ਅਪਰਾਧਸਿਆਸਤਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇਵਿਸ਼ੇਸ਼ ਲੇਖ

ਕੈਨੇਡਾ ‘ਚ ਪੰਜਾਬੀ ਗੈਂਗਸਟਰ ਪੰਜਾਬੀਆਂ ਦਾ ਅਕਸ ਖਰਾਬ ਕਰਨ ‘ਤੇ ਤੁਲੇ

ਪੰਜਾਬੀ ਸਦੀਆਂ ਤੋਂ ਵਿਦੇਸ਼ਾਂ ’ਚ ਪਰਵਾਸ ਕਰਨ ਦੇ ਆਦੀ ਰਹੇ ਹਨ। ਅਨੇਕਤਾ ’ਚ ਏਕਤਾ, ਸਹਿਣਸ਼ੀਲਤਾ ਅਤੇ ਬਿਨਾਂ ਕਿਸੇ ਵਿਤਕਰੇ ਦੇ ਇੱਥੇ ਆਉਣ ਵਾਲੇ ਪਰਵਾਸੀਆਂ ਨੂੰ ਆਪਣੇ ’ਚ ਰਲੇਵੇਂ ਦਾ ਮੌਕਾ ਦੇਣ ਵਰਗੀਆਂ ਕੈਨੇਡੀਅਨ ਜੀਵਨ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਕਾਰਨ ਪ੍ਰਵਾਸੀਆਂ ਲਈ ਕੈਨੇਡਾ ਸਭ ਤੋਂ ਵਧ ਤਰਜੀਹੀ ਮੁਲਕ ਬਣ ਗਿਆ ਹੈ। ਸ਼ੁਰੂਆਤ ’ਚ ਰੋਜ਼ੀ ਰੋਟੀ ਅਤੇ ਖ਼ੁਸ਼ਹਾਲੀ ਪ੍ਰਮੁੱਖ ਸੀ ਪਰ ਹੁਣ ਬਿਹਤਰੀਨ ਸਿੱਖਿਆ ਅਤੇ ਸਿਆਸੀ ਪਨਾਹ ਵੀ ਜੁੜ ਚੁੱਕੇ ਹਨ। ਪੰਜਾਬੀ ਭਾਈਚਾਰੇ ਖ਼ਾਸਕਰ ਸਿੱਖਾਂ ਨੇ ਆਪਣੀ ਲਿਆਕਤ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਕੈਨੇਡਾ ਵਿਚ ਆਪਣੀ ਅਜਿਹੀ ਵਿਲੱਖਣ ਤੇ ਪ੍ਰਭਾਵਸ਼ਾਲੀ ਪਛਾਣ ਬਣਾ ਲਈ ਹੈ ਕਿ ਅੱਜ ਕੈਨੇਡਾ ਵਿਚ 1.4 ਫ਼ੀਸਦੀ ਅਬਾਦੀ ਵਾਲਿਆਂ ਦੀ ਕੈਨੇਡਾ ਦੇ 338 ਸੀਟਾਂ ਵਾਲੇ ਸਦਨ ’ਚ 18 ਸਿੱਖ ਮੈਂਬਰ ਹਨ, ਜਿਨ੍ਹਾਂ ’ਚੋ 4 ਤਕ ਟਰੂਡੋ ਸਰਕਾਰ ’ਚ ਮੰਤਰੀ ਤਕ ਬਣੇ ਹਨ। ਅਜਿਹੇ ਸਨਮਾਨਜਨਕ ਵਾਤਾਵਰਣ ਸਿਰਜਣ ਕਾਰਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਈ 1914 ਦੌਰਾਨ ਕਾਮਾਕਾਟਾ ਮਾਰੂ ਕਾਂਡ ਦੀ ਇਤਿਹਾਸਕ ਵਧੀਕੀ ਅਤੇ ਦੁਖਦਾਇਕ ਵਰਤਾਰੇ ਪ੍ਰਤੀ ਇਕ ਸਦੀ ਬਾਅਦ ਹਾਊਸ ਆਫ਼ ਕਾਮਨਜ਼ ਵਿਚ ਮੁਆਫ਼ੀ ਮੰਗਦਿਆਂ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਪ੍ਰਭਾਵ ਨੂੰ ਪ੍ਰਤੀਬਿੰਬਤ ਕੀਤਾ।

