ਸਿਆਸਤਖਬਰਾਂਚਲੰਤ ਮਾਮਲੇ

ਕੇਜਰੀਵਾਲ ਤੇ ਭਗਵੰਤ ਮਾਨ ਦਾ ਗੁਜਰਾਤ ਚ ਰੋਡ ਸ਼ੋਅ

ਅਹਿਮਦਾਬਾਦ-ਆਮ ਆਦਮੀ ਪਾਰਟੀ ਆਪਣਾ ਸਿਆਸੀ ਦਾਇਰਾ ਵਧਾਉਣ ਲਈ ਪੂਰੀ ਸਰਗਰਮੀ ਨਾਲ ਚੱਲ ਰਹੀ ਹੈ। ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜ਼ਬਰਦਸਤ ਜਿੱਤ ਦਰਜ ਕਰਨ ਵਾਲੀ ਆਪ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਉੱਤੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ। ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ‘ਚ ਹੋਣੀਆਂ ਹਨ, ਪਰ ‘ਆਪ’ ਨੇ ਉੱਥੇ ਆਪਣਾ ਪ੍ਰਚਾਰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਸੇ ਮਿਸ਼ਨ ਤਹਿਤ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਅੱਜ ਅਹਿਮਦਾਬਾਦ ਪਹੁੰਚ ਗਏ ਹਨ। ਉਹ ਦੋ ਦਿਨ ਗੁਜਰਾਤ ‘ਚ ਰਹਿਣਗੇ ਅਤੇ ਰੋਡ ਸ਼ੋਅ ਸਮੇਤ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ।  ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ  ਸਾਬਰਮਤੀ ਆਸ਼ਰਮ ਵੀ ਗਏ ਅਤੇ ਹਜ਼ਾਰਾਂ ਪਾਰਟੀ ਸਮਰਥਕਾਂ ਨਾਲ ਰੋਡ ਸ਼ੋਅ ਕਢਿਆ, ਪਾਰਟੀ ਨੇ ਇਸ ਨੂੰ ਤਿਰੰਗਾ ਯਾਤਰਾ ਦਾ ਨਾਂ ਦਿੱਤਾ ਹੈ। ਭਲਕੇ ਉਹ ਅਹਿਮਦਾਬਾਦ ਦੇ ਸਵਾਮੀ ਨਾਰਾਇਣ ਮੰਦਰ ਦੇ ਦਰਸ਼ਨ ਕਰਨ ਵਾਲੇ ਹਨ। ਉਹ ਪਾਰਟੀ ਆਗੂਆਂ ਅਤੇ ਸਮਾਜ ਸੇਵੀਆਂ ਨਾਲ ਵੀ ਮੁਲਾਕਾਤ ਕਰਨਗੇ। ਅਰਵਿੰਦ ਕੇਜਰੀਵਾਲ ਨੇ ਪਿਛਲੇ ਸਾਲ ਗੁਜਰਾਤ ਵਿੱਚ ਸ਼ਹਿਰੀ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਰਾਜ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 182 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਦਾ ਮਨ ਬਣਾ ਲਿਆ ਹੈ। ਮਾਰਚ 2021 ਵਿੱਚ ਹੋਈਆਂ ਗੁਜਰਾਤ ਦੀਆਂ ਮਿਉਂਸਪਲ ਚੋਣਾਂ ਵਿੱਚ ‘ਆਪ’ ਨੂੰ ਕੁੱਲ 42 ਸੀਟਾਂ ਮਿਲੀਆਂ ਸਨ। ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ‘ਤੇ 1995 ਤੋਂ ਭਾਜਪਾ ਦਾ ਕਬਜ਼ਾ ਹੈ। ਆਮ ਆਦਮੀ ਪਾਰਟੀ ਨੇ ਇੱਥੇ ਪਹਿਲੀ ਵਾਰ 2017 ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਸਨ, ਪਰ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ। ਇਸ ਦੇ ਸਾਰੇ 29 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਪਾਰਟੀ ਦੇ ਪ੍ਰਮੁੱਖ ਆਗੂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਸੂਬੇ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਗਏ। ਪਰ ਇਸ ਵਾਰ ਪਾਰਟੀ ਦੇ ਤੇਵਰ ਬਦਲੇ ਹੋਏ  ਹਨ। ਦਿੱਲੀ ਵਿੱਚ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਅਤੇ ਪੰਜਾਬ ਵਿੱਚ ਕਾਂਗਰਸ ਦੀ ਸੱਤਾ ਨੂੰ ਉਖਾੜ ਸੁੱਟਣ ਤੋਂ ਬਾਅਦ ਪਾਰਟੀ ਦੇ ਹੌਸਲੇ ਬੁਲੰਦ ਹਨ, ਇਸੇ ਕਰਕੇ ਪਾਰਟੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਆਪਣੀ ਸਰਗਰਮੀ ਵਧਾ ਰਹੀ ਹੈ ਤੇ ਇਸ ਵਾਰ ਕਮਾਂਡ ਕੇਜਰੀਵਾਲ ਖੁਦ ਸੰਭਾਲ ਰਹੇ ਹਨ।

Comment here