ਅਪਰਾਧਸਿਆਸਤਖਬਰਾਂ

ਕੇਟੀਐੱਸ ਦੇ ਤਿੰਨ ਨੌਜਵਾਨ ਰਿਮਾਂਡ ਤੋਂ ਬਾਅਦ ਜੇਲ੍ਹ ਭੇਜੇ

ਤਰਨਤਾਰਨ-ਲੰਘੇ ਦਿਨ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਭਿੱਖੀਵਿੰਡ ਇਲਾਕੇ ਵਿਚੋਂ ਫੜੇ ਗਏ ਮੋਗਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਨੌਜਵਾਨਾਂ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਉਕਤ ਲੋਕਾਂ ਕੋਲੋਂ ਬਰਾਮਦ ਹੋਈ ਵਿਸਫੋਟਕ ਸਮੱਗਰੀ ਡਰੋਨ ਰਾਹੀਂ ਪਾਕਿਸਤਾਨ ਤੋਂ ਸਰਹੱਦੀ ਖੇਤਰ ਵਿਚ ਭੇਜੀ ਗਈ ਸੀ ਜਦੋਂਕਿ ਕੈਨੇਡਾ ਤੋਂ ਇਨ੍ਹਾਂ ਨੂੰ ਸੰਚਾਲਿਤ ਕਰਨ ਵਾਲੇ ਅਰਸ਼ਦੀਪ ਡੱਲਾ ਨੂੰ ਕੈਨੇਡਾ ਤੋਂ ਲਿਆਉਣ ਲਈ ਪੁਲਿਸ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਿਆਰੀ ਵਿਚ ਹੈ।
ਦੱਸਣਾ ਬਣਦਾ ਹੈ ਕਿ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪਿੰਡ ਭਗਵਾਨਪੁਰਾ ਤੋਂ ਸਵਿਫਟ ਕਾਰ ਨੰਬਰ ਪੀਬੀ29 ਏਡੀ 6808 ’ਚ ਸਵਾਰ ਤਿੰਨ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਕੰਵਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਕਮਲਪ੍ਰੀਤ ਵਾਸੀ ਮੋਗਾ ਵਜੋਂ ਹੋਈ ਸੀ, ਕੋਲੋਂ ਦੋ ਟਿਫਨ ਬੰਬ, ਦੋ ਹੈਂਡ ਗਰਨੇਡ ਅਤੇ ਤਿੰਨ 9 ਐੱਮਐੱਮ ਦੇ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਸਨ। ਇਹ ਲੋਕ ਕੈਨੇਡਾ ਰਹਿੰਦੇ ਅਰਸ਼ਦੀਪ ਡੱਲਾ ਨਾਮਕ ਵਿਅਕਤੀ ਦੇ ਨਿਰਦੇਸ਼ਾਂ ’ਤੇ ਇਸ ਵਿਸਫੋਟਕ ਖੇਪ ਨੂੰ ਲੈਣ ਲਈ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ ਆਏ ਸਨ ਜਿਸ ਸਬੰਧੀ ਅਗਲੇ ਨਿਰਦੇਸ਼ ਵੀ ਅਰਸ਼ ਡੱਲਾ ਵੱਲੋ ਦਿੱਤੇ ਜਾਣੇ ਸਨ। ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਤਿੰਨਾਂ ਦਾ ਦੋ ਵਾਰ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਹੈ ਅਤੇ ਹੁਣ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Comment here