ਫਿਰੋਜ਼ਪੁਰ-ਇਥੋਂ ਦੀ ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਦੀ ਖਬਰ ਸਾਹਮਣੇ ਆਈ ਹੈ। ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਸ਼ਾਮਲ ਮੁਲਜ਼ਮ ਜੇਲ੍ਹ ਵਿੱਚ ਆਪਸ ਵਿੱਚ ਭਿੜ ਗਏ। ਗੈਂਗਵਾਰ ਵਿੱਚ ਮਨਦੀਪ ਸਿੰਘ ਤੁਫ਼ਾਨ ਵਾਸੀ ਸੁੰਦਰ ਨਗਰ ਬਟਾਲਾ ਦੀ ਮੌਤ ਹੋ ਗਈ ਹੈ ਅਤੇ ਦੂਜਾ ਗੈਂਗਸਟਰ ਮਨਮੋਹਣ ਸਿੰਘ ਮੋਹਣਾ ਪੁਤਰ ਦਰਸਨ ਸਿੰਘ ਵਾਸੀ ਬੁਢਲਾਡਾ ਦੀ ਮੋਤ ਹੋ ਗਈ ਹੈ ਅਤੇ ਤੀਜਾ ਗੈਂਗਸਟਰ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿਡਾ ਜ਼ਖਮੀ ਹਾਲਤ ਵਿਚ ਹੈ, ਜਿਸ ਨੂੰ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਤਿੰਨਾਂ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਮਨਦੀਪ ਸਿੰਘ ਤੂਫਾਨ ਦੀ ਜੇਲ੍ਹ ਵਿੱਚ ਕਿਸੇ ਗੱਲ ਨੂੰ ਲੈ ਕੇ ਕੈਦੀਆਂ ਨਾਲ ਝਗੜਾ ਹੋਇਆ ਸੀ। ਇਸ ਤੋਂ ਬਾਅਦ ਕੈਦੀਆਂ ਨੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਝੜਪ ਵਿੱਚ ਤਿੰਨ ਤੋਂ ਚਾਰ ਹੋਰ ਕੈਦੀ ਵੀ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਜ਼ਿਕਰਯੋਗ ਹੈ ਕਿ ਮਾਰੇ ਗਏ ਦੋ ਗੈਂਗਸਟਰ ਮਨਦੀਪ ਅਤੇ ਮਨਮੋਹਨ ਦੋਵੇਂ ਲੰਬੇ ਸਮੇਂ ਤੋਂ ਲਾਰੈਂਸ ਗਰੁੱਪ ਨਾਲ ਕੰਮ ਕਰ ਰਹੇ ਸਨ, ਉਹ ਜੱਗੂ ਭਗਵਾਨਪੁਰੀਆ ਲਈ ਹਥਿਆਰਾਂ ਦੀ ਸਪਲਾਈ ਅਤੇ ਕਈ ਲੋਜਿਸਟਿਕ ਸਮਾਨ ਮੁਹੱਈਆ ਕਰਵਾਉਣ ਦਾ ਕੰਮ ਕਰਦੇ ਸਨ।
ਦੱਸ ਦਈਏ ਕਿ ਮਨਦੀਪ ਸਿੰਘ ਤੂਫਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਸੀ। ਮਨਦੀਪ ਤੂਫਾਨ ਨੂੰ ਪੁਲਿਸ ਨੇ ਗੈਂਗਸਟਰ ਮਨੀ ਰਈਆ ਸਮੇਤ ਗ੍ਰਿਫਤਾਰ ਕੀਤਾ ਸੀ। ਤੂਫਾਨ ਨੂੰ ਤਰਨਤਾਰਨ ਦੇ ਥਾਣਾ ਵੈਰੋਵਾਲ ਅਧੀਨ ਪੈਂਦੇ ਪਿੰਡ ਖੱਖ ਤੋਂ ਕਾਬੂ ਕੀਤਾ ਗਿਆ ਸੀ।
ਗੈਂਗਸਟਰ ਮਨਦੀਪ ਤੂਫਾਨ ਜੱਗੂ ਭਗਵਾਨਪੁਰੀਆ ਗੈਂਗ ਦਾ ਸ਼ਾਰਪ ਸ਼ੂਟਰ ਸੀ। ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਤੋਂ ਬਾਅਦ ਮੂਸੇਵਾਲਾ ਕਤਲ ਕੇਸ ‘ਚ ਉਸ ਦਾ ਨਾਂ ਸਾਹਮਣੇ ਆਇਆ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਪੁਲੀਸ ਨੇ ਕੁਝ ਸਮਾਂ ਪਹਿਲਾਂ ਲੁਧਿਆਣਾ ਵਿੱਚ ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਅਤੇ ਮਨੀ ਰਈਆ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦੋਵੇਂ ਗੈਂਗਸਟਰ ਸੰਦੀਪ ਕਾਹਲੋਂ ਦੇ ਕਾਫੀ ਕਰੀਬੀ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ।
Comment here