ਇਸ ਮੁਕਾਮ ’ਤੇ ਪਹੁੰਚਣ ਦੇ ਬਾਵਜੂਦ ਕੁਝ ਅਨਸਰ ਅਤੇ ਘਟਨਾਵਾਂ ਹਨ ਜੋ ਸਿੱਖ ਤੇ ਪੰਜਾਬੀ ਭਾਈਚਾਰੇ ਦੀ ਛਵੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪੁਲੀਸ ਵੱਲੋਂ ਜਾਰੀ 11 ਖ਼ਤਰਨਾਕ ਗੈਂਗਸਟਰ ਦੀ ਸੂਚੀ ਵਿਚ 9 ਪੰਜਾਬੀ ਮੂਲ ਦੇ ਲੋਕਾਂ ਦਾ ਸ਼ਾਮਿਲ ਹੋਣਾ ਕੈਨੇਡਾ ’ਚ ਪੰਜਾਬੀ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣ ਗਿਆ ਹੈ। ਪਿਛਲੀ ਵਾਰ ਤੋਂ ਹਟ ਕੇ ਇਹ ਪਹਿਲੀ ਵਾਰ ਪੁਲੀਸ ਨੇ ਸੂਬੇ ਵਿਚ ਹੱਤਿਆਵਾਂ ਅਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਜੁੜੇ ਇਨ੍ਹਾਂ ਗੈਂਗਸਟਰਾਂ ਤੋਂ ਆਪਣੇ ਨਾਗਰਿਕਾਂ ਨੂੰ ਨਾ ਕੇਵਲ ਦੂਰ ਰਹਿਣ ਸਗੋਂ ਇਨ੍ਹਾਂ ਤੋਂ ਆਪਣੇ ਦੋਸਤਾਂ ਅਤੇ ਪਰਿਵਾਰਾਂ ਲਈ ਵੀ ਖ਼ਤਰਾ ਦੱਸਦਿਆਂ ਇਨ੍ਹਾਂ ਅਪਰਾਧੀਆਂ ਨਾਲ ਰਾਬਤਾ ਤਕ ਨਾ ਕਰਨ ਲਈ ਕਿਹਾ ਹੈ। ਜ਼ਾਹਿਰ ਹੈ, ਕੈਨੇਡਾ ’ਚ ਗੈਂਗਸਟਰ ਅਤੇ ਨਸ਼ਾ ਤਸਕਰਾਂ ਦਾ ਅੱਜ ਪੂਰਾ ਬੋਲ ਬਾਲਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਗੈਂਗਸਟਰਾਂ ਦੀ ਵੀ ਵੱਡੀ ਭੂਮਿਕਾ ਦੇਖੀ ਗਈ ਹੈ। ਕੈਨੇਡਾ ਦੇ ਪਬਲਿਕ ਹੈਲਥ ਏਜੰਸੀ ਦੁਆਰਾ 2016 ਤੋਂ 19 ਤਕ ਤਿੰਨ ਸਾਲ ’ਚ ਨਸ਼ਿਆਂ ਦੇ ਓਵਰ ਡੋਜ਼ ਨਾਲ 15000 ਤੋਂ ਵੱਧ ਕੈਨੇਡੀਅਨਾਂ ਦੇ ਮੌਤ ਹੋਣ ਬਾਰੇ ਚਿੰਤਾਜਨਕ ਖ਼ੁਲਾਸਾ ਕੈਨੇਡਾ ’ਚ ਨਸ਼ਾ ਮਾਫ਼ੀਆ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਇਨ੍ਹਾਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਹੋਵੇ ਜਾਂ ਗੈਂਗਵਾਰ ਨਾਲ ਹੋ ਰਹੀਆਂ ਹੱਤਿਆਵਾਂ, ਸਮਾਜਿਕ ਅਤੇ ਅਮਨ ਸ਼ਾਂਤੀ ਨੂੰ ਭੰਗ ਕਰ ਰਹੀਆਂ ਹਨ। ਬ੍ਰਦਰ ਕੀਪਰ ਗੈਂਗ ਦੇ ਮਨਿੰਦਰ ਸਿੰਘ ਧਾਲੀਵਾਲ ਤੇ ਇਕ ਮਿੱਤਰ ਦੀ ਹਾਲ ਹੀ ’ਚ ਕੈਨੇਡਾ ਦੇ ਵਿਸਲਰ ਵਿਲੇਜ ਵਿਚ ਗੈਂਗਵਾਰ ਦੀ ਇਕ ਫਾਇਰਿੰਗ ਦੌਰਾਨ ਮੌਤ ਹੋ ਗਈ। ਇਸ ਸੰਬੰਧੀ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਪੰਜਾਬੀ ਹਨ। ਮਨਿੰਦਰ ਦਾ ਛੋਟਾ ਭਰਾ ਹਰਬ ਧਾਲੀਵਾਲ ਪਿਛਲੇ ਸਾਲ ਹੀ ਗੈਂਗਵਾਰ ’ਚ ਮਾਰ ਦਿੱਤਾ ਗਿਆ ਸੀ। ਇਹ ਦੋਵੇਂ ਬਰਿੰਦਰ ਧਾਲੀਵਾਲ ਦੇ ਭਰਾ ਸਨ, ਜਿਸ ਨੂੰ ਕੈਨੇਡੀਅਨ ਗੈਂਗਸਟਰਾਂ ਦੀ ਦੁਨੀਆ ’ਚ ’ ਸ਼ਰੈੱਕ’ ਵਜੋਂ ਜਾਣਿਆ ਜਾਂਦਾ ਹੈ।
ਬ੍ਰਿਟਿਸ਼ ਕੋਲੰਬੀਆ ਦੀ 2004 ਦੀ ਸਲਾਨਾ ਪੁਲਿਸ ਰਿਪੋਰਟ ਦੇ ਖ਼ੁਲਾਸੇ ਮੁਤਾਬਿਕ ਪੰਜਾਬੀ-ਕੈਨੇਡੀਅਨ ਗੈਂਗ ਕੈਨੇਡਾ ਵਿਚ ਅਪਰਾਧਾਂ ਲਈ ਜ਼ਿੰਮੇਵਾਰ ਟੌਪ-3 ਗਰੁੱਪਾਂ ਵਿਚ ਹੀ ਨਹੀਂ ਸਗੋਂ ਦੂਜਿਆਂ ਨਾਲੋਂ ਕਾਫ਼ੀ ਅੱਗੇ ਸਨ। ਵੈਨਕੂਵਰ ਦੀ ਸਾਲ 2005 ਦੀ ਰਿਪੋਰਟ ਅਨੁਸਾਰ ਪੰਜਾਬ ਨਾਲ ਸਬੰਧਿਤ ਗੈਂਗਸਟਰਾਂ ਦੀ ਵੈਨਕੂਵਰ ’ਚ ਸ਼ੁਰੂਆਤ 1980 ਦੇ ਦਹਾਕੇ ਵਿੱਚ ਭੁਪਿੰਦਰ ਸਿੰਘ ਬਿੰਦੀ ਜੌਹਲ ਵੱਲੋਂ ਨਸ਼ੇ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਨਾਲ ਹੋਈ। ਇਸ ਤੋਂ ਬਾਅਦ ਸੰਘੇੜਾ ਕ੍ਰਾਈਮ ਆਰਗੇਨਾਈਜ਼ੇਸ਼ਨ ਅਤੇ ਬੁੱਟਰ ਗਰੁੱਪ ਪਰਵਾਸੀਆਂ ਦੀ ਸਭ ਤੋਂ ਵਧ ਬਦਨਾਮ ਗਰੁੱਪਾਂ ’ਚ ਸਨ। ਇਸ ਤੋਂ ਇਲਾਵਾ ਧਾਲੀਵਾਲ ਪਰਿਵਾਰ, ਮੱਲ੍ਹੀ-ਬੁੱਟਰ ਸੰਗਠਨ ਆਦਿ ਪੰਜਾਬੀ ਮਾਫ਼ੀਆ ਚਰਚਾ ਵਿੱਚ ਰਹੇ ਹਨ। ਪੰਜਾਬੀ-ਕੈਨੇਡੀਅਨ ਕ੍ਰਾਈਮ ਸਿੰਡੀਕੇਟ ਮੁੱਖ ਤੌਰ ‘ਤੇ ਉਨ੍ਹਾਂ ਨੌਜਵਾਨ ਦਾ ਸਮੂਹ ਹੈ ਜੋ ਪੰਜਾਬੀ ਪਰਿਵਾਰਾਂ ਵਿੱਚ ਪੈਦਾ ਹੋਏ ਹਨ। ਪਿਛਲੇ ਅਪ੍ਰੈਲ ਦੌਰਾਨ ਯੌਰਕ ਰਿਜਨਲ ਪੁਲੀਸ ਨੇ ਪੱਛਮੀ ਕੈਨੇਡਾ, ਯੂ ਐਸ ਅਤੇ ਭਾਰਤ ਤਕ ਫੈਲਿਆ ਹੋਇਆ ਅੰਤਰਰਾਸ਼ਟਰੀ ਨਸ਼ਾ ਤਸਕਰ ਨੈੱਟਵਰਕ ਨੂੰ ਖ਼ਤਮ ਕਰਦਿਆਂ ਜਿਨ੍ਹਾਂ 27 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਉਨਾਂ ਵਿਚ 23 ਪੰਜਾਬੀ ਮੂਲ ਦੇ ਸਨ। ਇਸੇ ਤਰਾਂ ਜੂਨ ਦੇ ਮਹੀਨੇ ਦੌਰਾਨ ਇਕੱਲੇ ਬਰੈਪਟਨ ਵਿਚ ਪੰਜਾਬ ਦੇ ਘੱਟੋ ਘਟ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ’ਤੇ ਹਥਿਆਰਾਂ ਨਾਲ ਜੁੜੇ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ 8 ਦਸੰਬਰ 2021 ਨੂੰ ਕੈਲਗਰੀ ਪੁਲੀਸ ਨੇ ਭਾਰਤੀ ਮੂਲ ਦੇ 9 ਇੰਡੋ ਕੈਨੇਡੀਅਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕੇਵਲ ਇਕ ਸਾਲ ’ਚ 20 ਤੋਂ ਵੱਧ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਸਨ।
ਗਲ ਇਥੇ ਹੀ ਖਤਮ ਨਹੀਂ ਹੁੰਦੀ 14 ਜੁਲਾਈ ਨੂੰ ਸਰੀ ਵਿਖੇ ਕਾਰੋਬਾਰੀ ਤੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ’ਟਾਰਗੈਟ ਕਿਲਿੰਗ’ ਅਤੇ ਉਸ ਤੋਂ ਦਸ ਦਿਨ ਬਾਅਦ ਹੀ ਗੈਂਗਸਟਰ ਮਨਿੰਦਰ ਸਿੰਘ ਧਾਲੀਵਾਲ ਦੀ ਹੱਤਿਆ ਨੇ ਦਹਿਸ਼ਤ ਪੈਦਾ ਕਰਦਿਆਂ ਅਮਨ ਸ਼ਾਂਤੀ ਨੂੰ ਪ੍ਰਭਾਵਿਤ ਕੀਤਾ ਹੈ। ਬੱਬਰ ਖ਼ਾਲਸਾ ਨਾਲ ਸੰਬੰਧਿਤ ਸ: ਮਲਿਕ ਦੀ ਹੱਤਿਆ ਨਾਲ ਕਰੀਬ ਚਾਰ ਦਹਾਕੇ ਪਹਿਲਾਂ ਏਅਰ ਇੰਡੀਆ ਦੀ ’ਕਨਿਸ਼ਕ’ ਨੂੰ ਉਡਾਉਣ ਦੀ ਖੇਡੀ ਗਈ ਖ਼ੂਨੀ ਖੇਡ ਦੀ ਯਾਦ ਫਿਰ ਤੋਂ ਤਾਜ਼ੀ ਹੋ ਗਈ। 