ਅਪਰਾਧਖਬਰਾਂਦੁਨੀਆ

ਕੈਨੇਡਾ ‘ਚ 3 ਮਿਲੀਅਨ ਡਾਲਰ ਦੇ ਚੋਰੀ ਦੇ ਵਾਹਨਾਂ ਸਣੇ 3 ਭਾਰਤੀ ਗ੍ਰਿਫ਼ਤਾਰ

ਟੋਰਾਂਟੋ-ਕੈਨੇਡਾ ‘ਚ ਭਾਰਤੀਆਂ ਨੇ ਗ਼ਲਤ ਕੰਮਾਂ ਨਾਲ ਕਮਾਈ ਕਰਨਾ ਸ਼ੁਰੂ ਕਰ ਦਿੱਤਾ ਹੈ। ਓਨਟਾਰੀਓ ਦੀ ਪੁਲਸ ਨੇ ਜਾਂਚ ਦੌਰਾਨ ਬੀਤੇ ਦਿਨ 3 ਮਿਲੀਅਨ ਡਾਲਰ ਦੇ ਚੋਰੀ ਹੋਏ ਵਾਹਨ ਬਰਾਮਦ ਕਰ ਲਏ ਹਨ। ਇਸ ਤੋਂ ਪਹਿਲਾਂ ਪੁਲਸ ਨੇ ਯੌਰਕ ਓਨਟਾਰੀਓ ਦੇ ਖੇਤਰ ਵਿੱਚ ਚੋਰੀ ਕਰਨ ਵਾਲੇ ਗੈਂਗ ਨੂੰ ਖ਼ਤਮ ਕਰਨ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਹੁਣ ਲਗਭਗ 3 ਮਿਲੀਅਨ ਡਾਲਰ ਦੇ ਕਰੀਬ ਚੋਰੀ ਹੋਏ ਵਾਹਨ ਬਰਾਮਦ ਕੀਤੇ ਹਨ ਅਤੇ ਚੋਰਾਂ ‘ਤੇ 80 ਤੋਂ ਵੱਧ ਦੋਸ਼ ਲਗਾਏ ਗਏ ਹਨ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਰੀ ਇਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਚੋਰੀ ਹੋਏ ਵਾਹਨਾਂ ਦੀ ਜਾਂਚ ਮਈ ਮਹੀਨੇ ਵਿੱਚ ਸ਼ੁਰੂ ਹੋਈ ਸੀ ਅਤੇ ਇਸ ਮਾਮਲੇ ਵਿਚ ਭਾਰਤੀ ਮੂਲ ਦੇ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਖ਼ਿਲਾਫ਼ 8 ਸਰਚ ਵਾਰੰਟ ਕੱਢੇ ਗਏ ਸਨ। ਇਨ੍ਹਾਂ ਭਾਰਤੀਆਂ ਦੀ ਪਛਾਣ ਰਿਚਮੰਡ ਹਿੱਲ ਦੇ ਨਿਵਾਸੀ ਰਣਵੀਰ ਸੈਫੀ (24), ਕੁਲਜੀਤ ਸਿੰਘ ਸਿਵੀਆ (23) ਅਤੇ ਬਰੈਂਪਟਨ ਦੇ ਨਿਵਾਸੀ ਜਸਮਨ ਪੰਨੂ (21) ਸਾਲ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਤਿੰਨਾਂ ਸ਼ੱਕੀਆਂ ‘ਤੇ ਕੁੱਲ 83 ਦੇ ਕਰੀਬ ਦੋਸ਼ ਆਇਦ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਨੇ ਉਹਨਾਂ ਪਾਸੋਂ ਲਗਭਗ 30,000 ਡਾਲਰ ਦੀ ਨਕਦੀ ਦੇ ਨਾਲ-ਨਾਲ ਉਨ੍ਹਾਂ ਵੱਲੋਂ ਇਕ ਗੈਰਾਜ ਵਿਚ ਰੱਖੇ ਪੁਲਸ ਸਕੈਨਰ ਯੰਤਰ ਅਤੇ 100 ਤੋਂ ਵੱਧ ਦੇ ਕਰੀਬ ਮਾਸਟਰ ਚਾਬੀਆਂ ਵੀ ਜ਼ਬਤ ਕੀਤੀਆਂ ਹਨ।

Comment here