ਚੰਡੀਗੜ੍ਹ-ਚੰਗੇ ਭਵਿੱਖ ਲਈ ਬਹੁਤ ਸਾਰੇ ਭਾਰਤੀ ਅਤੇ ਜ਼ਿਆਦਾਤਰ ਪੰਜਾਬੀ ਵਿਦਿਆਰਥੀ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿੱਚ ਪੜ੍ਹਾਈ ਲਈ ਜਾਂਦੇ ਹਨ। ਪਿਛਲੇ ਦਿਨੀ ਕੈਨੇਡਾ ਸਰਕਾਰ ਨੇ ਇੱਕ ਜਾਂਚ ਮੁਹਿੰਮ ਛੇੜੀ ਜਿਸ ਵਿੱਚ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਦੇ ਦਸਤਾਵੇਜ਼ ਫਰਜ਼ੀ ਪਾਏ ਗਏ ਹਨ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਸਖ਼ਤ ਐਕਸ਼ਨ ਲੈਂਦਿਆਂ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਟ ਕਰ ਦਿੱਤਾ। ਦੱਸ ਦਈਏ ਇਸ ਫੈਸਲੇ ਦਾ ਜਿੱਥੇ ਭਾਰਤ ਵਿੱਚ ਜੰਗੀ ਪੱਧਰ ਉੱਤੇ ਵਿਰੋਧ ਹੋ ਰਿਹਾ ਹੈ, ਉੱਥੇ ਹੀ ਕੈਨੇਡਾ ਰਹਿੰਦੇ ਭਾਰਤੀ ਵੀ ਪੀੜਤ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਏ ਹਨ। ਕੈਨੇਡਾ ਦੇ ਸ਼ਹਿਰ ਮਿਸੀਗਾਗਾ ਵਿੱਚ ਵਿਦਿਆਰਥੀਆਂ ਦੀ ਹਿਮਾਇਤ ਲਈ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੈਨੇਡਾ ਸਰਕਾਰ ਨੂੰ ਆਪਣਾ ਫੈਸਲਾ ਵਾਪਿਸ ਲੈਣ ਲਈ ਕਹਿ ਰਹੇ ਹਨ। ਨਾਲ ਹੀ ਧਰਨੇ ਵਾਲੀ ਥਾਂ ਉੱਤੇ ਪੰਜਾਬੀ ਗੀਤ ਚੱਲ ਰਹੇ ਹਨ ਅਤੇ ਲੰਗਰ ਵੀ ਵਰਤਾਏ ਜਾ ਰਹੇ ਹਨ।
ਕੈਨੇਡਾ ਮੀਡੀਆਂ ਵਿੱਚ ਚੱਲ ਰਹੀਆਂ ਖ਼ਬਰਾਂ ਅਤੇ ਟੋਰਾਂਟੋ ਤੋਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਵਿਦਿਆਰਥੀ ਬੀਤੇ ਸੋਮਵਾਰ ਤੋਂ ਸ਼ੁਰੂ ਹੋਇਆ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ, ਜਦੋਂ ਤੱਕ ਦੇਸ਼ ਨਿਕਾਲੇ ਦੀ ਪ੍ਰਕਿਰਿਆ ਬੰਦ ਨਹੀਂ ਕੀਤੀ ਜਾਂਦੀ। ਉਹ ਮਿਸੀਸਾਗਾ ਦੇ ਅਸਥਾਈ ਸਥਾਨ ‘ਤੇ ਇਕੱਠੇ ਹੋਏ ਹਨ। ਰਿਪੋਰਟਾਂ ਮੁਤਬਿਕ ਇਹ ਵਿਦਿਆਰਥੀ 2017 ਅਤੇ 2019 ਦੇ ਵਿਚਕਾਰ ਕੈਨੇਡਾ ਪਹੁੰਚੇ ਸਨ। ਉਹਨਾਂ ਨੂੰ 2021 ਅਤੇ ਪਿਛਲੇ ਸਾਲ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੋਂ ਨੋਟਿਸ ਮਿਲਣੇ ਸ਼ੁਰੂ ਹੋਏ, ਕਿਉਂਕਿ ਏਜੰਸੀ ਨੇ ਸਾਰੇ ਦਸਤਾਵੇਜ਼ਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਦਾ ਸਿੱਟਾ ਕੱਢਿਆ। ਜ਼ਿਆਦਾਤਰ ਪ੍ਰਭਾਵਿਤ ਵਿਦਿਆਰਥੀਆਂ ਦੀ ਨੁਮਾਇੰਦਗੀ ਜਲੰਧਰ ਸਥਿਤ ਕਾਉਂਸਲਿੰਗ ਫਰਮ ਨੇ ਕੀਤੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਿਨਾਂ ਕਿਸੇ ਕਸੂਰ ਦੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮਾਰਚ ਵਿੱਚ ਜਾਰੀ ਵਿਕਟਮ ਸਟੂਡੈਂਟਸ ਦੇ ਬੈਨਰ ਹੇਠ ਇੱਕ ਪੱਤਰ ਵਿੱਚ, ਉਹਨਾਂ ਨੇ ਕਿਹਾ, ਅਸੀਂ ਨਿਆਂ ਲਈ ਬੇਤਾਬ ਹਾਂ, ਅਸੀਂ ਧੋਖਾਧੜੀ ਦੇ ਸ਼ਿਕਾਰ ਹਾਂ, ਸਾਡਾ ਕੋਈ ਅਪਰਾਧ ਨਹੀਂ ਹੈ ਪਰ ਸਾਨੂੰ ਦੇਸ਼ ਨਿਕਾਲੇ ਦਾ ਹੁਕਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਲੋਕ ਫਰਜ਼ੀ ਏਜੰਟਾਂ ਦਾ ਜੇਕਰ ਸ਼ਿਕਾਰ ਹੁੰਦੇ ਸਨ ਤਾਂ ਉਹ ਕੈਨੇਡਾ ਜਾਂ ਹੋਰ ਦੇਸ਼ਾਂ ਤੱਕ ਪਹੁੰਚੇ ਹੀ ਨਹੀਂ ਸਨ, ਪਰ ਇਹ ਮਾਮਲਾ ਇਸ ਲਈ ਵੱਖ ਜਾਪਦਾ ਹੈ ਕਿਉਂਕਿ ਜਿਹੜੇ ਵਿਦਿਆਰਥੀਆਂ ਨੂੰ ਡਿਪੋਟ ਕੀਤਾ ਜਾ ਰਿਹਾ ਹੈ ਉਨ੍ਹਾਂ ਦੇ ਸਾਰੇ ਦਸਤਾਵੇਜ਼ ਪਹਿਲਾਂ ਚੈੱਕ ਹੋਏ ਹਨ। ਕਾਨੂੰਨੀ ਤੌਰ ਉੱਤੇ ਦਸਤਾਵੇਜ਼ ਜੇਕਰ ਸਹੀ ਸਨ ਤਾਂ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆਉਣ ਦਿੱਤਾ ਗਿਆ, ਪਰ ਹੁਣ ਅਚਾਨਕ ਦਸਤਾਵੇਜ਼ਾਂ ਨੂੰ ਫਰਜ਼ੀ ਦੱਸ ਕੇ ਸੈਂਕੜੇ ਵਿਦਿਆਰਥੀਆਂ ਨੂੰ ਡਿਪੋਟ ਕੀਤਾ ਜਾ ਰਿਹਾ ਹੈ ਜਿਸ ਦਾ ਜੰਗੀ ਪੱਧਰ ਉੱਤੇ ਵਿਰੋਧ ਹੋ ਰਿਹਾ ਹੈ।
Comment here