ਅਪਰਾਧਸਿਆਸਤਖਬਰਾਂਖੇਡ ਖਿਡਾਰੀਚਲੰਤ ਮਾਮਲੇਦੁਨੀਆ

ਕੈਚ ਛੱਡਣ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਅਰਸ਼ਦੀਪ ਨੂੰ ਦੱਸਿਆ ਖਾਲਿਸਤਾਨੀ

ਲਿਖਿਆ-‘ਵੱਖਵਾਦੀ ਖਾਲਿਸਤਾਨੀ ਲਹਿਰ’ ਦਾ ਨੁਮਾਇੰਦਾ
ਦੁਬਈ-ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖਿਲਾਫ ਐਤਵਾਰ ਨੂੰ ਦੁਬਈ ਵਿਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਵਿਚ ਕੁਝ ਲੋਕਾਂ ਵੱਲੋਂ ਟਵਿੱਟਰ ’ਤੇ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ’ਤੇ ਵੀ ‘ਵੱਖਵਾਦੀ ਖਾਲਿਸਤਾਨੀ ਲਹਿਰ’ ਨਾਲ ਸਬੰਧਿਤ ਲਿਖ ਦਿੱਤਾ ਗਿਆ ਹੈ। ਭਾਰਤ ਇਹ ਮੈਚ ਪੰਜ ਵਿਕਟਾਂ ਨਾਲ ਹਾਰ ਗਿਆ ਸੀ। ਅਰਸ਼ਦੀਪ 18ਵੇਂ ਓਵਰ ਵਿੱਚ ਪਾਕਿਸਤਾਨ ਦੇ ਬੱਲੇਬਾਜ਼ ਆਸਿਫ਼ ਅਲੀ ਦਾ ਆਸਾਨ ਕੈਚ ਨਹੀਂ ਲੈ ਸਕਿਆ ਸੀ। ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕੀਤਾ, ‘‘ਨੌਜਵਾਨ ਅਰਸ਼ਦੀਪ ਸਿੰਘ ਦੀ ਆਲੋਚਨਾ ਬੰਦ ਕਰੋ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ। ਸਾਨੂੰ ਆਪਣੀ ਟੀਮ ’ਤੇ ਮਾਣ ਹੈ। ਪਾਕਿਸਤਾਨ ਬਿਹਤਰ ਖੇਡਿਆ। ਇਸ ਪਲੈਟਫਾਰਮ ’ਤੇ ਖਿਡਾਰੀਆਂ ਬਾਰੇ ਘਟੀਆ ਗੱਲਾਂ ਕਰਨ ਵਾਲਿਆਂ ’ਤੇ ਸ਼ਰਮ ਆਉਂਦੀ ਹੈ। ਅਰਸ਼ਦੀਪ ਖਰਾ ਸੋਨਾ ਹੈ।’’
ਇਸੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ। ਕੋਹਲੀ ਨੇ ਐਤਵਾਰ ਨੂੰ ਮੈਚ ਤੋਂ ਬਾਅਦ ਕਿਹਾ, ‘‘ਜਦੋਂ ਮੈਂ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਖਿਲਾਫ ਪਹਿਲੀ ਵਾਰ ਖੇਡਿਆ ਤਾਂ ਖਰਾਬ ਸ਼ਾਟ ਖੇਡਣ ਕਰਕੇ ਆਊਟ ਹੋ ਗਿਆ ਸੀ। ਦਬਾਅ ਵਿੱਚ ਕੋਈ ਵੀ ਗ਼ਲਤੀ ਕਰ ਸਕਦਾ ਹੈ। ਇਹ ਬੁਰਾ ਲੱਗਣਾ ਸੁਭਾਵਿਕ ਹੈ। ਟੀਮ ਵਿੱਚ ਹੁਣ ਮਾਹੌਲ ਵਧੀਆ ਹੈ। ਇਸ ਦਾ ਸਿਹਰਾ ਪ੍ਰਬੰਧਕਾਂ ਤੇ ਕਪਤਾਨ ਸਿਰ ਬੱਝਦਾ ਹੈ।
ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਅਕਾਲ ਤਖ਼ਤ ਦੇ ਜਥੇਦਾਰ
ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਹੱਥੀਂ ਲਿਆ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਅਰਸ਼ਦੀਪi ਖ਼ਲਾਫ ਟਿੱਪਣੀਆਂ ਕਰਨ ਵਾਲਿਆਂ ’ਤੇ ਸਖ਼ਤੀ ਨਾਲ ਨੱਥ ਪਾਉਣ ਲਈ ਆਖਿਆ ਹੈ। ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ  ਕਿ ਮਾੜੀ ਮਾਨਸਿਕਤਾ ਵਾਲੇ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਮਾੜੀ ਸੋਚ ਰੱਖਣ ਵਾਲੇ ਲੋਕਾਂ ਨੇ ਹਮੇਸ਼ਾ ਕੌਮ ਅਤੇ ਦੇਸ਼ ਦਾ ਨੁਕਸਾਨ ਕੀਤਾ ਹੈ, ਲਿਹਾਜ਼ਾ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਕ੍ਰਿਕਟਰ ਅਰਸ਼ਦੀਪ ਸਿੰਘ ਦੀ ਹੌਂਸਲਾ ਅਫਜ਼ਾਈ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਉਨ੍ਹਾਂ ਦੇ ਨਾਲ ਖੜ੍ਹੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਕਦੇ ਹਾਰ ਮੰਨਣ ਵਾਲਿਆਂ ਵਿਚੋਂ ਨਹੀਂ ਹੈ। ਉਨ੍ਹਾਂ ਅਰਸ਼ਦੀਪ ਨੂੰ ਮਨ ਲਗਾ ਕੇ ਖੇਡਣ ਲਈ ਕਿਹਾ। ਜਥੇਦਾਰ ਨੇ ਕਿਹਾ ਕਿ ਅਕਾਲ ਪੁਰਖ ’ਤੇ ਭਰੋਸਾ ਰੱਖੋ ਅਤੇ ਪੂਰੀ ਤਨਖੇਹੀ ਨਾਲ ਖੇਡੋ ਵਾਹਿਗੁਰੂ ਫਤਿਹ ਜ਼ਰੂਰ ਬਖਸ਼ੇਗਾ।
ਅਰਸ਼ਦੀਪ ਦੇ ਹੱਕ ਵਿਚ ਸਿਆਸਤਦਾਨਾਂ ਵਲੋਂ ਸਮਰਥਨ
ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਮੁਹਾਲੀ ਵਾਸੀ ਕ੍ਰਿਕਟਰ ਅਰਸ਼ਦੀਪ ਦੇ ਹੱਕ ਵਿੱਚ ਨਿੱਤਰ ਆਈਆਂ ਹਨ। ਸੂਬਾ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟਰ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਮੀਤ ਹੇਅਰ ਨੇ ਅਰਸ਼ਦੀਪ ਦੀ ਮਾਂ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਅਤੇ ਪੂਰਾ ਦੇਸ਼ ਉਸ ਦੇ ਨਾਲ ਹੈ।
‘ਆਪ’ ਸੰਸਦ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ 23 ਸਾਲ ਦੇ ਤੇਜ਼ ਗੇਂਦਬਾਜ਼ ਦੀ ਪਿੱਠ ’ਤੇ ਆ ਗਏ ਹਨ।
ਰਾਘਵ ਚੱਢਾ ਨੇ ਕਿਹਾ, ‘‘ਅਰਸ਼ਦੀਪ ਹੋਣਹਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤੀ ਗੇਂਦਬਾਜ਼ਾਂ ਦੀ ਅਗਵਾਈ ਕਰੇਗਾ। ਨਫ਼ਰਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਖੇਡ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ। ਸਾਨੂੰ ਆਪਣੇ ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਅਰਸ਼ਦੀਪ ਸਿੰਘ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਉਸ ਦੇ ਸਾਹਮਣੇ ਸੁਨਹਿਰੀ ਭਵਿੱਖ ਹੈ।’’ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਆਖਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, ‘‘ਅਰਸ਼ਦੀਪ ਸਿੰਘ ਹੋਣਹਾਰ ਖਿਡਾਰੀ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੂਰਾ ਦੇਸ਼ ਉਸ ਦੇ ਨਾਲ ਹੈ। ’’
