ਸਿਆਸਤਖਬਰਾਂਦੁਨੀਆ

ਕੈਨੇਡਾ ‘ਚ ਖਾਲਿਸਤਾਨੀਆਂ ਦੀ ਪਨਾਹ ਪੰਜਾਬ ਨੂੰ ਕਰ ਸਕਦੀ ਪ੍ਰਭਾਵਿਤ

ਨਵੀਂ ਦਿੱਲੀ-ਕੈਨੇਡਾ ’ਚ ਖਾਲਿਸਤਾਨੀ ਹਮਾਇਤੀ ਭਾਰਤੀ ਡਿਪਲੋਮੈਟਾਂ ਨੂੰ ਖੁੱਲ੍ਹੇਆਮ ਡਰਾ ਧਮਕਾ ਰਹੇ ਹਨ। ਭਾਰਤੀ ਖੁਫੀਆ ਏਜੰਸੀਆਂ ਦੀ ਹੋਈ ਮੀਟਿੰਗ ’ਚ ਚਰਚਾ ਹੋਈ ਕਿ ਕਿਵੇਂ ਕੈਨੇਡਾ ਸਥਿਤ ਖਾਲਿਸਤਾਨੀ ਅੱਤਵਾਦੀ ਹੁਣ ਸਥਾਨਕ ਹਿੰਦੂਆਂ ਅਤੇ ਭਾਰਤ ਪੱਖੀ ਸਿੱਖਾਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ ਅਤੇ ਉਥੋਂ ਦੇ ਮੰਦਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਪੱਖੀ ਸਿੱਖ ਨੇਤਾ ਰਿਪੁਦਮਨ ਸਿੰਘ ਮਲਿਕ ਦੀ 2022 ’ਚ ਕੈਨੇਡਾ ਦੇ ਸਰੀ ’ਚ ਹੱਤਿਆ ਕਰ ਦਿੱਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਉਸ ਦੀ ਹੱਤਿਆ ਹਰਦੀਪ ਸਿੰਘ ਨਿੱਝਰ ਨੇ ਕਰਵਾਈ ਸੀ, ਜਿਸ ਨੂੰ ਹਾਲ ਹੀ ’ਚ ਵਿਰੋਧੀਆਂ ਨੇ ਮਾਰ ਦਿੱਤਾ ਸੀ। ਹਾਲਾਂਕਿ ਕੈਨੇਡੀਅਨ ਏਜੰਸੀਆਂ ਨੇ ਕਦੇ ਵੀ ਨਿੱਝਰ ਜਾਂ ਕਿਸੇ ਖਾਲਿਸਤਾਨੀ ਕਾਰਕੁੰਨ ਵਿਰੁੱਧ ਕੋਈ ਜਾਂਚ ਸ਼ੁਰੂ ਨਹੀਂ ਕੀਤੀ। ਮੀਟਿੰਗ ’ਚ ਹਾਲ ਦੇ ਦਿਨਾਂ ’ਚ ਮੰਦਰਾਂ ਨੂੰ ਢਾਹੇ ਜਾਣ ਦੀਆਂ ਘਟਨਾਵਾਂ ਬਾਰੇ ਵੀ ਚਰਚਾ ਹੋਈ।
ਅਧਿਕਾਰੀਆਂ ਨੇ ਇਸ ਗੱਲ ’ਤੇ ਵੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਖਾਲਿਸਤਾਨੀ ਹਮਾਇਤੀ ਕੈਨੇਡਾ ’ਚ ਭਾਰਤੀ ਡਿਪਲੋਮੈਟਾਂ ਨੂੰ ਖੁੱਲ੍ਹੇਆਮ ਡਰਾ ਧਮਕਾ ਰਹੇ ਸਨ, ਉਨ੍ਹਾਂ ਅਨੁਸਾਰ ਇਹ ਵਿਆਨਾ ਕਨਵੈਨਸ਼ਨ ਦੀ ਸਪੱਸ਼ਟ ਉਲੰਘਣਾ ਸੀ। ਚਰਚਾ ਦੇ ਹੋਰ ਵਿਸ਼ਿਆਂ ’ਚ ਖਾਲਿਸਤਾਨੀ ਵੱਖਵਾਦੀਆਂ ਲਈ ਸੂਖਮ ਹਮਾਇਤ ਸ਼ਾਮਲ ਸੀ, ਜਿਸ ਦੇ ਨਤੀਜੇ ਵਜੋਂ ਖਾਲਿਸਤਾਨ ਪੱਖੀ ਤੱਤਾਂ ਦੇ ਪ੍ਰਭਾਵ ਅਤੇ ਸਰੋਤਾਂ ਕਾਰਨ ਕੈਨੇਡਾ ਦੇ ਪ੍ਰਮੁੱਖ ਗੁਰਦੁਆਰਿਆਂ ਤੋਂ ਉਦਾਰਵਾਦੀ, ਭਾਰਤ ਪੱਖੀ ਸਿੱਖਾਂ ਨੂੰ ਬਾਹਰ ਕਰ ਦਿੱਤਾ ਗਿਆ।
ਖੁਫੀਆ ਏਜੰਸੀਆਂ ਦੇ ਰਿਕਾਰਡ ਤੋਂ ਸੰਕੇਤ ਮਿਲਦਾ ਹੈ ਕਿ ਪੰਜਾਬ ਇਸ ਸਮੇਂ ਕੈਨੇਡਾ ਤੋਂ ਸ਼ੁਰੂ ਹੋਣ ਵਾਲੀ ਜਬਰਨ ਵਸੂਲੀ ਦੀਆਂ ਯੋਜਨਾਵਾਂ ਕਾਰਨ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਕ ਸੂਤਰ ਨੇ ਕਿਹਾ, ‘‘ਕੈਨੇਡਾ ਸਥਿਤ ਗਿਰੋਹ ਦੇ ਮੈਂਬਰ ਪਾਕਿਸਤਾਨ ਤੋਂ ਨਸ਼ਿਆਂ ਦੀ ਸਮੱਗਲਿੰਗ ਲਈ ਡ੍ਰੋਨ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਨੂੰ ਬਾਅਦ ’ਚ ਪੂਰੇ ਪੰਜਾਬ ’ਚ ਵੰਡ ਦਿੱਤਾ ਜਾਂਦਾ ਹੈ। ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਹੋਣ ਵਾਲੀ ਕਮਾਈ ਦਾ ਇਕ ਹਿੱਸਾ ਕੈਨੇਡਾ ’ਚ ਸਰਗਰਮ ਖਾਲਿਸਤਾਨੀ ਕੱਟੜਪੰਥੀਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।
ਸਾਲ 2016 ਤੋਂ ਬਾਅਦ ਪੰਜਾਬ ’ਚ ਸਿੱਖਾਂ ਅਤੇ ਹਿੰਦੂਆਂ ਦੀਆਂ ਨਿਸ਼ਾਨਾਬੱਧ ਹੱਤਿਆਵਾਂ ਦੇਖਣ ਨੂੰ ਮਿਲੀਆਂ ਅਤੇ ਇਸ ਦੇ ਪਿੱਛੇ ਨਿੱਝਰ ਦਾ ਹੱਥ ਸੀ। ਮੀਟਿੰਗ ’ਚ ਇਸ ਗੱਲ ’ਤੇ ਚਰਚਾ ਹੋਈ ਕਿ ਕਿਵੇਂ ਕੈਨੇਡੀਅਨ ਏਜੰਸੀਆਂ ਨਿਰਪੱਖ ਜਾਂਚ ਕਰਨ ਦੀ ਬਜਾਏ ਖਾਲਿਸਤਾਨੀ ਕੱਟੜਪੰਥੀਆਂ ਨੂੰ ਪਨਾਹ ਦੇ ਰਹੀਆਂ ਹਨ। ਇਹ ਪੰਜਾਬ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।

Comment here