ਬਾਲ ਵਰੇਸ

ਕੂ ਕੂ ਕੂਕਣ ਵਾਲਾ ਬਰਸਾਤੀ ਪਪੀਹਾ

ਚਮਕਦਾਰ ਕਾਲੇ ਅਤੇ ਸਫ਼ੈਦ ਰੰਗ ਦਾ ਇਕ ਕੋਇਲ ਜਾਤੀ ਦਾ ਬਹੁਤ ਹੀ ਸੋਹਣਾ ਪੰਛੀ ਹੈ ਬਰਸਾਤੀ ਪਪੀਹਾ । ਇਹ ਆਪਣੇ ਸੁੰਦਰ ਸਰੂਪ ਲਈ ਜਾਣਿਆ ਜਾਂਦਾ ਹੈ। ਉੱਤਰੀ ਅਫ਼ਰੀਕਾ ਤੋਂ ਲੈ ਕੇ ਹਿਮਾਲੀਆ ਦੇ ਹੇਠਲੇ ਹਿੱਸਿਆਂ ਤੱਕ ਦੇਖੇ ਜਾਣ ਵਾਲੇ ਇਸ ਮੱਧਮ ਆਕਾਰ ਦੇ ਪੰਛੀ ਦਾ ਸਰੀਰ ਪਤਲਾ ਤੇ ਲੰਬਾ ਹੁੰਦਾ ਹੈ। ਇਸ ਦਾ ਸਿਰ ਕਾਲੇ ਰੰਗ ਦਾ ਤੇ ਗਰਦਨ ਸਫ਼ੈਦ ਹੁੰਦੀ ਹੈ। ਕਾਲੇ ਰੰਗ ਦੇ ਖੰਭਾਂ ‘ਤੇ ਸਫ਼ੈਦ ਧੱਬੇ ਤੇ ਸਿਰ ਉਤੇ ਵੱਡੀ ਜਿਹੀ ਕਾਲੇ ਰੰਗ ਦੀ ਕਲਗੀ ਹੁੰਦੀ ਹੈ, ਜੋ ਕਿ ਬਹੁਤ ਸੋਹਣੀ ਲਗਦੀ ਹੈ। ਇਸ ਦੀ ਪੂਛ ਕਾਫੀ ਲੰਬੀ ਤੇ ਕਾਲੀ ਹੁੰਦੀ ਹੈ। ਕਈ ਵਾਰ ਇਹ ਇਕੱਲੇ ਜਾਂ ਜੋੜੇ ਦੇ ਰੂਪ ਵਿਚ ਬਾਹਰਲੇ ਇਲਾਕਿਆਂ ‘ਚ ਦਰੱਖਤਾਂ ਜਾਂ ਤਾਰਾਂ ‘ਤੇ ਬੈਠੇ ਨਜ਼ਰ ਆਉਂਦੇ ਹਨ। ਇਹ ਦਰੱਖਤਾਂ ‘ਤੇ ਰਹਿਣ ਵਾਲਾ ਪੰਛੀ ਹੈ ਤੇ ਜ਼ਮੀਨ ‘ਤੇ ਬਹੁਤ ਘੱਟ ਹੀ ਬੈਠਦਾ ਹੈ।
ਸਾਡੇ ਇਲਾਕੇ ‘ਚ ਇਹ ਪੰਛੀ ਗਰਮੀਆਂ ਦੇ ਮੌਸਮ ਦੇ ਅਖੀਰ ‘ਚ ਆਉਂਦਾ ਹੈ ਤੇ ਇਸ ਨੂੰ ਬਾਰਿਸ਼ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਦੋਂ ਇਹ ਪੰਛੀ ਦਿਸਣ ਲੱਗੇ ਤਾਂ ਉਦੋਂ ਮੀਂਹ ਦੇ ਆਸਾਰ ਪੈਦਾ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਬਰਸਾਤੀ ਹਵਾਵਾਂ ਦੇ ਅੱਗੇ-ਅੱਗੇ ਉੱਡਦੇ ਹਨ। ਜ਼ਿਆਦਾਤਰ ਇਹ ਪੰਛੀ ਹੇਠਲੇ ਤੇ ਸੁੱਕੇ ਇਲਾਕਿਆਂ ‘ਚ ਹੀ ਦਿਖਾਈ ਦਿੰਦਾ ਹੈ। ਖੁਰਾਕ ‘ਚ ਜ਼ਿਆਦਾਤਰ ਕੀੜੇ ਹੀ ਖਾਂਦੇ ਹਨ। ਇਹ ਛੋਟੇ ਕੀੜੇ, ਟਿੱਡੀਆਂ ਜਾਂ ਜ਼ਮੀਨ ਤੋਂ ਸੁੰਡੀਆਂ ਫੜ ਕੇ ਖਾਂਦੇ ਹਨ। ਇਸ ਤੋਂ ਇਲਾਵਾ ਇਹ ਫਲ ਵੀ ਖਾਂਦੇ ਹਨ।
ਹੋਰਨਾਂ ਕੋਇਲ ਜਾਤੀ ਦੇ ਪੰਛੀਆਂ ਵਾਂਗ ਇਹ ਵੀ ਆਲ੍ਹਣਾ ਨਹੀਂ ਬਣਾਉਂਦੇ ਤੇ ਮਾਦਾ ਹੋਰਨਾਂ ਪੰਛੀਆਂ ਦੇ ਆਲ੍ਹਣੇ ‘ਚ ਚੁਪਕੇ-ਚੁਪਕੇ ਆਂਡੇ ਦੇ ਆਉਂਦੀ ਹੈ। ਮਾਦਾ ਜ਼ਿਆਦਾਤਰ ਸਵੇਰ ਵੇਲੇ ਜਦੋਂ ਮੇਜ਼ਬਾਨ ਪੰਛੀ ਭੋਜਨ ਦੀ ਤਲਾਸ਼ ਵਿਚ ਜਾਂਦੇ ਹਨ, ਉਸ ਵੇਲੇ ਕਾਹਲੀ-ਕਾਹਲੀ ਜਾ ਕੇ ਉਸ ਦੇ ਆਲ੍ਹਣੇ ‘ਚ ਆਂਡੇ ਦੇ ਆਉਂਦੀ ਹੈ। ਜਿਸ ਸਮੇਂ ਮਾਦਾ ਆਂਡੇ ਦੇਣ ਜਾਂਦੀ ਹੈ ਤਾਂ ਨਰ ਮੇਜ਼ਬਾਨ ਪੰਛੀ ਦਾ ਧਿਆਨ ਭਟਕਾ ਕੇ ਉਸ ਨੂੰ ਆਲ੍ਹਣੇ ਤੋਂ ਦੂਰ ਰੱਖਦਾ ਹੈ। ਸਾਡੇ ਇਲਾਕੇ ‘ਚ ਇਸ ਨੂੰ ਜੰਗਲੀ ਸ਼ੇਰੜੀ ਜਾਂ ਬੁਲਬੁਲ ਵਰਗੇ ਪੰਛੀਆਂ ਦੇ ਆਲ੍ਹਣੇ ‘ਚ ਆਂਡੇ ਦਿੰਦੇ ਵੇਖਿਆ ਗਿਆ ਹੈ ਕਿਉਂਕਿ ਇਨ੍ਹਾਂ ਪੰਛੀਆਂ ਦੇ ਆਂਡੇ ਵੀ ਬਰਸਾਤੀ ਪਪੀਹੇ ਵਾਂਗ ਨੀਲੇ ਰੰਗ ਦੇ ਹੁੰਦੇ ਹਨ। ਇਕ ਆਲ੍ਹਣੇ ‘ਚ ਇਹ ਇਕ ਤੋਂ ਵੱਧ ਆਂਡੇ ਦਿੰਦੀ ਹੈ ਤੇ ਇਸ ਦੇ ਬੱਚੇ ਆਕਾਰ ‘ਚ ਵੱਡੇ ਹੋਣ ਕਰਕੇ ਮੇਜ਼ਬਾਨ ਪੰਛੀ ਵਲੋਂ ਲਿਆਂਦੇ ਗਏ ਭੋਜਨ ਦਾ ਜ਼ਿਆਦਾ ਹਿੱਸਾ ਖਾ ਜਾਂਦੇ ਹਨ। ਇਸ ਦੇ ਸੰਸਕ੍ਰਿਤ ਨਾਮ ਚਾਤਕ ਦਾ ਵੇਰਵਾ ਪੁਰਾਤਨ ਕਵਿਤਾਵਾਂ ‘ਚ ਮਿਲਦਾ ਹੈ।

-ਮਨੀਸ਼ ਅਹੂਜਾ

Comment here