ਅਪਰਾਧਸਿਆਸਤਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਨੇ ਚਿੰਤਾ ਵਧਾਈ

ਕਦੇ ਭਾਰਤ ਦਾ ਦੋਸਤ ਮੰਨੇ ਜਾਣ ਵਾਲੇ ਕੈਨੇਡਾ ਦਾ ਰਵੱਈਆ ਬੀਤੇ ਕੁਝ ਸਾਲਾਂ ਤੋਂ ਬਿਲਕੁਲ ਹੀ ਦੋਸਤਾਨਾ ਨਹੀਂ ਰਿਹਾ। ਇਥੇ ਖਾਲਿਸਤਾਨੀ ਅਤੇ ਭਾਰਤ ਵਿਰੋਧੀ ਅਨਸਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਰਗਰਮੀਆਂ ਅਤੇ ਹੁਣ ਹਿੰਦੂ ਮੰਦਿਰਾਂ ’ਤੇ ਹਮਲੇ ਨੂੰ ਨਜ਼ਰਅੰਦਾਜ਼ ਕਰਨਾ ਭਾਰਤ ਲਈ ਅਸੰਭਵ ਹੈ।
ਇਹ ਸਮਝਣਾ ਔਖਾ ਹੈ ਕਿ ਆਖਿਰ ਕੈਨੇਡਾ ਸਰਕਾਰ ਕਿਉਂ ਭਾਰਤ ਵਿਰੋਧੀ ਅਨਸਰਾਂ ਨੂੰ ਕਾਇਦੇ ਨਾਲ ਕੱਸਣ ’ਚ ਦੇਰੀ ਕਰ ਰਹੀ ਹੈ? ਹੁਣ ਇਕ ਤਾਜ਼ਾ ਮਾਮਲੇ ’ਚ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ’ਚ ਸ਼੍ਰੀ ਭਗਵਦ ਗੀਤਾ ਪਾਰਕ ’ਚ ਤੋੜ-ਭੰਨ ਕੀਤੀ ਗਈ। ਕੈਨੇਡਾ ਸਰਕਾਰ ਅਜੇ ਇਸ ਦੋਸ਼ ਤੋਂ ਇਨਕਾਰ ਕਰ ਰਹੀ ਹੈ ਪਰ ਜਦੋਂ ਸਬੂਤ ਹਨ ਤਾਂ ਇਨਕਾਰ ਕਦੋਂ ਤਕ?
ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਨੇ ਟਵੀਟ ਕਰ ਕੇ ਕਿਹਾ ਅਸੀਂ ਬ੍ਰੈਂਪਟਨ ’ਚ ਸ਼੍ਰੀ ਭਗਵਦ ਗੀਤਾ ਪਾਰਕ ’ਚ ਨਫਰਤ ਵਾਲੇ ਅਪਰਾਧ ਦੀ ਨਿਖੇਧੀ ਕਰਦੇ ਹਾਂ। ਅਸੀਂ ਕੈਨੇਡਾ ਦੇ ਅਧਿਕਾਰੀਆਂ ਅਤੇ ਪੁਲਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਬੇਨਤੀ ਕਰਦੇ ਹਾਂ।
ਅਸਲ ’ਚ ਕੈਨੇਡਾ ’ਚ ਭਾਰਤੀਆਂ ਖਾਸ ਕਰ ਕੇ ਭਾਰਤ ਤੋਂ ਪੜ੍ਹਨ ਲਈ ਆਏ ਨੌਜਵਾਨਾਂ ’ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਭਾਰਤ ਵਿਦਿਆਰਥੀਆਂ ਦੀ ਫੀਸ ਵਜੋਂ ਕੈਨੇਡਾ ਨੂੰ ਹਰ ਸਾਲ ਅਰਬਾਂ ਡਾਲਰ ਦਿੰਦਾ ਹੈ। ਇਹ ਵੀ ਤਾਂ ਕੈਨੇਡਾ ਦੀ ਸਰਕਾਰ ਨੂੰ ਯਾਦ ਹੀ ਰੱਖਣਾ ਹੋਵੇਗਾ। ਤੁਹਾਨੂੰ ਵੀ ਯਾਦ ਹੋਵੇਗਾ ਕਿ ਇਸ ਸਾਲ ਅਪ੍ਰੈਲ ’ਚ 21 ਸਾਲ ਦੇ ਇਕ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਕੈਨੇਡਾ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਾਰਤਿਕ ਦਾ ਸੰਬੰਧ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਨਾਲ ਸੀ। ਉਹ ਤਿੰਨ ਮਹੀਨੇ ਪਹਿਲਾਂ ਜਨਵਰੀ ’ਚ ਹੀ ਪੜ੍ਹਾਈ ਕਰਨ ਲਈ ਕੈਨੇਡਾ ਰਵਾਨਾ ਹੋਇਆ ਸੀ।
ਭਾਰਤ ਸਰਕਾਰ ਨੇ ਕਾਰਤਿਕ ਦੀ ਹੱਤਿਆ ਅਤੇ ਕੁਝ ਘਟਨਾਵਾਂ ਦਾ ਨੋਟਿਸ ਲੈਂਦੇ ਹੋਏ ਕੈਨੇਡਾ ’ਚ ਆਪਣੇ ਨਾਗਰਿਕਾਂ ਨੂੰ ਨਫਰਤਾਂ, ਅਪਰਾਧ, ਫਿਰਕੂ ਹਿੰਸਾ ਅਤੇ ਭਾਰਤ ਵਿਰੋਧੀ ਸਰਗਰਮੀਆਂ ਦਾ ਹਵਾਲਾ ਦਿੰਦੇ ਹੋਏ ਕੁਝ ਸਮਾਂ ਪਹਿਲਾਂ ਹੀ ਸਲਾਹ ਦਿੱਤੀ ਸੀ ਕਿ ਚੌਕਸੀ ਵਰਤਣ ਅਤੇ ਚੌਕਸ ਰਹਿਣ। ਇਹ ਸਲਾਹ ਤਾਂ ਠੋਸ ਸਬੂਤਾਂ ’ਤੇ ਆਧਾਰਿਤ ਹੈ ਪਰ ਕੈਨੇਡਾ ਸਰਕਾਰ ਨੇ ਬਿਨਾਂ ਕਿਸੇ ਕਾਰਨ ਆਪਣੇ ਨਾਗਰਿਕਾਂ ਨੂੰ ਗੁਜਰਾਤ, ਪੰਜਾਬ ਅਤੇ ਰਾਜਸਥਾਨ ਦੇ ਸਭ ਖੇਤਰਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦੇ ਦਿੱਤੀ। ਇਹ ਤਿੰਨੋਂ ਸੂਬੇ ਪਾਕਿਸਤਾਨ ਨਾਲ ਆਪਣੀ ਜ਼ਮੀਨੀ ਜਾਂ ਪਾਣੀ ਦੀ ਸਰਹੱਦ ਨੂੰ ਸਾਂਝਾ ਕਰਦੇ ਹਨ। ਇਹ ਸ਼ਰਮਨਾਕ ਗੱਲ ਹੈ ਕਿ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਨੂੰ ਡਰਾ ਰਹੀ ਹੈ। ਇਹ ਭਾਰਤ ਦੇ ਜਿਨ੍ਹਾਂ ਸੂਬਿਆਂ ਦੀ ਗੱਲ ਕਰ ਰਹੀ ਹੈ, ਉਥੇ ਤਾਂ ਕੈਨੇਡਾ ਨਾਲੋਂ ਵੀ ਕਿਤੇ ਵਧ ਅਮਨ ਹੈ। ਕਿਤੇ ਵੀ ਕੋਈ ਗੜਬੜ ਨਹੀਂ। ਬੇਸ਼ੱਕ ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਦੀਆਂ ਘਟਨਾਵਾਂ ’ਚ ਲਗਾਤਾਰ ਤੇਜ਼ੀ ਨਾਲ ਵਾਧਾ ਹੋਇਆ ਹੈ।
