ਸਿਆਸਤਖਬਰਾਂ

ਕੇਜਰੀਵਾਲ ਦੀ ਪੰਜਾਬੀਆਂ ਨਾਲ ਹੈਲੋ ਹੈਲੋ..

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹੁਣ ਤੱਕ 1 ਕਰੋੜ ਤੋਂ ਵੱਧ ਪੰਜਾਬੀਆਂ ਤੱਕ ਠੇਠ ਪੰਜਾਬੀ ਵਿਚ ਹੀ ਆਪਣਾ ਸੰਦੇਸ਼ ਪਹੁੰਚਾਉਣ ’ਚ ਸਫ਼ਲ ਹੋਏ ਹਨ। ਮਾਨ ਨੇ ਕਿਹਾ ਕਿ ਫ਼ੋਨ ’ਤੇ ਆਈ.ਵੀ.ਆਰ. ਕਾਲ ਰਾਹੀਂ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦੀ ਸ਼ੁਰੂਆਤ 8 ਅਕਤੂਬਰ ਨੂੰ ਕੀਤੀ ਗਈ ਸੀ। ਲੰਘੀ 17 ਅਕਤੂਬਰ ਦਿਨ ਐਤਵਾਰ ਤੱਕ ਅਰਵਿੰਦ ਕੇਜਰੀਵਾਲ ਨੇ ਕਰੀਬ 1.38 ਕਰੋੜ ਪੰਜਾਬੀਆਂ ਨਾਲ ਸਿੱਧੀ ਗੱਲਬਾਤ ਕਰਕੇ ਨਾ ਕੇਵਲ 2022 ’ਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਭਰੋਸਾ ਦਿੱਤਾ ਹੈ, ਸਗੋਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਬਣਾਈ ਜਾ ਰਹੀ ਠੋਸ ਅਤੇ ਦੂਰਅੰਦੇਸ਼ੀ ਯੋਜਨਾ ਸਬੰਧੀ ਵੀ ਦੱਸਿਆ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਅੱਜ ਕਾਂਗਰਸ ਅਤੇ ਬਾਦਲ-ਭਾਜਪਾ ਦੀਆਂ ਲਾਅਰੇਬਾਜ਼ ਅਤੇ ਲੁਟੇਰਿਆਂ ਸਰਕਾਰਾਂ ਤੋਂ ਨਿਰਾਸ਼, ਹਿਤਾਸ਼ ਅਤੇ ਟੁੱਟ ਚੁੱਕੇ ਲੋਕ ਆਮ ਆਦਮੀ ਪਾਰਟੀ ਨੂੰ ਹੀ ਇਕੋ-ਇਕ ਉਮੀਦ ਮੰਨ ਰਹੇ ਹਨ, ਜਿਹੜੀ ਕੰਮ ਦੀ ਰਾਜਨੀਤੀ ਦੇ ਭਰੋਸੇ ਨਾਲ ਲੋਕਾਂ ਅਤੇ ਪੰਜਾਬ ਦੇ ਸੰਕਟ ਤੇ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ। ‘ਆਪ’ ਨੇਤਾਵਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਠੇਠ ਪੰਜਾਬੀ ਵਿਚ ਲੋਕਾਂ ਤੱਕ ਆਪਣੀ ਗਾਰੰਟੀ ਤੇ ਭਰੋਸਾ ਪਹੁੰਚਾ ਰਹੇ ਹਨ, ਜਿਸ ਨਾਲ ਆਮ ਆਦਮੀ ਪਾਰਟੀ ਦੀ 2022 ਵਿਚ ਸਰਕਾਰ ਬਣਨ ਦਾ ਰਸਤਾ ਪੱਧਰਾ ਹੋ ਰਿਹਾ ਹੈ।

Comment here