ਸਿਆਸਤਖਬਰਾਂ

ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ‘ ਰੇਡੀਓ ਉਜਾਲਾ’ ਦੀ ਸ਼ੁਰੂਆਤ

ਵਧੀਕ ਡੀ.ਜੀ.ਪੀ. ਪੀ.ਕੇ. ਸਿਨਹਾ ਨੇ ਕੀਤਾ ਉਦਘਾਟਨ

ਜੇਲ੍ਹ ਬੰਦੀ ਰੋਜ਼ਾਨਾ 3-4 ਘੰਟੇ ਕਰਨਗੇ ਪ੍ਰੋਗਰਾਮਾਂ ਦਾ ਪ੍ਰਸਾਰਣ

ਕਪੂਰਥਲਾ-ਪੰਜਾਬ ਸਰਕਾਰ ਵਲੋਂ ਜੇਲ੍ਹ ਸੁਧਾਰਾਂ ਦੀ ਲੜੀ ਤਹਿਤ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਅੱਜ ‘ਰੇਡੀਓ ਉਜਾਲਾ’ ਦੀ ਸ਼ੁਰੂਆਤ ਵਧੀਕ ਡੀ.ਜੀ.ਪੀ. ਜੇਲ੍ਹਾਂ ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਵਲੋਂ ਕੀਤੀ ਗਈ, ਜਿਸਨੂੰ ਜੇੇਲ੍ਹ ਦੇ ਬੰਦੀਆਂ ਵਲੋਂ ਹੀ ਚਲਾਇਆ ਜਾਵੇਗਾ। ਰੇਡੀਓ ਉਜਾਲਾ ਲਈ ਪੂਰਾ ਅਤਿ ਆਧੁਨਿਕ ਸਟੂਡੀਓ ਵੀ ਤਿਆਰ ਕੀਤਾ ਗਿਆ ਹੈ, ਜਿਸ ਵਿਚ ਮਹਾਨ ਗਾਇਕਾਂ ਲਤਾ ਮੰਗੇਸ਼ਕਰ, ਗਜ਼ਲ ਗਾਇਕ ਜਗਜੀਤ ਸਿੰਘ, ਮੁਹੰਮਦ ਰਫੀ ਵਰਗੇ ਮਹਾਨ ਫਨਕਾਰਾਂ ਦੇ ਚਿੱਤਰ ਵੀ ਲਗਾਏ ਗਏ ਹਨ।  ਅੱਜ ਕੇਂਦਰੀ ਜੇਲ੍ਹ ਵਿਖੇ ਸੁਰਿੰਦਰ ਸਿੰਘ ਸੈਣੀ ਡੀ.ਆਈ.ਜੀ. ਹੈਡਕੁਆਟਰ, ਅਮਨੀਤ ਕੌਂਡਲ ਡੀ.ਆਈ.ਜੀ. ਹੈਡਕੁਆਟਰ ਸਮੇਤ ਇਸਦੀ ਸ਼ੁਰੂਆਤ ਕਰਨ ਮੌਕੇ ਵਧੀਕ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਦੀਆਂ 6 ਜੇਲ੍ਹਾਂ ਅੰਦਰ ‘ ਰੇਡੀਓ ਉਜਾਲਾ’ ਸ਼ੁਰੂ ਕੀਤੇ ਗਏ ਹਨ , ਜਿਨ੍ਹਾਂ ਉਪਰ ਬੰਦੀ ਰੋਜ਼ਾਨਾ 3 ਤੋਂ 4 ਘੰਟੇ ਤੱਕ ਪ੍ਰੋਗਰਾਮ ਪੇਸ਼ ਕਰਨਗੇ। ਇਹ ਪ੍ਰੋਗਰਾਮ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਵਿਸ਼ਿਆਂ ਨਾਲ ਸਬੰਧਿਤ ਹੋਣਗੇ ਅਤੇ  ਬੰਦੀ ਹੀ ਆਪਣੇ ਸ਼ੌਂਕ, ਹੁਨਰ ਤੇੇ ਕਲਾ ਦੇ ਅਨੁਸਾਰ ਅਨਾਉਂਸਰ, ਰੇਡੀਓ ਜਾਕੀ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਲੋਕ ਇਕ ਵਾਰ ਕੀਤੀ ਗਲਤੀ ਨਾਲ ਜੇਲ੍ਹ ਵਿਚ ਆ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਸੁਧਾਰਕੇ ਦੁਬਾਰਾ ਮੁੱਖ ਧਾਰਾ ਵਿਚ ਲਿਆਕੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਭਾਗੀਦਾਰ ਬਣਾਉਣ ਦੇ ਮਕਸਦ ਨਾਲ ‘ਰੇਡੀਓ ਸਰਵਿਸ ਸ਼ੁਰੂ ਕੀਤੀ ਗਈ ਹੈ। ਇਹ ਰੇਡੀਓ ਸੇਵਾ ਇੰਡੀਆ ਵਿਜ਼ਨ ਫਾਊਂਡੇਸ਼ਨ ਤੇ ਐਚ ਆਰ ਟੂਲਜ਼ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਹੈ। ਜੇਲ੍ਹ ਦੇ ਸਾਰੇ ਵਾਰਡਾਂ ਤੇ ਬੈਰਕਾਂ ਨੂੰ ਰੇਡੀਓ ਨਾਲ ਜੋੜਨ ਲਈ ਸਪੀਕਰ ਲਗਾਏ ਗਏ ਹਨ। ਸ਼੍ਰੀ ਸਿਨਹਾ ਨੇ ਇਹ ਵੀ ਕਿਹਾ ਕਿ ਬੰਦੀਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਰਿਕਾਰਡਿੰਗ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਣ ਸਬੰਧੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਅੱਜ ਕਪੂਰਥਲਾ ਜੇਲ੍ਹ ਵਿਖੇ ਰੇਡੀਓ ਉਜਾਲਾ ਦੀ ਸ਼ੁਰੂਆਤ ਵੇਲੇ ਪਹਿਲਾ ਪ੍ਰੋਗਰਾਮ ਰੇਡੀਓ ਜਾਕੀ ਮੇਘਨਾ ਤੇ ਲਖਵਿੰਦਰ ਸਿੰਘ ਨੇ ਪ੍ਰੋਗਰਾਮ ਪੇਸ਼ ਕੀਤਾ। ਇਸ ਤੋਂ ਇਲਾਵਾ ਬੰਦੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਐਸ.ਐਸ.ਪੀ. ਕਪੂਰਥਲਾ ਦੀ ਤਰਫੋਂ ਐਸ ਪੀ ਜਗਜੀਤ ਸਿੰਘ ਸਰੋਆ, ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਨੇ ਸ੍ਰੀ ਸਿਨਹਾ ਤੇ ਹੋਰ ਉੱਚ ਅਧਿਕਾਰੀਆਂ ਦਾ ਸਵਾਗਤ ਕੀਤਾ ਤੇ ਪੰਜਾਬ ਪੁਲਿਸ ਦੀ ਇਕ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਐਚ.ਆਰ. ਗਰੁੱਪ ਦੇ ਐਮ.ਡੀ. ਸੁਦਰਸ਼ਨ ਸ਼ਰਮਾ, ਵਿਨੈ ਗੁਪਤਾ, ਰਾਜੀਵ ਗੁਪਤਾ, ਸਹਾਇਕ ਜੇੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਵੀ ਹਾਜ਼ਰ ਸਨ।

 

Comment here