ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਕੈਨੇਡਾ ਪੁੱਜੇ ਜਲੰਧਰ ਦੇ ਮੁੰਡੇ ਦੀ ਅਚਨਚੇਤ ਮੌਤ

ਟੋਰਾਂਟੋ-ਇੱਥੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ ਜੰਮਪਲ ਗਗਨਦੀਪ ਸਿੰਘ ਉਰਫ ਗੱਗੂ ਜੋ ਬੀਤੇ ਦਿਨੀਂ 6 ਸਤੰਬਰ ਨੂੰ ਕੈਨੇਡਾ ਦੇ ਟੋਰਾਂਟੋ ਹਵਾਈ ਅੱਡੇ ‘ਤੇ ਇਸ ਉਮੀਦ ਨਾਲ ਉਤਰਿਆ ਸੀ ਕਿ ਉਹ ਆਪਣੇ ਮਾਪਿਆਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ 10 ਸਤੰਬਰ ਨੂੰ ਕੈਨੇਡਾ ਦੇ ਓਂਟਾਰੀੳ ਦੇ ਸ਼ਹਿਰ ਬੈਰੀ ਵਿੱਚ ਚੰਗਾ ਭਲਾ ਗੱਲਾਂ ਕਰਦਾ-ਕਰਦਾ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਗਗਨਦੀਪ ਸਿੰਘ ਗੁੱਗੂ ਵਿਆਹਿਆ ਹੋਇਆ ਸੀ।
ਜਲੰਧਰ ਤੋਂ ਪਿੰਡ ਨੌਲੀ ਦੇ ਗੱਗੂ ਦੇ ਤਾਏ ਦੇ ਪੁੱਤਰ ਪਾਲ ਸਿੰਘ ਨੌਲੀ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਉਹਨਾਂ ਦਾ ਚਚੇਰਾ ਭਰਾ ਸੀ। ਉਸ ਦੀ ਮੌਤ ਦੀ ਮਨਹੂਸ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ। ਗੱਗੂ ਮਿਲਣਸਾਰ, ਮਿਲਾਪੜੇ ਸੁਭਾਅ ਦਾ ਅਤੇ ਹਰੇਕ ਇਨਸਾਨ ਦਾ ਅਦਬ ਸਤਿਕਾਰ ਕਰਨ ਵਾਲਾ ਵਿਅਕਤੀ ਸੀ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਜਦੋਂ ਇਹ ਦੁੱਖ ਭਰੀ ਖ਼ਬਰ ਪਿੰਡ ਨੌਲੀ ‘ਚ ਪਹੁੰਚੀ ਤਾਂ ਗੱਗੂ ਦੀ ਮਾਤਾ ਦੇ ਵੈਣ ਆਸਮਾਨ ਦਾ ਸੀਨਾ ਪਾੜ ਰਹੇ ਸਨ। ਪਾਲ ਸਿੰਘ ਨੌਲੀ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਗੱਗੂ ਆਪਣੇ ਬਾਪ ਦੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਣ ਲਈ ਕੈਨੇਡਾ ਆਇਆ ਸੀ ਪਰ ਰੱਬ ਨੂੰ ਸ਼ਾਇਦ ਇਹੋ ਹੀ ਮਨਜ਼ੂਰ ਸੀ। ਉਹ ਮਹਿਜ 5 ਦਿਨਾਂ ਵਿੱਚ ਮਾਪਿਆਂ ਅਤੇ ਸਾਡੇ ਪੂਰੇ ਪਰਿਵਾਰ ਨੂੰ ਉਮਰਾਂ ਦੇ ਰੋਣੇ ਪਾ ਗਿਆ ਹੈ।
ਪਰਿਵਾਰ ਵਲੋਂ ਗਗਨਦੀਪ ਸਿੰਘ ਗੱਗੂ ਦੀ ਮ੍ਰਿਤਕ ਦੇਹ ਨੂੰ ਪੰਜਾਬ ਉਸ ਦੀ ਜਨਮ ਭੂਮੀ ਪਿੰਡ ਨੌਲੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਉਸ ਦੀ ਮ੍ਰਿਤਕ ਦੇਹ ਪੰਜਾਬ ਪਹੁੰਚਾਉਣ ਲਈ ਮਦਦ ਲਈ ‘ਗੋ ਫੰਡ ਮੀ’ ਨਾਂ ਦਾ ਪੇਜ ਵੀ ਸਥਾਪਤ ਕੀਤਾ ਗਿਆ ਹੈ। ਪ੍ਰਵਾਸੀ ਭਾਰਤੀਆਂ ਨੂੰ ਉਸ ਦੀ ਦੇਹ ਨੂੰ ਪੰਜਾਬ ਪਹੁੰਚਾਉਣ ਲਈ ਮਦਦ ਕਰਨ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ (ਸੰਸਕਾਰ) ਪਰਿਵਾਰ ਵੱਲੋਂ ਉਸ ਦੀ ਜਨਮ ਭੂਮੀ ਪਿੰਡ ਨੌਲੀ ਵਿਖੇ ਪੂਰੀਆਂ ਕੀਤੀਆਂ ਜਾਣ ਅਤੇ ਪਰਿਵਾਰ ਆਖ਼ਰੀ ਵਾਰ ਉਸ ਦਾ ਮੂੰਹ ਦੇਖ ਸਕੇ। ਗੱਗੂ ਪਿੰਡ ‘ਚ ਬਹੁਤ ਹੀ ਹਰਮਨ ਪਿਆਰਾ ਸੀ।

Comment here