ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਿੱਚ ਅੱਜ ਦੋ ਨਵੇਂ ਮੰਤਰੀਆਂ ਦੀ ਐਂਟਰੀ ਹੋਈ ਹੈ। ਮੁੱਖ ਮੰਤਰੀ ਕੇਜਰੀਵਾਲ ਸਰਕਾਰ ਨੂੰ ਸੌਰਭ ਭਾਰਦਵਾਜ ਅਤੇ ਆਤਿਸ਼ੀ ਦੇ ਰੂਪ ਵਿੱਚ ਦੋ ਨਵੇਂ ਮੰਤਰੀ ਮਿਲੇ ਹਨ। ਦੋਵਾਂ ਵਿਧਾਇਕਾਂ ਨੂੰ ਦਿੱਲੀ ਦੇ ਉਪ ਰਾਜਪਾਲ ਨੇ ਮੰਤਰੀ ਦੇ ਔਹਦੇ ਲਈ ਸਹੁੰ ਚੁਕਵਾਈ। ਦੱਸ ਦਈਏ ਕਿ ਦੋਨਾਂ ਮੰਤਰੀਆਂ ਦੀ ਨਿਯੁਕਤੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫਾ ਦਿੱਤੇ ਜਾਣ ਉਪਰੰਤ ਕੀਤੀ ਗਈ ਹੈ। ਦੋਵੇਂ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਡਿਟੋਰੀਐਮ ਵਿੱਚ ਐਲਜੀ ਵੀ ਕੇ ਸਕਸੇਨਾ ਵੱਲੋਂ ਮੰਤਰੀਆਂ ਨੂੰ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੰਤਰੀ ਮੰਡਲ ‘ਚ ਨਵੇਂ ਮੰਤਰੀਆਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਦਿੱਲੀ ਕੈਬਿਨੇਟ ‘ਚ ਲਿਆਉਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਵਿਭਾਗਾਂ ਨੂੰ ਜਲਦੀ ਤੋਂ ਜਲਦੀ ਸਹੀ ਤਰੀਕੇ ਨਾਲ ਵੰਡਿਆ ਜਾਵੇ, ਤਾਂ ਜੋ ਕਿਸੇ ਇੱਕ ਤੇ ਬੋਝ ਨਾ ਪਵੇ। ਅਤੇ ਸਾਰੇ ਵਿਭਾਗ ਸੁਚਾਰੂ ਢੰਗ ਨਾਲ ਕੰਮ ਕਰਨ। ਦੱਸ ਦਈਏ ਕਿ ਮਨੀਸ਼ ਸਿਸੋਦੀਆ ਕੋਲ ਦਿੱਲੀ ਸਰਕਾਰ ਦੇ ਕੁੱਲ 33 ਵਿਭਾਗਾਂ ਵਿੱਚੋਂ 18 ਵਿਭਾਗ ਸਨ। ਸਥਾਈ ਵਿਵਸਥਾ ਹੋਣ ਤੱਕ ਗਹਿਲੋਤ ਅਤੇ ਆਨੰਦ ਵਿਚਕਾਰ ਉਨ੍ਹਾਂ ਦੇ ਵਿਭਾਗਾਂ ਦਾ ਚਾਰਜ ਵੰਡ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਤੇਂਦਰ ਜੈਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ ਸਾਲ ਮਈ ‘ਚ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਅਗਸਤ 2022 ਵਿੱਚ ਵੀ ਜਾਂਚ ਦੇ ਘੇਰੇ ਵਿੱਚ ਆਏ ਸਨ ਜਦੋਂ ਉਨ੍ਹਾਂ ਦਾ ਨਾਮ ਆਬਕਾਰੀ ਨੀਤੀ ਘੁਟਾਲੇ ਵਿੱਚ ਸਾਹਮਣੇ ਆਇਆ ਸੀ। ਮਨੀਸ਼ ਸਿਸੋਦੀਆ ਨੂੰ 26 ਫਰਵਰੀ ਦੀ ਸ਼ਾਮ ਨੂੰ ਕੇਂਦਰੀ ਜਾਂਚ ਬਿਊਰੋ ਨੇ ਸਾਲ 2021-22 ਲਈ ਸ਼ਰਾਬ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ ਇਹ ਨੀਤੀ ਹੁਣ ਰੱਦ ਕਰ ਦਿੱਤੀ ਗਈ ਹੈ।
ਕੇਜਰੀਵਾਲ ਸਰਕਾਰ ਨੂੰ ਮਿਲੇ ਦੋ ਨਵੇਂ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ

Comment here