ ਵੱਖਰਾ ਹੁੰਦਾ ਹੈ। ਇੰਮੀਗਰੇਸ਼ਨ ਸਿਸਟਮ ਨਾਲ ਖਿਲਵਾੜ ਦੇ ਮਾਮਲਿਆਂ ਵਿਚ ਪੰਜਾਬੀ ਮੂਹਰੇ ਹਨ। ਵਿਦਿਅਕ ਵੀਜੇ ’ਤੇ ਆਏ ਪੰਜਾਬੀ ਮੁੰਡੇ ਕੁੜੀਆਂ ਵਿਚੋਂ ਕੁਝ ਇੱਥੇ ਆ ਕੇ ਆਪਣੇ ਆਪ ਨੂੰ ਸਿਸਟਮ ਅਨੁਸਾਰ ਨਹੀਂ ਢਾਲਦੇ ਜਿਸ ਕਾਰਨ ਉਨ੍ਹਾਂ ਦੀਆਂ ਗੈਰਸਮਾਜੀ ਹਰਕਤਾਂ ਅਕਸਰ ਸੁਰਖੀਆਂ ਵਿਚ ਰਹਿੰਦੀਆਂ ਹਨ। ਇਨ੍ਹਾਂ ਸ਼ਰਾਰਤੀਆਂ ਵਿਚ ਬਹੁਤੇ ਉਹ ਹਨ, ਜਿਨ੍ਹਾਂ ਨੂੰ ਪੰਜਾਬ ਵਿਚ ਵੱਡੀਆਂ ਕੁਰਸੀਆਂ ’ਤੇ ਬੈਠੇ ਭ੍ਰਿਸ਼ਟ ਮਾਪਿਆਂ ਵੱਲੋਂ ਗਲੋਂ ਲਾਹੁਣ ਅਤੇ ਉਨ੍ਹਾਂ ਦੇ ਪੈਸੇ ’ਤੇ ਐਸ਼ ਕਰਨ ਲਈ ਭੇਜਿਆ ਹੁੰਦਾ। ਕਿਸੇ ਦੇ ਭਵਿੱਖ ਦੀ ਗੱਲ ਕਰਨੀ ਬਹੁਤ ਔਖਾ ਕਾਰਜ ਹੁੰਦਾ ਹੈ, ਪਰ ਕੈਨੇਡਾ ਦੀ ਧਰਤੀ ਹੇਠਲੇ ਤੇ ਉੱਪਰਲੇ ਕੁਦਰਤੀ ਖਜ਼ਾਨਿਆਂ ’ਤੇ ਝਾਤ ਮਾਰਿਆਂ ਇੱਥੋਂ ਦੀ ਆਰਥਿਕਤਾ ਮੂੰਹ ਭਾਰ ਡਿੱਗਣ ਬਾਰੇ ਸੋਚਣਾ ਗ਼ਲਤ ਫਹਿਮੀ ਲੱਗਦੀ ਹੈ। ਇਸ ਦੀ ਧਰਾਤਲ ਵਿਚ ਕੱਚੇ ਤੇਲ, ਕੁਦਰਤੀ ਗੈਸ, ਤਾਂਬਾ, ਸੋਨਾ ਆਦਿ ਦੇ ਵੱਡੇ ਭੰਡਾਰ ਹਨ। ਕੈਨੇਡਾ ਵਿਚ ਸਾਢੇ ਤਿੰਨ ਕਰੋੜ ਹੈਕਟੇਅਰ ਵਿਚ ਫੈਲੇ ਜੰਗਲ ਹਨ, ਜੋ ਆਲਮੀ ਜੰਗਲਾਤ ਖੇਤਰ ਦਾ 10 ਫੀਸਦੀ ਹੈ। ਉਪਰੋਕਤ ਕਾਰਨਾਂ ਦੇ ਮੱਦੇਨਜ਼ਰ ਪੰਜਾਬੀਆਂ ਨੂੰ ਕੈਨੇਡਾ ਦਾ ਜੀਵਨ ਸੌਖਾਲਾ ਅਤੇ ਸੁਵਿਧਾਵਾਂ ਭਰਪੂਰ ਲੱਗਦਾ ਹੈ। ਸਿੱਟੇ ਵਜੋਂ ਉਹ ਇੱਥੇ ਆ ਕੇ ਵੱਸਣ ਲਈ ਹਰ ਤਰ੍ਹਾਂ ਦਾ ਸਹੀ ਤੇ ਗ਼ਲਤ ਢੰਗ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੇ।
ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਕਿਉਂ?

Comment here