ਅਪਰਾਧਸਿਆਸਤਖਬਰਾਂ

ਕੈਨੇਡਾ ‘ਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨਿੰਦਣਯੋਗ : ਜੈਸ਼ੰਕਰ

ਚੰਡੀਗੜ੍ਹ-ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢਣ ਅਤੇ ਇਸ ਤੋਂ ਬਾਅਦ ਜਸ਼ਨ ਮਨਾਉਣ ਵਾਲੇ ਸਮਾਗਮ ‘ਤੇ ਪ੍ਰਤੀਕਿਰਿਆ ਦਿੱਤੀ। ਇੱਕ ਮੀਡੀਆ ਬ੍ਰੀਫਿੰਗ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨੇ ਪੁੱਛਿਆ ਕਿ ਵੋਟ ਬੈਂਕ ਦੀ ਰਾਜਨੀਤੀ ਦੀਆਂ ਲੋੜਾਂ ਤੋਂ ਇਲਾਵਾ ਕੋਈ ਅਜਿਹਾ ਕਿਉਂ ਕਰੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਅਜਿਹੇ ਵੱਖਵਾਦੀਆਂ ਅਤੇ ਕੱਟੜਪੰਥੀਆਂ ਨੂੰ ਦਿੱਤੀ ਜਾਣ ਵਾਲੀ ਥਾਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸ ਵਿੱਚ ਇੱਕ ਬਹੁਤ ਵੱਡਾ ਮੁੱਦਾ ਸ਼ਾਮਲ ਹੈ,ਸੱਚ ਕਹਾਂ ਤਾਂ, ਅਸੀਂ ਵੋਟ ਬੈਂਕ ਦੀ ਰਾਜਨੀਤੀ ਦੀਆਂ ਜ਼ਰੂਰਤਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਸੋਚ ਰਹੇ।
ਜੈਸ਼ੰਕਰ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਮੈਨੂੰ ਲਗਦਾ ਹੈ ਕਿ ਵੱਖਵਾਦੀਆਂ, ਕੱਟੜਪੰਥੀਆਂ, ਹਿੰਸਾ ਦੀ ਵਕਾਲਤ ਕਰਨ ਵਾਲੇ ਲੋਕਾਂ ਨੂੰ ਦਿੱਤੀ ਗਈ ਜਗ੍ਹਾ ਬਾਰੇ ਇੱਕ ਵੱਡਾ ਅੰਤਰੀਵ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਵਰਤਾਰਾ ਦੋਵਾਂ ਮੁਲਕਾਂ ਦੇ ਸਬੰਧਾਂ ਲਈ ਚੰਗਾ ਨਹੀਂ ਹੈ ਅਤੇ ਖਾਸਕਰ ਕੈਨੇਡਾ ਲਈ ਵੀ ਠੀਕ ਨਹੀਂ ਹੈ। ਇਹ ਸਾਰਾ ਵਿਵਾਦ ਉਸ ਸਮੇਂ ਭਖਿਆ ਜਦੋਂ ਕੈਨੇਡਾ ਦੇ ਇੱਕ ਸਮਾਗਮ ਵਿੱਚ ਪੇਸ਼ਕਾਰੀ ਦੌਰਾਨ ਭਾਰਤ ਦੀ ਸਾਬਕਾ ਅਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਪੇਸ਼ ਕੀਤਾ ਗਿਆ ਅਤੇ ਜਸ਼ਨ ਮਨਾਉਂਦੇ ਵਿਖਾਇਆ ਗਿਆ।
ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੌਨ ਮੈਕਕੇ ਨੇ ਕਿਹਾ, “ਮੈਂ ਕੈਨੇਡਾ ਵਿੱਚ ਇੱਕ ਸਮਾਗਮ ਦੀਆਂ ਰਿਪੋਰਟਾਂ ਤੋਂ ਹੈਰਾਨ ਹਾਂ, ਜਿਸ ਵਿੱਚ ਮਰਹੂਮ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਇਆ ਗਿਆ। ਕੈਨੇਡਾ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਹਿੰਸਾ ਦੀ ਵਡਿਆਈ ਹੋ ਰਹੀ ਹੈ ਅਤੇ ਮੈਂ ਇਨ੍ਹਾਂ ਗਤੀਵਿਧੀਆਂ ਦੀ ਸਖ਼ਤ ਨਿੰਦਾ ਕਰਦਾ ਹਾਂ।”
ਦੱਸ ਦਈਏ ਮਰਹੂਮ ਇੰਦਰਾ ਗਾਂਧੀ ਨੇ ਭਾਰਤ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ। 31 ਅਕਤੂਬਰ 1984 ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਦਾ ਘਰ ਵਿੱਚ ਹੀ ਬਾਡੀਗਾਰਡਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੱਸ ਦਈਏ ਇੰਦਰਾ ਗਾਂਧੀ ਦਾ ਕਤਲ ਉਸ ਦੇ ਸਿੱਖ ਬਾਡੀਗਾਰਡਾਂ ਨੇ ਸਾਕਾ ਨੀਲਾ ਤਾਰਾ ਦਾ ਬਦਲਾ ਲੈਣ ਲਈ ਕੀਤਾ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਦੇਸ਼ ਵਿੱਚ ਵਸਦੇ ਸਿੱਖਾਂ ਦੇ ਕਤਲ ਕੀਤੇ ਗਏ ਸਨ। ਇਸ ਤੋਂ ਇਲਾਵਾ ਓਪਰੇਸ਼ਨ ਬਲੂ ਸਟਾਰ ਦੌਰਾਨ ਸ੍ਰੀ ਹਰਿਮੰਦਿਰ ਸਾਹਿਬ ਨੂੰ ਵੀ ਭਾਰਤੀ ਫੌਜਾਂ ਨੇ ਢਹਿ-ਢੇਰੀ ਕਰ ਦਿੱਤਾ ਸੀ।

Comment here