ਸਾਹਿਤਕ ਸੱਥਖਬਰਾਂਦੁਨੀਆ

ਕੈਨੇਡਾ ‘ਚ ਅਫ਼ੀਮ ਲਿਆਉਣ ਵਾਲੇ ਭਾਰਤੀ ਨੂੰ ਹੋਈ 7 ਸਾਲ ਕੈਦ

ਟੋਰਾਂਟੋ-ਕੈਨੇਡਾ ਵਿਚ ਨਿਤਿਸ਼ ਵਰਮਾ (34) ਨੂੰ ਭਾਰਤ ਤੋਂ ਆਪਣੇ ਸਾਮਾਨ ਵਿਚ 13 ਕਿੱਲੋ ਅਫ਼ੀਮ ਲਿਆਉਣ ਦੇ ਦੋਸ਼ਾਂ ਤਹਿਤ ਅਦਾਲਤ ਨੇ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਉਹ ਕੈਨੇਡਾ ਵਿਚ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਸੀ। 4 ਅਗਸਤ, 2019 ਨੂੰ ਭਾਰਤ ਤੋਂ ਜਹਾਜ਼ ਵਿਚ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡੇ ਅੰਦਰ ਪੁੱਜੇ ਨਿਤਿਸ਼ ਦੇ ਅਟੈਚੀਆਂ ਦੀ ਕਸਟਮਜ਼ ਅਧਿਕਾਰੀਆਂ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ, ਜਿਸ ਦੌਰਾਨ ਪੌਣੇ ਚੌਦਾਂ ਕੁ (13.7) ਕਿੱਲੋ ਅਫ਼ੀਮ ਨਿਕਲੀ ਸੀ, ਜਿਸ ਦਾ ਬਾਜ਼ਾਰੀ ਮੁੱਲ ਲਗਭਗ 9 ਲੱਖ ਡਾਲਰ ਤੱਕ ਦੱਸਿਆ ਗਿਆ ਸੀ।ਬਰੈਂਪਟਨ ਵਿਖੇ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਦੋਸ਼ੀ ਨੇ ਆਪਣੀ ਅਣਭੋਲਤਾ ਦਾ ਪ੍ਰਗਟਾਵਾ ਕੀਤਾ ਅਤੇ ਜਿਊਰੀ ਨੂੰ ਦੱਸਿਆ ਕਿ ਉਸ ਨੂੰ ਸਾਮਾਨ ਵਿਚ ਅਫ਼ੀਮ ਹੋਣ ਬਾਰੇ ਪਤਾ ਨਹੀਂ ਸੀ। ਉਸ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਦੇ ਮੁਵੱਕਲ ਦਾ ਦਿੱਲੀ ਵਿਖੇ ਹਵਾਈ ਅੱਡੇ ‘ਤੇ ਮਿਲੇ (ਕਿਸੇ) ਵਿਅਕਤੀ ਵਲੋਂ ਨਾਜਾਇਜ਼ ਫਾਇਦਾ ਉਠਾਇਆ ਗਿਆ ਅਤੇ ਉਸ ਦੀ ਜਾਣਕਾਰੀ ਤੋਂ ਬਿਨਾ ਸਮਾਨ ਵਿਚ ਅਫ਼ੀਮ ਰੱਖ ਦਿੱਤੀ ਗਈ। ਨਿਤਿਸ਼ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਦੀ ਅਪੀਲ ਕੋਰਟ ਆਫ ਉਂਟਾਰੀਓ ਵਿਚ ਅਪੀਲ ਕੀਤੀ ਹੈ। ਪਤਾ ਲੱਗਾ ਹੈ ਕਿ ਉਹ ਕੈਨੇਡਾ ਤੋਂ ਆਪਣੀ ਭੈਣ ਦੇ ਵਿਆਹ ਦੇ ਸਿਲਸਿਲੇ ਵਿਚ ਭਾਰਤ ਗਿਆ ਸੀ ਪਰ ਵਾਪਸੀ ਮੌਕੇ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ। ਨਿਤਿਸ਼ 2013 ਵਿਚ ਸਟੱਡੀ ਪਰਮਿਟ ਲੈ ਕੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਪੱਕਾ ਹੋਇਆ ਅਤੇ ਟੈਲੀ ਕਮਿਊਨੀਕੇਸ਼ਨ ਦੀਆਂ ਵੱਡੀਆਂ ਕੰਪਨੀਆਂ ਵਿਚ ਕੰਮ ਕਰਨ ਤੋਂ ਬਾਅਦ ਲਾਇਸੈਂਸ ਲੈ ਕੇ ਪ੍ਰਾਪਰਟੀ ਡੀਲਰ ਵਜੋਂ ਸਰਗਰਮ ਹੋ ਗਿਆ ਸੀ।

Comment here