ਰੋਹਤਕ-ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਮੁਖੀ ਗੁਰਨਾਮ ਸਿੰਘ ਚਢੂਨੀ ਕੇਂਦਰ ਸਰਕਾਰ ’ਤੇ ਵਰ੍ਹਦੇ ਹੋਏ ਨਜ਼ਰ ਆਏ। ਹਰਿਆਣਾ ਦੇ ਰੋਹਤਕ ’ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰਦਿਆਂ ਚਢੂਨੀ ਨੇ ਕਿਹਾ ਕਿ ਸਾਡੇ ਸਬਰ ਦਾ ਇਮਤਿਹਾਨ ਨਾ ਲਵੋ। ਚਢੂਨੀ ਨੇ ਇਕ ਵੀਡੀਓ ਟਵਿੱਟਰ ’ਤੇ ਸਾਂਝੀ ਕਰਦੇ ਹੋਏ ਕਿਹਾ ਕਿ ਸਰਕਾਰ ਸੋਚ ਰਹੀ ਹੈ ਕਿ ਅਸੀਂ ਡਰ ਕੇ ਧਰਨੇ ’ਤੇ ਬੈਠੇ ਹਾਂ, ਅਸੀਂ ਸਹਿਣ ਕਰ ਰਹੇ ਹਾਂ ਪਰ ਸਹਿਣਸ਼ੀਲਤਾ ਦੀ ਵੀ ਇਕ ਹੱਦ ਹੁੰਦੀ ਹੈ। ਸਾਡੇ ਸਬਰ ਦਾ ਇਮਤਿਹਾਨ ਨਾ ਲਵੋ। ਹਾਲਾਂਕਿ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਹਿੰਸਾ ਨਹੀਂ ਕਰਨੀ ਚਾਹੀਦੀ। ਸਰਕਾਰ ਡੰਡੇ ਮਾਰੇਗੀ, ਜੇਲ੍ਹਾਂ ’ਚ ਵੀ ਭੇਜੇਗੀ। ਸਰਕਾਰ ਦਾ ਹਰ ਜ਼ੁਲਮ ਸਹਾਂਗੇ, ਸਾਨੂੰ ਹੱਥ ਨਹੀਂ ਚੁੱਕਣਾ ਹੈ। ਸਰਕਾਰ ਕੋਲ ਅਜੇ ਵੀ ਇਸ ਮੁੱਦੇ ਨੂੰ ਸੁਲਝਾਉਣ ਦਾ ਸਮਾਂ ਹੈ।
ਚਢੂਨੀ ਨੇ ਹਰਿਆਣਾ ਸਰਕਾਰ ’ਤੇ ਵੀ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਈ ਲੋਕਾਂ ਦੇ ਸਿਰ ਪਾੜ ਦਿੱਤੇ। ਨਾਲ ਹੀ ਦੋਸ਼ ਲਾਇਆ ਕਿ ਸਰਕਾਰ ਕਈ ਸੌ ਲੋਕਾਂ ’ਤੇ ਮੁਕੱਦਮੇ ਦਰਜ ਕਰ ਚੁੱਕੀ ਹੈ। ਦੱਸ ਦੇਈਏ ਕਿ ਗੁਰਨਾਮ ਸਿੰਘ ਚਢੂਨੀ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਯੂਨਿਟ ਦੇ ਮੁਖੀ ਹਨ। ਉਹ ਕਿਸਾਨ ਅੰਦੋਲਨ ਦਾ ਅਹਿਮ ਚਿਹਰਾ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਜਦੋਂ ਅੰਦੋਲਨ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ’ਚ ਜੁੱਟਿਆ ਸੀ ਤਾਂ ਗੁਰਨਾਮ ਸਿੰਘ ਨੇ ਹੀ ਹਰਿਆਣਾ ਦੇ ਪਿੱਪਲੀ ਪਿੰਡ ’ਚ ਪਹਿਲੀ ਸਭਾ ਦਾ ਆਯੋਜਨ ਕੀਤਾ ਸੀ।
Comment here