ਅਰਸ਼ਦੀਪ ਦੇ ਮਾਪਿਆਂ ਨੇ ਦਿੱਤਾ ਜਵਾਬ
ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਜੋ ਪ੍ਰਤੀਕਰਮ ਆ ਰਹੇ ਹਨ, ਉਹ ਉਨ੍ਹਾਂ ਨੂੰ ਸਕਾਰਾਤਮਕ ਤੌਰ ‘ਤੇ ਲੈ ਰਹੇ ਹਨ। ਅਰਸ਼ਦੀਪ ਦੇ ਪਿਤਾ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਕਿਹਾ, ‘ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਜਿੱਤੇ। ਅਜਿਹਾ ਨਾ ਹੋਣ ‘ਤੇ ਪ੍ਰਸ਼ੰਸਕ ਸ਼ਬਦਾਂ ਰਾਹੀਂ ਖਿਡਾਰੀਆਂ ‘ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹਨ। ਅਸੀਂ ਇਨ੍ਹਾਂ ਸਾਰੀਆਂ ਗੱਲਾਂ ਅਤੇ ਪ੍ਰਤੀਕਿਰਿਆਵਾਂ ਨੂੰ ਸਕਾਰਾਤਮਕ ਤਰੀਕੇ ਨਾਲ ਲੈ ਰਹੇ ਹਾਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਬਹੁਤ ਹੀ ਸ਼ਾਨਦਾਰ ਰਿਹਾ।
ਦਰਸ਼ਨ ਨੇ ਦੱਸਿਆ, ‘ਉਸ ਨੇ ਮੈਚ ਤੋਂ ਬਾਅਦ ਬੇਟੇ ਅਰਸ਼ਦੀਪ ਨਾਲ ਗੱਲ ਕੀਤੀ ਅਤੇ ਉਹ ਸੋਸ਼ਲ ਮੀਡੀਆ ਜਾਂ ਇੰਟਰਨੈੱਟ ‘ਤੇ ਜੋ ਕੁਝ ਚੱਲ ਰਿਹਾ ਹੈ, ਉਸ ਤੋਂ ਉਹ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੈ। ਉਸ ਦਾ ਪੂਰਾ ਧਿਆਨ ਸ਼੍ਰੀਲੰਕਾ ਖਿਲਾਫ ਦੂਜੇ ਮੈਚ ‘ਤੇ ਹੈ।”
ਇਸ ਪੂਰੇ ਵਿਵਾਦ ‘ਤੇ ਅਰਸ਼ਦੀਪ ਦੀ ਮਾਂ ਦਲਜੀਤ ਕੌਰ ਨੇ ਕਿਹਾ, ‘ਅਸੀਂ ਪਾਕਿਸਤਾਨ ਤੋਂ ਹਾਰ ਗਏ, ਇਹ ਆਮ ਗੱਲ ਹੈ। ਕ੍ਰਿਕਟ ਮੈਚਾਂ ਵਿੱਚ ਗਲਤੀਆਂ ਹੁੰਦੀਆਂ ਹਨ। ਲੋਕਾਂ ਦਾ ਕੰਮ ਹੀ ਗੱਲਾਂ ਕਰਨਾ ਹੈ। ਜੇਕਰ ਉਹ ਕਿਸੇ ਖਿਡਾਰੀ ਦੀ ਆਲੋਚਨਾ ਕਰ ਰਹੇ ਹਨ ਤਾਂ ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਚੰਗਾ ਪ੍ਰਦਰਸ਼ਨ ਕਰੇ। ਅਸੀਂ ਪ੍ਰਾਰਥਨਾ ਕਰ ਰਹੇ ਸੀ ਕਿ ਅਰਸ਼ਦੀਪ ਆਖਰੀ ਓਵਰ ਵਿੱਚ 2 ਦੌੜਾਂ ਬਚਾ ਲਵੇ। ਕੈਚ ਗੁਆਉਣਾ ਖੇਡ ਦਾ ਹਿੱਸਾ ਹੈ। ਪਰ ਉਸ ਨੇ ਅਗਲੇ ਓਵਰ ਵਿੱਚ ਇਸ ਦੀ ਭਰਪਾਈ ਕਰ ਲਈ।”
ਅਰਸ਼ਦੀਪ ਦੇ ਪਿਤਾ ਨੂੰ ਉਮੀਦ ਹੈ ਕਿ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਤੀਜੀ ਵਾਰ ਆਹਮੋ-ਸਾਹਮਣੇ ਹੋਣਗੇ ਅਤੇ ਫਾਈਨਲ ‘ਚ ਭਿੜਨਗੇ। ਭਾਰਤ ਇਸ ਮੈਚ ਵਿੱਚ ਜਿੱਤ ਦਰਜ ਕਰਕੇ ਅੱਠਵੀਂ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਂ ਕਰੇਗਾ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

Comment here