ਟੋਰਾਂਟੋ-ਭਾਰਤੀ ਮੂਲ ਦੀ ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ‘ਤੇ ਆਪਣੇ ਜੀਵਨ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ ਅਤੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਲੋਕਾਂ ਦੇ ਯੋਗਦਾਨ ਅਤੇ ਸਫ਼ਲਤਾ ਬਾਰੇ ਚਾਨਣਾ ਪਾਇਆ। ਲਿਬਰਲ ਪਾਰਟੀ ਦੇ ਆਗੂ ਨੇ ਇੱਕ ਵੀਡੀਓ ਰਾਹੀਂ ਦੱਸਿਆ ਕਿ ਕਿਵੇਂ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਉਸ ਦੇ ਮਾਤਾ-ਪਿਤਾ ਕੈਨੇਡਾ ਪਹੁੰਚੇ ਅਤੇ ਉੱਥੇ ਜਾ ਕੇ ਵੱਸ ਗਏ। ਓਕਵਿਲ ਤੋਂ ਸੰਸਦ ਮੈਂਬਰ, 55 ਸਾਲਾ ਆਨੰਦ ਨੇ ਕਿਹਾ: “ਬਹੁਤ ਸਾਰੇ ਕੈਨੇਡੀਅਨਾਂ ਵਾਂਗ, ਮੇਰੇ ਮਾਤਾ-ਪਿਤਾ ਕੈਨੇਡਾ ਵਿੱਚ ਨਵੇਂ ਸਨ। ਉਹ 1960 ਦੇ ਦਹਾਕੇ ਵਿੱਚ ਕੈਨੇਡਾ ਆਏ ਸਨ।” ਉਸ ਦੇ ਮਾਤਾ-ਪਿਤਾ ਦੋਵੇਂ ਡਾਕਟਰ ਸਨ। ਆਨੰਦ ਦੇ ਪਿਤਾ ਤਾਮਿਲਨਾਡੂ ਦੇ ਚੇਨਈ ਦੇ ਰਹਿਣ ਵਾਲੇ ਸਨ ਜਦੋਂ ਕਿ ਮਾਂ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਸੀ। ਆਨੰਦ ਪਹਿਲੀ ਵਾਰ 2019 ਵਿੱਚ ਓਕਵਿਲ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਸਰਕਾਰ ਵਿੱਚ ਮੰਤਰੀ, ਵਕੀਲ ਅਤੇ ਖੋਜਕਾਰ ਰਹਿ ਚੁੱਕੀ ਹੈ। ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਪ੍ਰਵਾਸੀ ਭਾਰਤੀ ਦਿਵਸ ‘ਤੇ ਆਪਣਾ ਅਨੁਭਵ ਸਾਂਝਾ ਕਰਨ ਲਈ ਆਨੰਦ ਦਾ ਧੰਨਵਾਦ ਕੀਤਾ।
Comment here