ਓਟਾਵਾ – ਕੈਨੇਡਾ ਵਿਚ ਲਗਾਤਾਰ ਵੱਧ ਰਹੇ ਪ੍ਰਦਰਸ਼ਨ ਅਤੇ ਟਰੱਕ ਮਾਰਚ ਪਿੱਛੋਂ ਹਾਲਾਤ ਵਿਗੜਨ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੇਟ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਇਹ 50 ਸਾਲ ਵਿਚ ਪਹਿਲੀ ਵਾਰ ਹੈ ਜਦ ਦੇਸ਼ ਵਿਚ ਐਮਰਜੈਂਸੀ ਲਾਗੂ ਹੋਈ ਹੈ। ਇਸ ਐਮਰਜੈਂਸੀ ਨੂੰ ਲਾਗੂ ਕਰਨ ਮਗਰੋਂ ਅਮਰੀਕਾ-ਕੈਨੇਡੀਅਨ ਸਰਹੱਦ ਦੇ ਨਾਲ ਮੋਂਟਾਨਾ ਰੋਡ ‘ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀ 2 ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਖ਼ਤਮ ਹੋ ਗਈ ਹੈ। ਵਾਹਨ ਦੱਖਣੀ ਅਲਬਰਟਾ ਦੇ ਕਸਬੇ ਵਿਚੋਂ ਲੰਘਣੇ ਸ਼ੁਰੂ ਹੋ ਗਏ ਹਨ। ਉਥੇ ਹੀ ਓਟਾਵਾ ਪੁਲਸ ਮੁਖੀ ਪੀਟਰ ਸਲੋਲੀ ਨੂੰ ਮਾਮਲੇ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸਦੇ ਚੱਲਦੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਦੋਵੇਂ ਘਟਨਾਵਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੰਦੋਲਨ ਨੂੰ ਖ਼ਤਮ ਕਰਨ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਤੋਂ ਇਕ ਦਿਨ ਬਾਅਦ ਵਾਪਰੀਆਂ ਹਨ। ਦੱਸਣਯੋਗ ਹੈ ਕਿ ਲਾਜ਼ਮੀ ਕੋਵਿਡ-19 ਟੀਕਾਕਰਨ ਅਤੇ ਵਿਆਪਕ ਸਿਹਤ ਪਾਬੰਦੀਆਂ ਦੇ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਤੋਂ ਅਲਬਰਟਾ ਦੇ ਕੂਟਸ ਸਥਿਤ ਅਮਰੀਕਾ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਸਰਹੱਦ ‘ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬੰਦੂਕਾਂ ਅਤੇ ਗੋਲਾ ਬਾਰੂਦ ਦਾ ਜਖੀਰਾ ਜ਼ਬਤ ਕੀਤਾ ਸੀ।
ਕੈਨੇਡਾ-ਐਮਰਜੈਂਸੀ ਲਾਗੂ ਹੁੰਦੇ ਹੀ ਟਰੱਕਾਂ ਵਾਲਿਆਂ ਦੀ ਹੜਤਾਲ ਖ਼ਤਮ

Comment here