23 ਜੂਨ 1985 ’ਚ ਵਾਪਰੇ ਉਕਤ ਕਨਿਸ਼ਕ ਕਾਂਡ ਜਿਸ ਵਿਚ  268 ਕੈਨੇਡੀਅਨ ਨਾਗਰਿਕਾਂ ਸਮੇਤ 331 ਲੋਕ ਮਾਰੇ ਗਏ ਸਨ, ’ਚ ਮਲਿਕ ਦੀ ਕਥਿਤ ਸ਼ਮੂਲੀਅਤ ਲਈ ਉਸ ਨੂੰ ਕੈਨੇਡੀਅਨ ਲੋਕ ਮਾਨਸਿਕਤਾ ਨੇ ਕਦੀ ਵੀ ਮੁਆਫ਼ ਨਹੀਂ ਕੀਤਾ। ਜਿਸ ਦੀ ਚਰਚਾ ਮਲਿਕ ਦੇ ਕਤਲ ਤੋਂ ਬਾਅਦ ਕੈਨੇਡੀਅਨ ਮੀਡੀਆ ਵਿੱਚ ਦੇਖਣ ਨੂੰ ਮਿਲੀ। ਬੇਸ਼ੱਕ ਵਿਸ਼ਵ ਹਵਾਈ ਖੇਤਰ ਦੇ ਇਤਿਹਾਸ ਵਿਚ 9/11 ਤੋਂ ਪਹਿਲਾਂ ਦੇ ਇਸ ਭਿਆਨਕ ਅਤਿਵਾਦੀ ਹਮਲੇ ਸੰਬੰਧੀ ਮਲਿਕ ਨੂੰ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਨੇ ਪੁਖ਼ਤਾ ਸਬੂਤ ਨਾ ਹੋਣ ਕਾਰਨ 2005 ’ਚ ਬਰੀ ਕਰ ਦਿੱਤਾ ਸੀ। ਵਿਸ਼ਵ ਅਤਿਵਾਦ ਦੀ ਚੁਨੌਤੀ ਦੇ ਸਨਮੁੱਖ ਕੈਨੇਡਾ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਤਹਿਤ ਸੂਚੀਬੱਧ ਕੀਤੇ ਗਏ 77 ਅਤਿਵਾਦੀ ਸਮੂਹਾਂ ਵਿਚ ਬੱਬਰ ਖ਼ਾਲਸਾ ਸਮੇਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਸਿੱਖ ਜਥੇਬੰਦੀਆਂ ਦਾ ਸ਼ਾਮਿਲ ਹੋਣਾ ਅਤੇ ਕੈਨੇਡਾ ਵੱਲੋਂ ਦੇਸ਼ ਨੂੰ ਅਤਿਵਾਦ ਦੇ ਖ਼ਤਰੇ ਬਾਰੇ 2018 ਦੌਰਾਨ ਜਾਰੀ ਰਿਪੋਰਟ ’ਚ ’’ਸਿੱਖ ਕੱਟੜਪੰਥੀਆਂ’’ ਦੇ ਵਧਦੇ ਖ਼ਤਰੇ ਦਾ ਜ਼ਿਕਰ ਕੀਤਾ ਜਾਣਾ ਸਿੱਖ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਿਆ ਰਿਹਾ।
ਅੱਜ ਗੈਂਗਸਟਰ ਅਤੇ ਕੱਟੜਪੰਥੀਆਂ ਵੱਲੋਂ ਕੈਨੇਡਾ ਨੂੰ ਸੁਰੱਖਿਅਤ ਛੁਪਣਗਾਹ ਬਣਾ ਲਿਆ ਗਿਆ ਹੈ। ਸਿੱਧੂ ਮੁਸੇਵਾਲਾ ਦੇ ਕਤਲ ਨਾਲ ਚਰਚਾ ਵਿਚ ਆਇਆ ਗੋਲਡੀ ਬਰਾੜ ਹੋਵੇ ਜਾਂ ਪੰਜਾਬ ਪੁਲੀਸ ਇੰਟੈਲੀਜੈਂਸ ਦੇ ਹੈੱਡਕੁਆਟਰ ਮੋਹਾਲੀ ਵਿਖੇ ਗਰਨੇਡ ਹਮਲੇ ਦਾ ਕਥਿਤ ਮੁੱਖ ਸਾਜ਼ਿਸ਼ਕਾਰ ਲਖਬੀਰ ਸਿੰਘ ਲੰਡਾ, ਸਭ ਕੈਨੇਡਾ ਵਿਚ ਛੁਪੇ ਬੈਠੇ ਹਨ।  