ਚੰਡੀਗੜ੍ਹ-ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਬਾਰੇ ਸਿਆਸਤ ਗਰਮਾ ਗਈ ਹੈ। ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਇੱਥੇ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛੇਤੀ ਹੀ ਪੰਜਾਬ ਨੂੰ ਚੰਡੀਗੜ੍ਹ ਮਿਲਣ ਦੀ ਗੱਲ ਕਹੀ ਸੀ। ਇਸ ਦਾ ਜਵਾਬ ਦਿੰਦੇ ਹੋਏ ਹਰਿਆਣੇ ਦੇ ਕੱਦਾਵਰ ਗ੍ਰਹਿ, ਸਿਹਤ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਅਨਿਲ ਵਿਜ ਨੇ ਕੇਜਰੀਵਾਲ ਨੂੰ ਕੋਸਿਆ ਹੈ। ਵਿਜ ਨੇ ਕਿਹਾ ਹੈ ਕਿ ਕੇਜਰੀਵਾਲ ਰੋਜ਼ਾਨਾ ਖ਼ੁਦ ਤਾਂ ਭਟਕਦੇ ਹੀ ਹਨ, ਨਾਲ ਹੀ ਦੂਜਿਆਂ ਨੂੰ ਵੀ ਭਟਕਾਉਣਾ ਉਨ੍ਹਾਂ ਦਾ ਕੰਮ ਹੈ।
ਵਿਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਕਿ ਭਾਰਤ ਸਰਕਾਰ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਵਾਲੀ ਹੈ, ਉੱਪਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ ਕਿ ਕਿਤੇ ਵੀ ਕੋਈ ਅਜਿਹਾ ਫ਼ੈਸਲਾ ਨਹੀਂ ਹੈ। ਸਿਰਫ਼ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕੇਜਰੀਵਾਲ ਇਸ ਤਰ੍ਹਾਂ ਦੇ ਬਿਆਨ ਦਿੰਦੇ ਹਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕੇਜਰੀਵਾਲ ਚੰਡੀਗੜ੍ਹ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਉਨ੍ਹਾਂ ਕੋਲ ਜਾਣਕਾਰੀ ਹੈ ਕਿ ਭਾਰਤ ਸਰਕਾਰ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਵਾਲੀ ਹੈ। ਚੰਡੀਗੜ੍ਹ ਨਗਰ ਨਿਗਮ ਚੋਣ ਪ੍ਰਚਾਰ ਦੌਰਾਨ ਐਤਵਾਰ ਨੂੰ ਰੈਲੀ ਵਿਚ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪ ਦਿੱਤੇ ਜਾਣ ਦੇ ਅਰਵਿੰਦ ਕੇਜਰੀਵਾਲ ਦੇ ਚੰਡੀਗੜ੍ਹ ਰੈਲੀ ਵਿਚ ਦਿੱਤੇ ਗਏ ਬਿਆਨ ’ਤੇ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਹ ਤੰਜ ਕੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ’ਤੇ ਪੰਜਾਬ ਅਤੇ ਹਰਿਆਣਾ ਦਾ ਬਰਾਬਰ ਦਾ ਹੱਕ ਹੈ। ਕੇਜਰੀਵਾਲ ਲੋਕਾਂ ਨੂੰ ਬਹਿਕਾਉਣ ਅਤੇ ਗੁੰਮਰਾਹ ਕਰਦੇ ਰਹਿੰਦੇ ਹਨ ਅਤੇ ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਵਿਜ ਨੇ ਪੰਜਾਬ ਵਿਚ ਗਰਮਾਏ ਬੇਅਦਬੀ ਦੇ ਮਾਮਲੇ ’ਤੇ ਕਿਹਾ ਹੈ ਕਿ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਕੰਮ ਕਾਨੂੰਨ ਦਾ ਹੈ ਅਤੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ।
Comment here