ਮੰਦੇਭਾਗੀ ਇਨ੍ਹਾਂ ਅਪਰਾਧਾਂ ਦੇ ਅਪਰਾਧੀਆਂ ਨੂੰ ਕੈਨੇਡਾ ’ਚ ਹੁਣ ਨਿਆਂ ਦੇ ਕਟਹਿਰੇ ’ਚ ਖੜ੍ਹਾ ਨਹੀਂ ਕੀਤਾ ਗਿਆ। ਕੌਣ ਨਹੀਂ ਜਾਣਦਾ ਕਿ ਕੈਨੇਡਾ ’ਚ ਖਾਲਿਸਤਾਨੀ ਅਨਸਰ ਲੋੜ ਤੋਂ ਵਧ ਸਰਗਰਮ ਹਨ। ਉਹ ਭਾਰਤ ਨੂੰ ਮੁੜ ਤੋਂ ਖਾਲਿਸਤਾਨ ਅੰਦੋਲਨ ਦੀ ਅੱਗ ’ਚ ਧੱਕਣ ਦਾ ਸੁਪਨਾ ਦੇਖ ਰਹੇ ਹਨ। ਉਹ ਕਦੇ ਵੀ ਸਫਲ ਨਹੀਂ ਹੋ ਸਕਦੇ। ਕੀ ਕੋਈ ਤਨਿਸ਼ਕ ਹਵਾਈ ਹਾਦਸੇ ਨੂੰ ਭੁੱਲ ਸਕਦਾ ਹੈ? 1984 ’ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚੋਂ ਅੱਤਵਾਦੀਆਂ ਨੂੰ ਕੱਢਣ ਲਈ ਫੌਜ ਦੀ ਕਾਰਵਾਈ ਵਿਰੁੱਧ ਵਿਖਾਵੇ ’ਚ ਇਹ ਦਰਦਨਾਕ ਹਮਲਾ ਕੀਤਾ ਗਿਆ ਸੀ।
ਮਾਂਟ੍ਰੀਅਲ ਤੋਂ ਨਵੀਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਹਵਾਈ ਜਹਾਜ਼ ਤਨਿਸ਼ਕ ਨੂੰ 23 ਜੂਨ 1985 ’ਚ ਆਇਰਸ਼ ਹਵਾਈ ਖੇਤਰ ’ਤੋਂ ਉੱਡਦੇ ਸਮੇਂ 9400 ਮੀਟਰ ਦੀ ਉੱਚਾਈ ’ਤੇ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਹ ਹਵਾਈ ਜਹਾਜ਼ ਐਂਟਲਾਂਟਿਕ ਮਹਾਸਾਗਰ ’ਚ ਡਿੱਗ ਗਿਆ ਸੀ। ਇਸ ਅੱਤਵਾਦੀ ਹਮਲੇ ’ਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚੋਂ ਵਧੇਰੇ ਭਾਰਤੀ ਮੂਲ ਦੇ ਕੈਨੇਡਾਈ ਨਾਗਰਿਕ ਸਨ।
ਕੈਨੇਡਾ ’ਚ ਰਹਿਣ ਵਾਲੇ ਖਾਲਿਸਤਾਨੀ ਇਹ ਗੱਲ ਸਮਝ ਲੈਣ ਕਿ ਭਾਰਤ ਦੇ ਕਰੋੜਾਂ ਸਿੱਖ ਆਪਣੇ ਦੇਸ਼ ਲਈ ਆਪਣੀ ਜਾਨ ਦਾ ਨਜ਼ਰਾਨਾ ਦੇਣ ਲਈ ਹਰ ਸਮੇਂ ਤਿਆਰ-ਬਰ-ਤਿਆਰ ਹਨ। ਉਹ ਖਾਲਿਸਤਾਨੀ ਦੇ ਨਾਲ ਨਾ ਤਾਂ ਪਹਿਲਾਂ ਸਨ ਅਤੇ ਨਾ ਹੀ ਹੁਣ ਹਨ। ਸਮੁੱਚਾ ਭਾਰਤ ਸਿੱਖਾਂ ਦਾ ਆਦਰ ਕਰਦਾ ਹੈ। ਕੁਝ ਗਿਣਤੀ ਦੇ ਭਟਕੇ ਹੋਏ ਅਨਸਰਾਂ ਕਾਰਨ ਭਾਰਤ ਅਤੇ ਕੈਨੇਡਾ ਦੇ ਸੰਬੰਧ ਬੀਤੇ ਕੁਝ ਸਮੇਂ ਦੌਰਾਨ ਖਰਾਬ ਹੋਏ ਹਨ। ਤਨਿਸ਼ਕ ਹਵਾਈ ਹਾਦਸੇ ਪਿਛੋਂ ਦੋਹਾਂ ਦੇਸ਼ਾਂ ਦਰਮਿਆਨ ਸੰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।
