ਅਪਰਾਧਸਿਆਸਤਖਬਰਾਂ

ਕੇਂਦਰ ਨੇ ਗਜ਼ਨਵੀ ਫੋਰਸ ’ਤੇ ਵੀ ਲਾਈ ਪਾਬੰਦੀ, ਰਿੰਦਾ ਨੂੰ ਅੱਤਵਾਦੀ ਐਲਾਨਿਆ

ਨਵੀਂ ਦਿੱਲੀ-ਗ੍ਰਹਿ ਮੰਤਰਾਲਾ ਦੇ ਨੋਟੀਫਿਕੇਸ਼ਨ ਅਨੁਸਾਰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਨੂੰ ਲੈ ਕੇ ਬਣਾਈ ਗਈ ‘ਜੰਮੂ ਐਂਡ ਕਸ਼ਮੀਰ ਗਜ਼ਨਵੀ ਫੋਰਸ’ (ਜੇ. ਕੇ. ਜੀ. ਐੱਫ.) ’ਤੇ ਪਾਬੰਦੀ ਲਾ ਦਿੱਤੀ। ਨਾਲ ਹੀ ਪਾਕਿਸਤਾਨ ’ਚ ਰਹਿ ਰਹੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ ਵੀ ਅੱਤਵਾਦੀ ਐਲਾਨ ਦਿੱਤਾ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲਾ ਅਨੁਸਾਰ ਜੇ. ਕੇ. ਜੀ. ਐੱਫ. ਜੰਮੂ-ਕਸ਼ਮੀਰ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ, ਨਸ਼ੇ ਵਾਲੇ ਪਦਾਰਥਾਂ ਤੇ ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀ ਹਮਲਿਆਂ ਅਤੇ ਸੁਰੱਖਿਆ ਫੋਰਸਾਂ ਨੂੰ ਨਿਯਮਤ ਧਮਕੀਆਂ ਦੇਣ ਵਿਚ ਸ਼ਾਮਲ ਰਿਹਾ ਹੈ।
ਇਹ ਸੰਗਠਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰਤ ਵਿਰੁੱਧ ਅੱਤਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਲਈ ਉਕਸਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਵੀ ਕਰ ਰਿਹਾ ਹੈ। ਜੇ. ਕੇ. ਜੀ. ਐੱਫ. ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਉਲ-ਮੁਜਾਹਿਦੀਨ, ਹਰਕਤ-ਉਲ-ਜੇਹਾਦ-ਏ-ਇਸਲਾਮੀ ਅਤੇ ਹੋਰ ਅੱਤਵਾਦੀ ਸੰਗਠਨਾਂ ਦੇ ਅੱਤਵਾਦੀਆਂ ਨੂੰ ਸ਼ਾਮਲ ਕਰ ਰਿਹਾ ਹੈ। ਨੋਟੀਫਿਕੇਸ਼ਨ ਅਨੁਸਾਰ ਜੇ. ਕੇ. ਜੀ. ਐੱਫ. ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ (ਯੂ. ਏ. ਪੀ. ਏ.) ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਕ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ। ਪਾਕਿਸਤਾਨ ’ਚ ਰਹਿ ਰਹੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ 2021 ਵਿਚ ਪੰਜਾਬ ਪੁਲਸ ਦੇ ਖੁਫੀਆ ਹੈੱਡਕੁਆਰਟਰ ’ਤੇ ਹਮਲੇ ਦੇ ਸਾਜ਼ਿਸ਼ਕਰਤਾਵਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇੰਟਰਪੋਲ ਨੇ ਉਸ ਖਿਲਾਫ ‘ਰੈੱਡ ਕਾਰਨਰ ਨੋਟਿਸ’ ਵੀ ਜਾਰੀ ਕੀਤਾ ਸੀ।ਗ੍ਰਹਿ ਮੰਤਰਾਲਾ ਨੇ ਕਿਹਾ ਕਿ ਹਰਵਿੰਦਰ ਸਿੰਘ ਸੰਧੂ ਦੇ ਪਾਕਿਸਤਾਨ ਸਥਿਤ ਅੱਤਵਾਦੀ ਗਰੁੱਪਾਂ ਨਾਲ ਸਿੱਧੇ ਸਬੰਧ ਹਨ। ਉਹ ਵੱਡੇ ਪੱਧਰ ’ਤੇ ਨਸ਼ੇ ਵਾਲੇ ਪਦਾਰਥਾਂ ਤੋਂ ਇਲਾਵਾ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਰਹੱਦ ਪਾਰ ਤੋਂ ਸਮਗਲਿੰਗ ’ਚ ਸ਼ਾਮਲ ਹੈ।
ਮੰਤਰਾਲਾ ਨੇ ਕਿਹਾ ਕਿ ਉਹ ਪੰਜਾਬ, ਮਹਾਰਾਸ਼ਟਰ, ਹਰਿਆਣਾ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਫਿਰੌਤੀ ਵਰਗੀਆਂ ਵੱਖ-ਵੱਖ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ। ਉਹ ਸਰਕਾਰ ਵੱਲੋਂ ਅੱਤਵਾਦੀ ਐਲਾਨਿਆ ਜਾਣ ਵਾਲਾ 54ਵਾਂ ਵਿਅਕਤੀ ਹੈ। ਮੰਤਰਾਲਾ ਨੇ ਕਿਹਾ ਕਿ ਇਸ ਅੱਤਵਾਦੀ ਗਰੁਪ ਨੇ ਦੇਸ਼ ’ਚ ਅੱਤਵਾਦ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜੇ. ਕੇ. ਜੀ. ਐੱਫ. ਅੱਤਵਾਦ ਵਿਰੋਧੀ ਕਾਨੂੰਨ ਤਹਿਤ ਪਾਬੰਦੀਸ਼ੁਦਾ 43ਵਾਂ ਗਰੁਪ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਦੋ ਪ੍ਰਾਕਸੀ ਸੰਗਠਨਾਂ ’ਤੇ ਪਾਬੰਦੀ ਲਾ ਦਿੱਤੀ ਸੀ। 4 ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ ਗਿਆ ਸੀ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਟੀ.ਆਰ.ਐਫ. ਅੱਤਵਾਦੀ ਸਰਗਰਮੀਆਂ ਨੂੰ ਅੱਗੇ ਵਧਾਉਣ, ਅੱਤਵਾਦੀਆਂ ਦੀ ਭਰਤੀ ਕਰਨ, ਅੱਤਵਾਦੀਆਂ ਦੀ ਘੁਸਪੈਠ ਕਰਨ ਅਤੇ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਲਈ ਆਨਲਾਈਨ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਸ਼ਾਮਲ ਕਰ ਰਿਹਾ ਹੈ। ਪਾਕਿਸਤਾਨ ਸਥਿਤ ਅੱਤਵਾਦੀ ਗਰੁਪ ਲਸ਼ਕਰ-ਏ-ਤੋਇਬਾ ਦੇ ਪ੍ਰਾਕਸੀ ਸੰਗਠਨ ‘ਦਿ ਰੇਸਿਸਟੈਂਸ ਫਰੰਟ (ਟੀ.ਆਰ.ਐਫ.) ਨੂੰ 5 ਜਨਵਰੀ ਨੂੰ ਪਾਬੰਦੀਸ਼ੁਦਾ ਗਰੁਪ ਐਲਾਨਿਆ ਗਿਆ ਸੀ।

Comment here