ਭਾਰਤੀ ਏਜੰਸੀ ਐਨ ਆਈ ਏ ਨੇ  ਹਾਲ ਹੀ ’ਚ ਕੈਨੇਡਾ ’ਚ ਬੈਠੇ ਹਰਦੀਪ ਸਿੰਘ ਨਿੱਝਰ ’ਤੇ ਜਲੰਧਰ ਦੇ ਇਕ ਹਿੰਦੂ ਪੁਜਾਰੀ ਕਮਲਦੀਪ ਸ਼ਰਮਾ ਦੇ ਕਤਲ ’ਚ ਲੋੜੀਂਦੇ ਹੋਣ ਕਾਰਨ 10 ਲੱਖ ਦਾ ਇਨਾਮੀ ਰੱਖਿਆ ਹੈ। ਨਿੱਝਰ ਆਈ ਐਸ ਆਈ. ਦੇ ਏਜੰਟ ਤੇ ਖ਼ਾਲਿਸਤਾਨੀ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰ ਪਤਵੰਤ ਸਿੰਘ ਪੰਨੂ ਦਾ ਆੜੀ ਹੈ ਅਤੇ ਉਸ ਦੇ ਏਜੰਡੇ ਨੂੰ ਲਾਗੂ ਕਰਨ ’ਚ ਮੋਹਰੀ ਹੈ। ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦੀਆਂ ਤਾਰਾਂ ਦਾ ਕੈਨੇਡਾ ਤੱਕ ਵੀ ਜੁੜੀਆਂ ਹੋਣ ਦੀਆਂ ਖ਼ਬਰਾਂ ਨਾਲ ਵੀ ਆਮ ਕੈਨੇਡੀਅਨ ਨਾਗਰਿਕਾਂ ’ਚ ਆਪਣੇ ਦੇਸ਼ ਦੀ ਅਮਨ ਸ਼ਾਂਤੀ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਆਮ ਕੈਨੇਡੀਅਨ ਅਮਨ ਪਸੰਦ ਸ਼ਹਿਰੀ ਸਮਝ ਦੇ ਹਨ ਕਿ ਜੋ ਲੋਕ ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਵੱਡੀ ਭੂਮਿਕਾ ਨਿਭਾਅ ਰਹੇ ਹਨ, ਉਹ ਉਨ੍ਹਾਂ ਲਈ ਵੀ ਕਿਸੇ ਸਮੇਂ ਖ਼ਤਰਾ ਬਣ ਸਕਦੇ ਹਨ। ਗੈਂਗ ਕਲਚਰ ਤੋਂ ਦੁਖੀ ਹੋ ਕੇ ਪੰਜਾਬ ਦੇ ਮਾਪੇ ਬਚਿਆਂ ਨੂੰ ਕੈਨੇਡਾ ਭੇਜ ਰਹੇ ਹਨ, ਹੁਣ ਸਵਾਲ ਉੱਠਦਾ ਹੈ ਕਿ ਕੈਨੇਡਾ ਦੇ ਮਾਪੇ ਇਸੇ ਸਥਿਤੀ ’ਚ ਆਪਣੇ ਬਚਿਆਂ ਨੂੰ ਕਿਥੇ ਲੁਕਾਉਣ। ਆਮ ਕੈਨੇਡੀਅਨ ਨਾਗਰਿਕਾਂ ’ਚ ਦਹਿਸ਼ਤ ਕਾਰਨ ਪੈਦਾ ਹੋਏ ’ਖੌਫ’ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪ੍ਰੋ: ਸਰਚਾਂਦ ਸਿੰਘ ਖਿਆਲਾ 

Comment here