ਭਾਰਤ ਵਲੋਂ 1974 ’ਚ ਪ੍ਰਮਾਣੂ ਪ੍ਰੀਖਣ ਕਰਨ ਦਾ ਕੈਨੇਡਾ ਨੇ ਵਿਰੋਧ ਕੀਤਾ ਸੀ। ਇਸ ਸਭ ਦੇ ਬਾਵਜੂਦ ਦੋਹਾਂ ਦੇਸ਼ਾਂ ਦਰਮਿਆਨ ਚੋਟੀ ਦੀ ਲੀਡਰਸ਼ਿਪ ਵਲੋਂ ਸੰਬੰਧਾਂ ਨੂੰ ਆਮ ਵਰਗਾ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ। ਕੈਨੇਡਾ ’ਚ ਦੁਨੀਆ ਦੇ ਸਭ ਤੋਂ ਵੱਧ ਭਾਰਤੀ ਪ੍ਰਵਾਸੀ ਰਹਿੰਦੇ ਹਨ। ਦੋਵੇਂ ਦੇਸ਼ ਆਪਣੇ ਵਪਾਰਕ ਸੰਬੰਧ ਵਧਾਉਣ ਲਈ ਉਤਾਵਲੇ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਭਾਰਤ ’ਚ ਚੱਲੇ ਕਿਸਾਨ ਅੰਦੋਲਨ ਦੇ ਹੱਕ ’ਚ ਬੋਲੇ ਸਨ। ਇਸ ਕਾਰਨ ਦੋਹਾਂ ਦੇਸ਼ਾਂ ਦੇ ਸੰਬੰਧ ਲੀਹੋਂ ਲੱਥ ਗਏ ਸਨ।
ਪਤਾ ਨਹੀਂ ਕਿਸ ਦੀ ਸਲਾਹ ’ਤੇ ਜਸਟਿਨ ਟਰੁਡੋ ਨੇ ਕਿਸਾਨਾਂ ਦੇ ਅੰਦੋਲਨ ਦੇ ਹੱਕ ’ਚ ਗੱਲ ਕੀਤੀ ਸੀ। ਉਹ ਕਹਿ ਰਹੇ ਸਨ ਕਿ ਕੈਨੇਡਾ ਦੁਨੀਆ ’ਚ ਕਿਤੇ ਵੀ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰਾਂ ਦੀ ਰਾਖੀ ਲਈ ਖੜ੍ਹਾ ਰਹੇਗਾ ਪਰ ਉਹ ਇਹ ਭੁੱਲ ਗਏ ਕਿ ਉਨ੍ਹਾਂ ਦੇ ਦੇਸ਼ ’ਚ ਭਾਰਤ ਵਿਰੋਧੀ ਤਾਕਤਾਂ ਖੁੱਲ੍ਹ ਕੇ ਸਰਗਰਮ ਹਨ। ਇਸ ਦੇ ਬਾਵਜੂਦ ਉਹ ਕੋਈ ਕਦਮ ਨਹੀਂ ਚੁੱਕਦੇ। ਉਨ੍ਹਾਂ ਦੀ ਬਿਆਨਬਾਜ਼ੀ ਤੋਂ ਭਾਰਤ ਦਾ ਨਾਰਾਜ਼ ਹੋਣਾ ਸੁਭਾਵਕ ਸੀ।
ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਕੈਨੇਡਾ ਨੂੰ ਮੀਨ-ਮੇਖ ਕੱਢਣ ਦਾ ਹੱਕ ਕਿਸ ਨੇ ਦਿੱਤਾ? ਕੈਨੇਡਾ ’ਚ ਭਾਰਤੀ ਹਾਈਕਮਿਸ਼ਨ ਦੇ ਬਾਹਰ ਵੀ ਖਾਲਿਸਤਾਨੀ ਲਗਾਤਾਰ ਇਕੱਠੇ ਹੋ ਕੇ ਹਿੰਸਕ ਦਿਖਾਵੇ ਕਰਦੇ ਹਨ ਪਰ ਕੀ ਮਜ਼ਾਲ ਹੈ ਕਿ ਕੈਨੇਡਾ ਦੀ ਸਰਕਾਰ ਉਨ੍ਹਾਂ ਵਿਰੁੱਧ ਕੋਈ ਠੋਸ ਕਦਮ ਚੁੱਕੇ। ਭਾਰਤ ਬੇਸ਼ੱਕ ਆਪਣੇ ਦੇਸ਼ ’ਚ ਰਹਿਣ ਵਾਲੇ ਤਿੱਬਤੀਆਂ ਦੇ ਹੱਕਾਂ ਦੀ ਹਮਾਇਤ ਕਰਦਾ ਹੈ ਪਰ ਉਹ ਉਨ੍ਹਾਂ ਵਲੋਂ ਨਵੀਂ ਦਿੱਲੀ ’ਚ ਸਥਿਤ ਚੀਨ ਦੇ ਦੂਤਘਰ ’ਚ ਦਾਖਲ ਹੋਣ ਜਾਂ ਉਥੇ ਹਮਲਾ ਕਰਨ ਦੀ ਆਗਿਆ ਨਹੀਂ ਦਿੰਦਾ। ਇਸ ਪੱਖੋਂ ਕੈਨੇਡਾ ਨੂੰ ਭਾਰਤ ਕੋਲ ਸਿੱਖਣਾ ਚਾਹੀਦਾ ਹੈ।
ਦੇਖੋ, ਭਾਰਤ ਤੋਂ ਬਾਹਰ ਕਿਸੇ ਅਮੀਰ ਦੇਸ਼ ’ਚ ਜਾ ਕੇ ਵੱਸਣ ਦੀ ਹਸਰਤ ਤਾਂ ਬਹੁਤ ਸਾਰੇ ਭਾਰਤੀਆਂ ਦੇ ਦਿਲਾਂ ’ਚ ਰਹੀ ਹੈ। ਕਈ ਅਗਿਆਨੀ ਇਹ ਮੰਨਦੇ ਹਨ ਕਿ ਭਾਰਤ ਤੋਂ ਬਾਹਰ ਵੱਸਣਾ ਸਵਰਗ ’ਚ ਜਾਣ ਦੇ ਬਰਾਬਰ ਹੈ ਪਰ ਉਨ੍ਹਾਂ ਨੂੰ ਸਵਰਗ ਦੀ ਸੱਚਾਈ ਦਾ ਪਤਾ ਨਹੀਂ। ਇਹ ਬੇਹੱਦ ਮੰਦਭਾਗੀ ਗੱਲ ਹੈ।
ਮੈਂ ਪਿਛਲੇ ਕਈ ਸਾਲਾਂ ਤੋਂ ਰਾਜਧਾਨੀ ਦੇ ਚਾਣਕਿਆਪੁਰੀ ਇਲਾਕੇ ’ਚੋਂ ਲੰਘਦਾ ਰਹਿੰਦਾ ਹਾਂ। ਉਥੇ ਕੈਨੇਡਾ ਦੇ ਹਾਈਕਮਿਸ਼ਨ ਦੇ ਬਾਹਰ ਵੱਡੀ ਗਿਣਤੀ ’ਚ ਔਰਤਾਂ, ਮਰਦ ਅਤੇ ਬੱਚੇ ਖੜ੍ਹੇ ਹੁੰਦੇ ਹਨ। ਉਹ ਸਭ ਕੈਨੇਡਾ ਜਾਣ ਲਈ ਵੀਜ਼ਾ ਲੈਣ ਲਈ ਆਏ ਹੁੰਦੇ ਹਨ। ਉਨ੍ਹਾਂ ਨਾਲ ਗੱਲਬਾਤ ਕਰ ਕੇ ਇੰਝ ਲੱਗਦਾ ਹੈ ਕਿ ਜਿਵੇਂ ਉਹ ਭੀਖ ਮੰਗ ਰਹੇ ਹੋਣ। ਉਹ ਕਿਸੇ ਵੀ ਹਾਲਤ ’ਚ ਕੈਨੇਡਾ ਜਾਣਾ ਚਾਹੁੰਦੇ ਹਨ। ਉਸ ਦੇਸ਼ ’ਚ ਜਿਥੇ ਭਾਰਤ ਦਾ ਵਿਰੋਧ ਵਧਦਾ ਜਾ ਰਿਹਾ ਹੈ। ਇਸ ਬਿੰਦੂ ’ਤੇ ਉਨ੍ਹਾਂ ਭਾਰਤੀਆਂ ਨੂੰ ਸੋਚਣਾ ਚਾਹੀਦਾ ਹੈ ਜੋ ਕੈਨੇਡਾ ਜਾਣ ਦਾ ਮੰਨ ਬਣਾ ਰਹੇ ਹਨ ਜਾਂ ਬਣਾ ਚੁੱਕੇ ਹਨ।
ਆਰ. ਕੇ. ਸਿਨ੍ਹਾ

(ਲੇਖਕ ਸੀਨੀਅਰ ਸੰਪਾਦਕ, ਕਾਲਮਨਵੀਸ ਅਤੇ ਸਾਬਕਾ ਐੱਮ.ਪੀ. ਹਨ।)

Comment here